ਮਾਫ਼ੀਆ ਹੀ ਨਹੀਂ, ਸ਼ਰਾਬ ਵੀ ਖ਼ਤਮ ਹੋਵੇ

ਮਾਫ਼ੀਆ ਹੀ ਨਹੀਂ, ਸ਼ਰਾਬ ਵੀ ਖ਼ਤਮ ਹੋਵੇ

ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਰਾਬ ਖਰੀਦਣ ਵਾਲੇ ਨੌਜਵਾਨਾਂ ਦੀ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕਰ ਦਿੱਤੀ ਹੈ ਸਰਕਾਰ ਦਾ ਇਸ ਪਿੱਛੇ ਤਰਕ ਇਹ ਹੈ ਕਿ ਇਸ ਨਾਲ ਸ਼ਰਾਬ ਮਾਫ਼ੀਆ ਕਾਬੂ ਹੇਠ ਆਵੇਗਾ ਤੇ ਸਰਕਾਰ ਨੂੰ ਇੱਕ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਆਮਦਨ ਜ਼ਿਆਦਾ ਹੋਵੇਗੀ ਇਸ ਪਿੱਛੇ ਸਰਕਾਰ ਦਾ ਇਹ ਤਰਕ ਵੀ ਹੋ ਸਕਦਾ ਹੈ ਕਿ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਸ਼ਰਾਬ ਖਰੀਦਣ ਵਾਲੇ ਦੀ ਉਮਰ ਹੱਦ 21 ਸਾਲ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਸਰਕਾਰ ਖਜ਼ਾਨੇ ’ਚ ਪੈਸਾ ਵਧਾਉਣ ਲਈ ਨੌਜਵਾਨਾਂ ਨੂੰ ਦਾਅ ’ਤੇ ਲਾਉਣ ’ਚ ਸੰਕੋਚ ਨਹੀਂ ਕਰ ਰਹੀ ਸਰਕਾਰ ਭਾਵੇਂ ਸ਼ਰਾਬ ਮਾਫ਼ੀਆ ਦੇ ਬਹਾਨੇ ਉਮਰ ਹੱਦ ਘਟਾ ਰਹੀ ਹੈ ਪਰ ਇਸ ਫੈਸਲੇ ਦਾ ਮਾੜਾ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ

ਦਿੱਲੀ ਸਰਕਾਰ ਸ਼ਰਾਬ ਬਾਰੇ ਦੋਗਲੀ ਨੀਤੀ ’ਤੇ ਕੰਮ ਕਰ ਰਹੀ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸੂਬੇ ’ਚ ਸ਼ਰਾਬ ਦੀਆਂ ਹੋਰ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ ਦੂਜੇ ਪਾਸੇ ਪਹਿਲਾਂ ਹੀ ਚੱਲ ਰਹੀਆਂ ਦੁਕਾਨਾਂ ’ਤੇ ਭੀੜ ਵਧਾਈ ਜਾ ਰਹੀ ਹੈ ਸਰਕਾਰ ਦੇ ਫੈਸਲੇ ਨਾਲ ਜੋ ਨੌਜਵਾਨ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਠੇਕੇ ’ਤੇ ਨਹੀਂ ਪਹੁੰਚਦੇ ਸਨ ਹੁਣ ਬੇਝਿਜਕ ਹੋ ਕੇ ਸ਼ਰਾਬ ਖਰੀਦਣਗੇ ਇਸ ਤਰ੍ਹਾਂ ਸਰਕਾਰ ਦੀ ਕਮਾਈ ਤਾਂ ਵਧੇਗੀ ਪਰ ਨੌਜਵਾਨ ਵਰਗ ਜ਼ਰੂਰ ਤਬਾਹ ਹੋਵੇਗਾ ਸਰਕਾਰ ਇਹ ਭੁੱਲ ਕਰ ਰਹੀ ਹੈ ਕਿ ਸੂਬੇ ਦੀ ਬਿਹਤਰੀ ਲਈ ਸ਼ਰਾਬ ਮਾਫ਼ੀਆ ਨੂੰ ਖ਼ਤਮ ਕਰਨਾ ਹੀ ਸਰਕਾਰ ਦਾ ਉਦੇਸ਼ ਹੈ ਜਦੋਂਕਿ ਸਰਕਾਰ ਦੀ ਨੈਤਿਕ ਤੇ ਕਾਨੂੰਨੀ ਜਿੰਮੇਵਾਰੀ ਸਿਹਤਮੰਦ ਨਾਗਰਿਕ ਪੈਦਾ ਕਰਨਾ ਹੈ

ਸਰਕਾਰ ਦੀ ਜਿੰਮੇਵਾਰੀ ਸ਼ਰਾਬ ਮਾਫ਼ੀਏ ਦਾ ਹੀ ਖ਼ਾਤਮਾ ਨਹੀਂ ਸਗੋਂ ਸ਼ਰਾਬ ਦੀ ਲਤ ਖ਼ਤਮ ਕਰਨਾ ਹੈ ਸਰਕਾਰ ਦੇ ਹੀ ਸਿਹਤ ਵਿਭਾਗ ’ਚ ਕੰਮ ਕਰਦੇ ਡਾਕਟਰ ਲੱਖਾਂ ਮਰੀਜ਼ਾਂ ਨੂੰ ਇਹੀ ਸਲਾਹ ਦਿੰਦੇ ਹਨ ਕਿ ਜੇਕਰ ਉਨ੍ਹਾਂ ਆਪਣੇ ਮਿਹਦੇ (ਲੀਵਰ) ਨੂੰ ਬਚਾਉਣਾ ਹੈ ਤਾਂ ਸ਼ਰਾਬ ਨੂੰ ਹੱਥ ਨਾ ਲਾਉਣ ਦੇਸ਼ ਦੇ ਚੋਟੀ ਦੇ ਲੀਵਰ ਸਪੈਸ਼ਲਿਟ ਡਾਕਟਰਾਂ ਦਾ ਕਹਿਣਾ ਹੈ ਕਿ ਲੀਵਰ ਖਰਾਬ ਦੀ ਵੱਡੀ ਵਜ੍ਹਾ ਸ਼ਰਾਬ ਤੇ ਸਿਗਰਟਨੋਸ਼ੀ ਹੈ ਅਜਿਹੇ ਹਾਲਤਾਂ ’ਚ ਸਰਕਾਰ ਸ਼ਰਾਬ ਮਾਫ਼ੀਏ ਖਿਲਾਫ਼ ਕਦਮ ਚੁੱਕ ਕੇ ਵੀ ਨੌਜਵਾਨਾਂ ਦੀ ਸਿਹਤ ਦੇ ਖਿਲਾਫ਼ ਇੱਕ ਵੱਡਾ ਕਦਮ ਚੁੱਕ ਰਹੀ ਹੈ

ਆਮ ਆਦਮੀ ਪਾਰਟੀ ਇੱਕ ਵੱਖਰੀ ਤੇ ਸਕਾਰਾਤਮਕ ਸੋਚ ਲੈ ਕੇ ਸਿਆਸੀ ਮੈਦਾਨ ’ਚ ਉੁਤਰੀ ਸੀ ਪਰ ਇਹ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਂਗ ਸਰਕਾਰੀ ਖ਼ਜ਼ਾਨੇ ਨੂੰ ਭਰਨ ਲਈ ਸ਼ਰਾਬ ਦੀ ਕਮਾਈ ’ਤੇ ਟੇਕ ਰੱਖਣ ਲੱਗੀ ਹੈ ਸ਼ਰਾਬ ਨੇ ਦੇਸ਼ ਨੂੰ ਲੜਾਈ-ਝਗੜਿਆਂ, ਸੜਕ ਹਾਦਸਿਆਂ ਤੇ ਬਿਮਾਰੀਆਂ ਤੋਂ ਇਲਾਵਾ ਕੁਝ ਹੋਰ ਦਿੱਤਾ ਹੈ ਤਾਂ ਸਰਕਾਰ ਨੂੰ ਉਸ ਦੀ ਸੂਚੀ ਜ਼ਰੂਰ ਜਨਤਕ ਕਰਨੀ ਚਾਹੀਦੀ ਹੈ ਬਾਕੀ, ਹੋਰ ਸੂਬਿਆਂ ’ਚ ਜੇਕਰ ਪਹਿਲਾਂ ਹੀ ਨੁਕਸਾਨਦੇਹ ਕਾਨੂੰਨ ਲਾਗੂ ਹਨ ਤਾਂ ਦਿੱਲੀ ਸਰਕਾਰ ਨੂੰ ਸਹੀ ਫੈਸਲਾ ਲੈ ਕੇ ਮਿਸਾਲ ਬਣਨਾ ਚਾਹੀਦਾ ਸੀ ਵਰਤਮਾਨ ਫੈਸਲਾ ਤਾਂ ਵਿਅਕਤੀ ਦੀ ਸ਼ਰਾਬ ਤੱਕ ਸੌਖੀ ਪਹੁੰਚ ਦੀ ਹੀ ਗਾਰੰਟੀ ਦਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.