ਭਾਸ਼ਾ ਮੰਤਰੀ ਪ੍ਰਗਟ ਸਿੰਘ ਵੱਲੋਂ ਨਹੀਂ ਕੀਤਾ ਗਿਆ ਕੋਈ ਵਿਸ਼ੇਸ਼ ਵਿੱਤੀ ਐਲਾਨ
- ਭਾਸ਼ਾ ਵਿਭਾਗ ਦੇ ਬੇਸ਼ਕੀਮਤੀ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਨ ਦੀ ਗੱਲ ਕਹੀ
- ਜ਼ਿਲ੍ਹਾ ਭਾਸ਼ਾ ਤੇ ਖੋਜ ਅਫ਼ਸਰਾਂ ਸਮੇਤ ਖਾਲੀ ਅਸਾਮੀਆਂ ਦੀ ਭਰਤੀ ਲਈ ਅੰਤਰ ਵਿਭਾਗੀ ਪ੍ਰਿਆ ਸ਼ੁਰੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦਿਵਸ ਮੌਕੇ ਵੀ ਅੱਜ ਭਾਸ਼ਾ ਵਿਭਾਗ ’ਤੇ ਪੰਜਾਬ ਸਰਕਾਰ ਦੀ ਠੰਢੀ ਨਿਗ੍ਹਾ ਨਹੀਂ ਪਈ। ਅੱਜ ਇੱਥੇ ਭਾਸ਼ਾ ਵਿਭਾਗ ਦੇ ਵਿਹੜੇ ਪੁੱਜੇ ਭਾਸ਼ਾ ਮੰਤਰੀ ਪ੍ਰਗਟ ਸਿੰਘ ਤੋਂ ਭਾਸ਼ਾ ਵਿਭਾਗ ਲਈ ਵਿੱਤੀ ਪੈਕੇਜ਼ ਦੇ ਐਲਾਨ ਦੀ ਉਮੀਦ ਸੀ, ਪਰ ਉਨ੍ਹਾਂ ਅਜਿਹਾ ਕੋਈ ਵੀ ਐਲਾਨ ਨਹੀਂ ਕੀਤਾ। ਭਾਸ਼ਾ ਵਿਭਾਗ ਦੀ ਸਾਖ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਖੁਰਦੀ ਜਾ ਰਹੀ ਹੈ, ਪਰ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਅੰਤਿਮ ਮਹੀਨਿਆਂ ਵਿੱਚ ਵੀ ਭਾਸ਼ਾ ਵਿਭਾਗ ਨੂੰ ਅੱਖੋਂ ਪਰੋਖੇ ਹੀ ਕੀਤਾ।
ਇੱਧਰ ਭਾਵੇਂ ਭਾਸ਼ਾ ਮੰਤਰੀ ਪ੍ਰਗਟ ਸਿੰਘ ਵੱਲੋਂ ਇਹ ਜ਼ਰੂਰ ਐਲਾਨ ਕੀਤਾ ਗਿਆ ਕਿ ਭਾਸ਼ਾ ਵਿਭਾਗ ਪੰਜਾਬ ਕੋਲ ਪਏ ਬੇਸ਼ਕੀਮਤੀ ਖ਼ਜ਼ਾਨੇ ਨੂੰ ਡਿਜੀਟਲਾਈਜ਼ ਕਰਕੇ ਨਵੀਨਤਮ ਤਕਨੀਕਾਂ ਰਾਹੀਂ ਪੰਜਾਬੀਆਂ ਦੇ ਬੌਧਿਕ ਵਿਕਾਸ ਲਈ ਵਰਤਿਆ ਜਾਵੇਗਾ। ਇਸ ਤੋਂ ਬਿਨ੍ਹਾਂ ਖਾਲੀ ਪਈਆਂ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਅਤੇ ਖੋਜ ਅਫ਼ਸਰਾਂ ਦੀਆਂ ਅਸਾਮੀਆਂ ਭਰਨ ਲਈ ਅੰਤਰਵਿਭਾਗੀ ਪ੍ਰਿਆ ਸ਼ੁਰੂ ਕਰਨ ਸਮੇਤ ਭਾਸ਼ਾ ਵਿਭਾਗ ਨੂੰ ਹਰ ਪੱਖੋਂ ਮਜ਼ਬੂਤ ਕਰਕੇ ਆਤਮ ਨਿਰਭਰ ਬਣਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਭਾਸ਼ਾ ਮੰਤਰੀ ਪ੍ਰਗਟ ਸਿੰਘ ਵੱਲੋਂ ਪੰਜਾਬ ਦਿਵਸ ਦੇ ਮੌਕੇ ਇੱਥੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ-2021 ਤਹਿਤ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਹੀਨਾ ਭਰ ਚੱਲਣ ਵਾਲੇ ਸਮਾਗਮਾਂ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬੀ ਮਾਂ ਬੋਲੀ ਪ੍ਰਤੀ ਨੌਜਵਾਨਾਂ ’ਚ ਘਟਦੀ ਜਾ ਰਹੀ ਰੁਚੀ ’ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਿਵਲ ਸਰਵਿਸ ਦੇ 1000 ਉਮੀਦਵਾਰਾਂ ਦਾ ਵੇਰਵਾ ਦੇਖਿਆ ਹੈ, ਜਿਸ ’ਚ ਕੇਵਲ 100 ਜਣਿਆਂ ਨੇ ਹੀ ਪੰਜਾਬੀ ਵਿਸ਼ੇ ਦੀ ਚੋਣ ਕੀਤੀ ਅਤੇ ਕੇਵਲ 10 ਜਣੇ ਹੀ ਪਾਸ ਹੋਏ ਸਨ।
ਪੰਜਾਬੀ ਸੱਭਿਆਚਾਰ, ਸਾਹਿਤ, ਬੋਲੀ ਅਤੇ ਪੰਜਾਬੀ ਕਿਰਦਾਰ ਦੀ ਪ੍ਰਫੁਲਤਾ ਅਤੇ ਇਸ ਨੂੰ ਸਕੂਲੀ ਪੱਧਰ ਤੋਂ ਮਜ਼ਬੂਤ ਕਰਨ ਲਈ ਬੁੱਧੀਜੀਵੀ ਵਰਗ, ਲੇਖਕ, ਮੀਡੀਆ ਨੂੰ ਰਲਕੇ ਹੰਭਲਾ ਮਾਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਭ ਦਾ ਸਾਂਝਾ ਹੈ, ਇਸ ਲਈ ਸਾਂਝੇ ਯਤਨ ਹੀ ਸਫ਼ਲ ਹੋਣਗੇ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੋਂ ਇਹ ਵਿਭਾਗ ਮੰਗ ਕੇ ਲਿਆ ਹੈ ਤੇ ਪੰਜਾਬ ਦੀ ਬੌਧਿਕ ਸੰਪਤੀ ਦੀ ਸੰਭਾਲ ਲਈ ਉਹ ਲੇਖਕਾਂ, ਬੁੱਧੀਜੀਵੀਆਂ ਨਾਲ ਇੱਕ ਟੀਮ ਬਣਾ ਕੇ ਭਾਸ਼ਾ ਵਿਭਾਗ ਦੀ ਪ੍ਰਫੁਲਤਾ ਦੇ ਚੁਣੌਤੀ ਭਰਪੂਰ ਕੰਮ ਨੂੰ ਨੇਪਰੇ ਚੜ੍ਹਾਉਣ ਦਾ ਤਹੱਈਆ ਕਰ ਰਹੇ ਹਨ।
ਇਸ ਮੌਕੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਕੱਤਰ ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਦੇ ਖ਼ਜ਼ਾਨੇ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਸਾਰਥਿਕ ਨਤੀਜੇ ਸਭ ਦੇ ਸਾਹਮਣੇ ਹੋਣਗੇ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਪੂਰੇ ਮਹੀਨੇ ਦੌਰਾਨ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਖਿੱਤਿਆਂ, ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਵਿਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।
ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਅਤੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰਧਾਨਗੀ ਕੀਤੀ। ਜਦੋਂਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਕ੍ਰਿਸ਼ਨ ਕੁਮਾਰ ਦੀ ਵੀ ਮੇਰੇ ਵਾਂਗ ਬਹੁਤਿਆਂ ਨਾਲ ਨਹੀਂ ਬਣਦੀ
ਇਸ ਦੌਰਾਨ ਪ੍ਰਗਟ ਸਿੰਘ ਨੇ ਭਾਸ਼ਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਬਾਰੇ ਕਿਹਾ ਕਿ ਇਹ ਸ਼ਿੱਦਤ ਨਾਲ ਕੰਮ ਕਰਨ ’ਚ ਲੱਗੇ ਹੋਏ ਹਨ ਅਤੇ ਕੰਮ ’ਚ ਕਿਸੇ ਪ੍ਰਕਾਰ ਦੀ ਕੁਤਾਹੀ ਨਹੀਂ ਸਹਾਰਦੇ, ਇਸੇ ਲਈ ਤਾਂ ਇਨ੍ਹਾਂ ਦੀ ਮੇਰੇ ਵਾਂਗ ਬਹੁਤਿਆਂ ਨਾਲ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਭਾਸ਼ਾ ਦੀ ਉਨਤੀ ਲਈ ਕਾਫ਼ੀ ਕੁਝ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ