ਗੱਲ ਘਰ ਵਾਪਸੀ ਤੱਕ ਸੀਮਤ ਨਹੀਂ
ਲਾਕ ਡਾਊਨ ਦੌਰਾਨ ਆਪਣੇ ਬਿਮਾਰ ਪਿਤਾ ਨੂੰ ਸਾਈਕਲ ‘ਤੇ ਦਿੱਲੀ ਤੋਂ ਬਿਹਾਰ ਦੇ ਦਰਭੰਗਾ ਤੱਕ 1200 ਕਿਲੋਮੀਟਰ ਦਾ ਸਫ਼ਰ ਕਰਕੇ ਘਰ ਪਹੁੰਚਾਉਣ ਵਾਲੀ ਜੋਤੀ ਦੇ ਚਰਚੇ ਪੂਰੀ ਦੁਨੀਆ ‘ਚ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਵੀ ਇਸ ਬਹਾਦਰ ਲੜਕੀ ਤੋਂ ਪ੍ਰਭਾਵਿਤ ਹੋਈ ਹੈ ਆਪਣੇ ਪਿਤਾ ਲਈ ਸਰਵਣ ਕੁਮਾਰ ਬਣੀ ਜੋਤੀ ਨੂੰ ਭਾਵੇਂ ਇੱਕ ਹਿੰਮਤੀ, ਦਲੇਰ ਤੇ ਹੌਂਸਲੇ ਵਾਲੀ ਸ਼ਖਸੀਅਤ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ
ਪਰ ਇਹ ਸਿਰਫ ਬਹਾਦਰੀ ਦੀ ਨਹੀਂ ਸਗੋਂ ਲਾਚਾਰੀ ਤੇ ਮਾੜੇ ਸਿਆਸੀ ਪ੍ਰਬੰਧਾਂ ਦੀ ਵੀ ਮਿਸਾਲ ਹੈ ਇਹ ਘਟਨਾ ਚੱਕਰ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਮਜ਼ਦੂਰਾਂ ਦੀ ਘਰ ਵਾਪਸੀ ਦੇ ਪ੍ਰਬੰਧਾਂ ਦੇ ਦਾਅਵਿਆਂ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕੇਂਦਰ ਨੇ 20 ਲੱਖ ਕਰੋੜ ਦਾ ਪੈਕੇਜ ਐਲਾਨਿਆ ਹੈ ਵਿੱਤੀ ਸ਼ਬਦਾਵਲੀ ‘ਚ ਇਹ ਵੱਡਾ ਐਲਾਨ ਹੈ
ਪਰ ਇਹ ਪੈਕੇਜ਼ ਪੈਦਲ ਜਾਂ ਪੁਰਾਣੇ ਸਾਈਕਲਾਂ ‘ਤੇ ਘਰਾਂ ਨੂੰ ਜਾ ਰਹੇ ਲੱਖਾਂ ਮਜ਼ਦੂਰਾਂ ਦੇ ਸੰਕਟ ‘ਚ ਤੁਰਤ-ਫੁਰਤ ਕੋਈ ਰਾਹਤ ਦੇਣ ‘ਚ ਕਾਮਯਾਬ ਨਹੀਂ ਹੋ ਸਕਿਆ ਕੇਂਦਰ ਤੇ ਸੂਬਿਆਂ ਦੀ ਸਿਆਸੀ ਲੜਾਈ ਨਾਲ ਵੀ ਮਜ਼ਦੂਰਾਂ ਦਾ ਦਰਦ ਵਧਿਆ ਹੈ ਮਾਮਲਾ ਸਿਰਫ ਘਰ ਵਾਪਸੀ ਦਾ ਨਹੀਂ ਸਗੋਂ ਘਰ ਪਹੁੰਚਣ ਤੋਂ ਬਾਅਦ ਦਾ ਵੀ ਹੈ ਜਦੋਂ ਪੰਜਾਬ ਵਰਗੇ ਰੱਜੇ-ਪੁੱਜੇ ਸੂਬੇ ਅੰਦਰ ਵੀ ਗਰੀਬ ਲੋਕ ਇਹ ਦੋਸ਼ ਲਾ ਰਹੇ ਹਨ ਕਿ ਸਰਕਾਰੀ ਰਾਸ਼ਨ ਵੰਡਣ ਵੇਲੇ ਉਹਨਾਂ ਨਾਲ ਸਿਆਸੀ ਵਿਤਕਰਾ ਹੋ ਰਿਹਾ ਹੈ ਤਾਂ ਬਿਹਾਰ, ਬੰਗਾਲ, ਝਾਰਖੰਡ ਵਰਗੇ ਸੂਬਿਆਂ ਦੇ ਪ੍ਰਵਾਸੀ ਮਜ਼ਦੂਰ ਲਾਕ ਡਾਊਨ ਤੇ ਉਸ ਤੋਂ ਮਗਰੋਂ ਪੈਦਾ ਹੋਣ ਵਾਲੇ ਹਾਲਾਤਾਂ ਨਾਲ ਕਿਵੇਂ ਨਜਿੱਠਣਗੇ,
ਉਹਨਾਂ ਦੇ ਰਾਸ਼ਨ-ਪਾਣੀ ਤੇ ਰੁਜ਼ਗਾਰ ਦਾ ਪ੍ਰਬੰਧ ਕਿਵੇਂ ਹੋਵੇਗਾ, ਇਹ ਸਵਾਲ ਬੜਾ ਗੰਭੀਰ ਹੈ ਅਜੇ ਤਾਈਂ ਕਈ ਸੂਬਿਆਂ ‘ਚ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਗਰੀਬਾਂ ਨੂੰ ਅਨਾਜ ਵੰਡਣ ਸਬੰਧੀ ਸਕੀਮਾਂ ਦਰਮਿਆਨ ਹੀ ਤਾਲਮੇਲ ਨਹੀਂ ਬੈਠ ਰਿਹਾ ਹੈ ਸਰਕਾਰੀ ਕੰਮਾਂ ‘ਚ ਢਿੱਲੀ ਰਫ਼ਤਾਰ ਲਾਪਰਵਾਹੀ ਤੇ ਗੈਰ-ਜ਼ਿੰਮੇਵਾਰ ਰਵੱਈਆ ਜ਼ਰੂਰਤਮੰਦਾਂ ਦੇ ਦਰਦ ਨੂੰ ਹੋਰ ਵਧਾ ਸਕਦਾ ਹੈ
ਲਾਕ ਡਾਊਨ ਦਾ ਅਸਰ ਲਾਕ ਡਾਊਨ ਦੇ ਖਤਮ ਹੋਣ ‘ਤੇ ਹੀ ਖ਼ਤਮ ਨਹੀਂ ਹੋ ਜਾਣਾ ਇਸ ਦਾ ਅਸਰ ਕਈ ਸਾਲਾਂ ਤੱਕ ਰਹਿ ਸਕਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸਿਆਸੀ ਖਹਿਬਾਜ਼ੀ ਛੱਡ ਕੇ ਗਰੀਬਾਂ ਨੂੰ ਫੌਰੀ ਰਾਹਤ ਦੇਣ ਦੇ ਨਾਲ-ਨਾਲ ਉਹਨਾਂ ਦੇ ਭਵਿੱਖ ਬਾਰੇ ਵੀ ਬਣਾਈਆਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨਾ ਪਵੇਗਾ ਮੌਜ਼ੂਦਾ ਹਾਲਾਤਾਂ ‘ਚ ਮੱਧ ਵਰਗ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ ਕਿਉਂਕਿ ਬਜ਼ਾਰ ਖੁੱਲ੍ਹੇ ਹਨ ਪਰ ਗਾਹਕ ਨਹੀਂ ਹੈ ਲੋਕਾਂ ਨੇ ਘਰੇਲੂ ਬਜਟ ਛਾਂਗ ਦਿੱਤੇ ਹਨ ਮਰੀਜ਼ਾਂ ਦੀ ਗਿਣਤੀ ਸਵਾ ਲੱਖ ਤੋਂ ਪਾਰ ਹੋਣ ਦੇ ਬਾਵਜੂਦ ਸਰਕਾਰ ਆਰਥਿਕਤਾ ਦਾ ਪਹੀਆ ਘੁੰਮਾਉਣ ਲਈ ਰੇਲਾਂ, ਬੱਸਾਂ ਦੇ ਨਾਲ-ਨਾਲ ਹਵਾਈ ਸਫਰ ਲਈ ਤਿਆਰ ਹੈ ਸਰਕਾਰ ਨੂੰ ਗਰੀਬ ਲੋਕਾਂ ਲਈ ਫੌਰੀ ਰਾਹਤ ਦੇਣ ‘ਚ ਦੇਰੀ ਨਹੀਂ ਕਰਨੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।