ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲਾ | Pratap Singh Bajwa
- ਕਿਹਾ, ਜਦੋਂ ਕਾਬਲ ਸਲਾਹਕਾਰ ਹੀ ਨਹੀਂ ਹਨ ਤਾਂ ਕਰੋੜਾਂ ਦਾ ਖ਼ਰਚ ਕਾਹਦੇ ਲਈ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ‘ਸਲਾਹਕਾਰਾਂ’ ਦੀ ਫੌਜ ਵਿੱਚ ਕੋਈ ਵੀ ‘ਕਾਬਿਲ’ ਸਲਾਹਕਾਰ ਨਹੀਂ ਹੈ, ਇਸ ਲਈ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਦੇ ਫਾਲਤੂ ਸਲਾਹਕਾਰਾਂ ਦੀ ਫੌਜ ਨੂੰ ਹਟਾਉਂਦੇ ਹੋਏ ਸਰਕਾਰੀ ਖਜਾਨੇ ਦੀ ਹੋ ਰਹੀ ਲੁੱਟ ਨੂੰ ਬਚਾਉਣਾ ਚਾਹੀਦਾ ਹੈ। ਇਹ ਬਿਆਨ ਕਿਸੇ ਵਿਰੋਧੀ ਧਿਰ ਨੇ ਨਹੀਂ ਸਗੋਂ ਖ਼ੁਦ ਕਾਂਗਰਸ ਦੇ ਸੰਸਦ ਮੈਂਬਰ (Pratap Singh Bajwa) ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿਖੇ ਦਿੱਤਾ ਹੈ। ਇਸ ਪ੍ਰੋਗਰਾਮ ਦਰਮਿਆਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਕਾਫ਼ੀ ਹੱਦ ਤੱਕ ਕਾਂਗਰਸ ਵਿਰੋਧੀ ਪਾਰਟੀਆਂ ਨਾਲ ਇਸ ਗੱਲ ਸਬੰਧੀ ਸਹਿਮਤ ਹਨ ਕਿ ਅਮਰਿੰਦਰ ਸਿੰਘ ਵੱਲੋਂ ਸਲਾਹਕਾਰਾਂ ਦੀ ਫਾਲਤੂ ਦੀ ਫੌਜ ਭਰਤੀ ਕੀਤੀ ਹੋਈ ਹੈ ਅਤੇ ਉਸ ਦਾ ਕੋਈ ਫਾਇਦਾ ਵੀ ਪੰਜਾਬ ਦੀ ਜਨਤਾ ਜਾਂ ਫਿਰ ਸਰਕਾਰ ਨੂੰ ਨਹੀਂ ਹੋ ਰਿਹਾ ਹੈ।
ਪ੍ਰਤਾਪ (Pratap Singh Bajwa) ਬਾਜਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਖ਼ੁਦ ਦੱਸਣ ਕਿ ਉਨ੍ਹਾਂ ਦੇ ਸਲਾਹਕਾਰਾਂ ਵੱਲੋਂ ਹੁਣ ਤੱਕ ਇੱਕ ਸਾਲ ਵਿੱਚ ਕੋਈ ਇਹੋ ਜਿਹੀ ਸਲਾਹ ਦਿੱਤੀ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ ਕੋਈ ਫਾਇਦਾ ਹੋਇਆ ਹੋਵੇ। ਉਨ੍ਹਾਂ ਕਿਹਾ ਇਸ ਤਰ੍ਹਾਂ ਪੰਜਾਬ ਦੇ ਖਜਾਨੇ ‘ਤੇ ਵਾਧੂ ਦਾ ਬੋਝ ਪਾਉਣਾ ਠੀਕ ਗੱਲ ਨਹੀਂ ਹੈ, ਇੱਥੇ ਤੱਕ ਕਿ ਉਹ ਸਮਝਦੇ ਹਨ ਕਿ ਇਨ੍ਹਾਂ ਸਲਾਹਕਾਰਾਂ ਵਿੱਚੋਂ ਕੋਈ ਵੀ ਸਲਾਹਕਾਰ ਕਾਬਿਲ ਨਹੀਂ ਹੈ ਅਤੇ ਸਾਰੇ ਹੀ ਨਾਕਾਬਲ ਸਲਾਹਕਾਰ ਹਨ ਜਿਹੜੇ ਕਿ ਸਿਰਫ਼ ਖਜਾਨੇ ‘ਤੇ ਬੋਝ ਹੀ ਹਨ।]
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਆਈ.ਏ.ਐਸ. ਅਫ਼ਸਰ ਹਨ, ਜਿਹੜੇ ਕਿ ਬਹੁਤ ਹੀ ਕਾਬਲੀਅਤ ਰੱਖਦੇ ਹਨ, ਇਸ ਲਈ ਮੁੱਖ ਮੰਤਰੀ ਨੂੰ ਇਨ੍ਹਾਂ ਆਈ.ਏ.ਐਸ. ਅਫ਼ਸਰਾਂ ਵਿੱਚੋਂ ਹੀ ਕਿਸੇ 2-4 ਨੂੰ ਆਪਣਾ ਸਲਾਹਕਾਰ ਰੱਖ ਲੈਣਾ ਚਾਹੀਦਾ ਹੈ, ਜਿਹੜੇ ਕਿ ਚੰਗੀ ਸਲਾਹ ਵੀ ਦੇਣਗੇ ਅਤੇ ਪੰਜਾਬ ਸਰਕਾਰ ‘ਤੇ ਕੋਈ ਵਾਧੂ ਬੋਝ ਵੀ ਨਹੀਂ ਪਵੇਗਾ।
ਸਾਲ ‘ਚ 1 ਵਾਰ ਮਿਲੇ ਹਨ ਅਮਰਿੰਦਰ, ਕੀ ਦੇਵਾਂ ਸਲਾਹ : ਬਾਜਵਾ | Pratap Singh Bajwa
(Pratap Singh Bajwa) ਪ੍ਰਤਾਪ ਬਾਜਵਾ ਨੇ ਕਿਹਾ ਕਿ ਭਾਵੇਂ ਉਹ ਪੰਜਾਬ ਦੇ ਸੰਸਦ ਮੈਂਬਰ ਹਨ ਪਰ ਮੁੱੱਖ ਮੰਤਰੀ ਅਮਰਿੰਦਰ ਸਿੰਘ ਉਨ੍ਹਾਂ ਨੂੰ ਹੀ ਪਿਛਲੇ ਸਾਲ ਦਰਮਿਆਨ ਸਿਰਫ਼ 1 ਵਾਰ ਹੀ ਮਿਲੇ ਹਨ, ਉਹ ਵੀ ਜਦੋਂ ਉਨ੍ਹਾਂ ਨੇ ਬਜਟ ਸੈਸ਼ਨ ਤੋਂ ਪਹਿਲਾਂ ਸਲਾਹਾਂ ਲੈਣੀਆਂ ਸਨ। ਉਨ੍ਹਾਂ ਕਿਹਾ ਕਿ ਉਥੇ ਵੀ ਉਨ੍ਹਾਂ ਨੇ ਖੁੱਲ੍ਹ ਕੇ ਸਲਾਹ ਦਿੰਦੇ ਹੋਏ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਉਹ ਵਾਅਦੇ ਪੂਰੇ ਨਹੀਂ ਕਰ ਪਾ ਰਹੇ ਹਨ, ਜਿਹੜੇ ਕਿ ਚੋਣਾਂ ਤੋਂ ਪਹਿਲਾਂ ਕੀਤੇ ਸਨ। ਇਸ ਲਈ ਸਰਕਾਰ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਾਂਗਰਸ ‘ਤੇ ਬਣਿਆ ਰਹੇ।
ਮਜੀਠੀਆ ਖ਼ਿਲਾਫ਼ ਨਹੀਂ ਕਰਦੇ ਅਮਰਿੰਦਰ ਕਾਰਵਾਈ
(Pratap Singh Bajwa) ਪ੍ਰਤਾਪ ਬਾਜਵਾ ਨੇ ਕਿਹਾ ਕਿ ਉਹ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੱਕ ਸਾਲ ਦੌਰਾਨ ਕਹਿ-ਕਹਿ ਕੇ ਥੱਕ ਗਏ ਹਨ ਪਰ ਪਤਾ ਨਹੀਂ ਅਮਰਿੰਦਰ ਸਿੰਘ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਪ੍ਰਤਾਪ ਬਾਜਵਾ ਨੇ ਨਹੀਂ ਸਗੋਂ ਪੂਰੀ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਵੀ ਰਾਹੁਲ ਗਾਂਧੀ ਨੂੰ ਭੇਜ ਦਿੱਤਾ ਸੀ, ਜਿਹੜਾ ਕਿ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਵਾਅਦਾ ਕੀਤਾ ਸੀ।