ਠੇਕਾ ਕਾਮਿਆਂ ਫੂਕਿਆ ਸੂਬਾ ਸਰਕਾਰ ਦਾ ਪੁਤਲਾ, ਕੀਤਾ ਪਿੱਟ ਸਿਆਪਾ ਤੇ ਨਾਅਰੇਬਾਜੀ
ਪਟਿਆਲਾ | ਪੰਜਾਬ ਭਰ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਠੇਕਾ ਆਧਾਰਤ ਮੁਲਾਜਮਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬੱਸ ਸਟੈਂਡ ਚੌਂਕ ਤੱਕ ਮਾਰਚ ਕਰਦਿਆਂ ਚੌਂਕ ਵਿਖੇ ਚੱਕਾ ਜਾਮ ਕੀਤਾ ਗਿਆ ਅਤੇ ਸੂਬਾ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਸੂਬੇ ਭਰ ਵਿੱਚੋਂ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਐਨ.ਐਚ.ਐਮ ਕਾਮਿਆਂ ਨੇ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਬੋਲਦਿਆਂ ਐਨ.ਐਚ.ਐਮ ਇੰਪਲਾਇਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਸਿਹਤ ਵਿਭਾਗ ਵਿੱਚ ਨੌਕਰੀ ਕਰਦੇ ਆ ਰਹੇ ਹਨ ਜਿਸ ਦੇ ਇਵਜ ਵਜੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਦੇ ਕੇ ਪੰਜਾਬ ਸਰਕਾਰ ਉਨ੍ਹਾਂ ਦਾ ਲਗਾਤਾਰ ਸ਼ੋਸ਼ਣ ਕਰਦੀ ਆ ਰਹੀ ਹੈ।
ਯੂਨੀਅਨ ਦੇ ਚੀਫ ਆਰਗੇਨਾਈਜਰ ਅਵਤਾਰ ਸਿੰਘ ਮਾਨਸਾ ਨੇ ਕਿਹਾ ਕਿ ਠੇਕਾ ਆਧਾਰਿਤ ਕਰਮਚਾਰੀਆਂ ਲਈ ਹਰਿਆਣਾ ਸਰਕਾਰ ਨੇ ਇੱਕ ਸਰਵਿਸ ਬਾਈ ਲਾਜ਼ ਬਣਾ ਕੇ ਐਨ.ਐਚ.ਐਮ ਕਾਮਿਆਂ ਨੂੰ ਰੈਗੂਲਰ ਮੁਲਾਜਮਾਂ ਦੇ ਬਰਾਬਰ ਤਨਖਾਹ ਅਤੇ ਹੋਰ ਭੱਤੇ ਦੇਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਹਰਿਆਣਾ ਦੀ ਤਰਜ ‘ਤੇ ਬਰਾਬਰ ਤਨਖਾਹ ਲਾਗੂ ਕਰਵਾਉਣ ਲਈ ਉਹ ਅਨੇਕਾਂ ਵਾਰ ਸਬੰਧਤ ਅਧਿਕਾਰੀਆਂ ਮੰਤਰੀਆਂ , ਮੁੱਖ ਮੰਤਰੀ ਦਫਤਰ ਇੱਥੋਂ ਤੱਕ ਕਿ ਸੂਬੇ ਦੇ ਰਾਜਪਾਲ ਕੋਲ ਜਾ ਕੇ ਆਪਣਾ ਦੁੱਖ ਰੋ ਚੁੱਕੇ ਹਨ ਅਤੇ ਇਸ ਸਬੰਧੀ ਮੰਗ ਪੱਤਰ ਵੀ ਦੇ ਚੁੱਕੇ ਹਨ, ਪਰ ਦੁੱਖ ਦੀ ਗੱਲ ਇਹ ਕਿ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਡਾ. ਵਿਸ਼ਵਜੀਤ ਸਿੰਘ ਖੰਡਾ ਨੇ ਕਿਹਾ ਕਿ ਸਾਰੇ ਨੈਸ਼ਨਲ ਪ੍ਰੋਗਰਾਮ ਜਿਵੇਂ ਕਿ ਪਲਸ ਪੋਲਿਓ, ਜਨਨੀ ਸੁਰੱਖਿਆ ਯੋਜਨਾ, ਰਾਸਟਰੀ ਬਾਲ ਸੁਰੱਖਿਆਂ ਪ੍ਰੋਗਰਾਮ, ਮੀਜਲ ਰੂਬੇਲਾ ਆਦਿ ਹਰ ਪ੍ਰਕਾਰ ਦਾ ਟੀਕਾਕਰਨ, ਕੈਂਸਰ ਅਤੇ ਟੀ.ਬੀ ਦੇ ਸਾਰੇ ਯੂਨਿਟਾਂ ਵਿੱਚੋਂ ਜਿੰਨੇ ਵੀ ਵਿਭਾਗ ਨੇ ਐਵਾਰਡ ਹਾਸਲ ਕੀਤੇ ਹਨ, ਉਹ ਸਾਰੇ ਐਨ.ਐਚ.ਐਮ ਕਰਮਚਾਰੀਆਂ ਦੀ ਦਿਨ ਰਾਤ ਕੀਤੀ ਹੋਈ ਹੱਡ ਤੋੜਵੀਂ ਮਿਹਨਤ ਸਦਕਾ ਹੀ ਸੰਭਵ ਹੋਏ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਸਿਹਤ ਵਿਭਾਗ ਦੇ ਕਰਮਚਾਰੀ ਬੇਹੱਦ ਘੱਟ ਤਨਖਾਹਾਂ ਨਾਲ ਆਪਣਾ ਚੁੱਲਾ ਤੱਕ ਬਾਲਣ ਤੋਂ ਅਮਰਥ ਹਨ। ਇਸ ਮੌਕੇ ਸੂਬਾਈ ਆਗੂ ਡਾ. ਵਾਹਿਦ ਸੰਗਰੂਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਫੋਰੀ ਧਿਆਨ ਨਾ ਦਿੱਤਾ ਤਾਂ ਸੂਬੇ ਭਰ ਵਿੱਚ ਇਸੇ ਤਰ੍ਹਾਂ ਦੇ ਪਰਦਰਸ਼ਨ ਕਰਨਗੇ ਅਤੇ ਆਮ ਭਰਾਤਰੀ ਜੱਥੇਬੰਦੀਆਂ ਨੂੰ ਆਪਣੇ ਨਾਲ ਜੋੜ ਕੇ ਸਰਕਾਰ ਨੂੰ ਹਰ ਫਰੰਟ ਤੇ ਘੇਰਨ ਲਈ ਹਰਬਾ ਵਰਤਣਗੇ। ਇਸ ਮੌਕੇ ਕਿਰਨਜੀਤ ਕੌਰ ਮੋਹਾਲੀ, ਕਰਮਲਜੀਤ ਕੌਰ ਬਰਨਾਲਾ, ਗੁਰਪ੍ਰੀਤ ਸਿੰਘ ਭੁੱਲਰ, ਹਰਪਾਲ ਸੋਢੀ, ਜਗਦੇਵ ਸਿੰਘ ਮਾਨ, ਰਵਿੰਦਰ ਕੁਮਾਰ ਫਫੜੇ, ਨਾਥੂ ਰਾਮ ਸਰਦੂਲਗੜ੍ਹ, ਰਪਿੰਦਰ ਕੌਰ ਰਿੰਪੀ, ਕੇਵਲ ਸਿੰਘ ਮਲਟੀਪ੍ਰਪਜ ਹੈਲਥ ਵਰਕਰ ਯੂਨੀਅਨ, ਰਘਵੀਰ ਸਿੰਘ, ਕੁਲਦੀਪ ਕੌਰ, ਜਗਜੀਤ ਸਿੰਘ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।