ਕਾਂਗਰਸ ’ਚ ਨਹੀਂ ਐ ‘ਆਲ ਇੱਜ ਵੈਲ’, ਨਾਰਾਜ਼ ਮੰਤਰੀ ਨਹੀਂ ਮਿਲਣ ਆਏ, ਧੰਨਵਾਦ ਕਰਦਾ ਹਾਂ : ਹਰੀਸ਼ ਰਾਵਤ

Harish Rawat Sachkahoon

ਰਾਵਤ ਨੇ ਖ਼ੁਦ ਮੰਨਿਆ ਕਿ ਪੰਜਾਬ ਕਾਂਗਰਸ ’ਚ ਨਹੀਂ ਚਲ ਰਿਹਾ ਐ ਸਾਰਾ ਕੁਝ ਠੀਕ

ਜਲਦ ਹੀ ਪੰਜਾਬ ਦੇ ਕਲੇਸ਼ ਨਿਪਟਾਉਣ ਦਾ ਦਾਅਵਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਵਿੱਚ ‘ਆਲ ਇਜ ਵੈਲ’ ਨਹੀਂ ਚਲ ਰਿਹਾ ਹੈ ਪਰ ਕਾਂਗਰਸ ਦੇ ਕਲੇਸ਼ ਨੂੰ ਜਲਦ ਹੀ ਖ਼ਤਮ ਕਰ ਦਿੱਤਾ ਜਾਏਗਾ। ਇਥੇ ਹੀ ਉਹ ਨਰਾਜ਼ ਕੈਬਨਿਟ ਮੰਤਰੀਆਂ ਦਾ ਵੀ ਧੰਨਵਾਦ ਕਰਦੇ ਹਨ ਕਿ ਤਿੰਨ ਦਿਨ ਤੱਕ ਚੰਡੀਗੜ੍ਹ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਉਹ ਮਿਲਣ ਲਈ ਨਹੀਂ ਆਏ ਹਨ। ਇਹ ਬਿਆਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦਿੱਤਾ ਹੈ। ਪੰਜਾਬ ਦੌਰੇ ਤੋਂ ਪਰਤਣ ਮੌਕੇ ਹਰੀਸ਼ ਰਾਵਤ ਕਾਫ਼ੀ ਜਿਆਦਾ ਨਿਰਾਸ਼ ਵੀ ਨਜ਼ਰ ਆ ਰਹੇ ਹਨ, ਕਿਉਂਕਿ ਇਸ ਦੌਰੇ ਦੇ ਬਾਵਜੂਦ ਹਰੀਸ਼ ਰਾਵਤ ਕੋਈ ਹੱਲ ਕੀਤੇ ਬਿਨਾਂ ਹੀ ਵਾਪਸ ਪਰਤ ਗਏ ਹਨ।

ਹਰੀਸ਼ ਰਾਵਤ ਨੇ ਚੰਡੀਗੜ੍ਹ ਤੋਂ ਵਾਪਸ ਦੇਹਰਾਦੂਨ ਜਾਣ ਤੋਂ ਪਹਿਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਹ ਨਹੀਂ ਕਹਿਣਗੇ ਕਿ ਪੰਜਾਬ ਕਾਂਗਰਸ ਵਿੱਚ ਆਲ ਇਜ ਵੈੱਲ ਚੱਲ ਰਿਹਾ ਹੈ ਪਰ ਜਿਹੜਾ ਕੁਝ ਵੀ ਇਸ ਸਮੇਂ ਹੈ, ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਉਨ੍ਹਾਂ ਵੱਲੋਂ ਜਾਰੀ ਹੈ। ਉਹ ਸਾਰਿਆਂ ਦੀ ਨਰਾਜ਼ਗੀ ਦੂਰ ਕਰਦੇ ਹੋਏ ਮਾਮਲੇ ਨੂੰ ਖ਼ਤਮ ਕਰਵਾਉਣਗੇ। ਇੱਥੇ ਹੀ ਪੰਜਾਬ ਦੌਰੇ ਦੀ ਰਿਪੋਰਟ ਉਹ ਜਲਦ ਹੀ ਕਾਂਗਰਸ ਹਾਈ ਕਮਾਨ ਨੂੰ ਵੀ ਸੌਂਪਣਗੇ ਤਾਂ ਕਿ ਹਾਈ ਕਮਾਨ ਹੀ ਇਸ ਮਾਮਲੇ ਵਿੱਚ ਆਪਣਾ ਫੈਸਲਾ ਕਰ ਸਕਣ।

ਦੇਹਰਾਦੂਨ ਤੱਕ ਪੁੱਜਣ ਵਾਲੇ ਕੈਬਨਿਟ ਮੰਤਰੀ ਪਿਛਲੇ ਤਿੰਨ ਦਿਨ ਤੋਂ ਹਰੀਸ਼ ਰਾਵਤ ਨੂੰ ਚੰਡੀਗੜ੍ਹ ਵਿਖੇ ਮਿਲਣ ਤੱਕ ਨਹੀਂ ਆਏ, ਇਸ ਬਾਰੇ ਹਰੀਸ਼ ਰਾਵਤ ਨੇ ਕਿਹਾ ਕਿ ਉਹ ਇਨਾਂ ਕੈਬਨਿਟ ਮੰਤਰੀਆਂ ਦੇ ਸ਼ੁਕਰਗੁਜ਼ਾਰ ਹਨ ਕਿ ਉਹ ਮਿਲਣ ਲਈ ਨਹੀਂ ਆਏ ਹਨ, ਕਿਉਂਕਿ ਜੇਕਰ ਉਹ ਮਿਲ ਕੇ ਜਾਂਦੇ ਤਾਂ ਇਸ ਪੰਜਾਬ ਦੌਰੇ ਨੂੰ ਉਨਾਂ ਨਾਲ ਜੋੜ ਕੇ ਹੀ ਦੇਖਿਆ ਜਾਣਾ ਸੀ ਅਤੇ ਜਿਹੜਾ ਕੁਝ ਉਨਾਂ ਆਪਣੇ ਦੌਰੇ ਦੌਰਾਨ ਕੀਤਾ ਹੈ, ਉਹ ਸਾਰਾ ਕੁਝ ਇੱਕ ਪਾਸੇ ਰਹਿ ਜਾਣਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ