ਸਰਦੂਲਗੜ੍ਹ (ਸੁਖਜੀਤ ਮਾਨ)। ਪਿਛਲੇ 7-8 ਦਿਨਾਂ ਤੋਂ ਘੱਗਰ ਦੇ ਪਾਣੀ ਨਾਲ ਘਿਰੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਪਾਣੀ ਨੇ ਹੁਣ ਮੋੜਾ ਪਾ ਲਿਆ। ਪਾਣੀ ਮੁੜਨ ਦੇ ਨਾਲ ਉਹਨਾਂ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਛੇਤੀ ਲੀਹੇ ਪਵੇਗੀ ਜੋ ਘਰੋਂ ਬੇਘਰ ਹੋ ਗਏ ਸੀ। ਸੋਸ਼ਲ ਮੀਡੀਆ ਜਰੀਏ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਸਰਦੂਲਗੜ੍ਹ ਵਿੱਚੋਂ ਪਾਣੀ ਕਰੀਬ ਡੇਢ ਫੁੱਟ ਘਟ ਗਿਆ ਤੇ ਪਿੰਡਾਂ ਵਿੱਚੋਂ ਹੋਰ ਵੀ ਜ਼ਿਆਦਾ ਘੱਟ ਹੋਇਆ ਹੈ। (Ghaggar Reaver)
ਉਹਨਾਂ ਸੰਕਟ ਦੀ ਇਸ ਘੜੀ ਵਿੱਚ ਹੜ੍ਹ ਪੀੜਤਾਂ ਦਾ ਹਰ ਪੱਖੋਂ ਸਾਥ ਦੇਣ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਇਹ ਬਿਪਤਾ ਪਈ ਤਾਂ ਸਾਸ਼ਨ-ਪ੍ਰਸਾਸ਼ਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਨੇ ਰਾਸ਼ਨ, ਡੀਜਲ, ਤਰਪਾਲਾਂ ਤੇ ਕਈਆਂ ਨੇ ਜੇਸੀਬੀ ਨਾਲ ਮੱਦਦ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਅਗਲੀ ਤਰਜੀਹ ਹੁਣ ਇਹ ਹੈ ਕਿ ਜੋ ਪਾਣੀ ਆਪਣੇ-ਆਪ ਮੁੜ ਘੱਗਰ ਵਿੱਚ ਜਾ ਰਿਹਾ ਹੈ ਉਹ ਸਹੀ ਹੈ ਤੇ ਜੋ ਖੇਤਾਂ ਆਦਿ ਵਿੱਚ ਪਾਣੀ ਖੜ੍ਹਾ ਹੈ ਉਸ ਨੂੰ ਬਰਮਿਆਂ ਆਦਿ ਨਾਲ ਚੁੱਕ ਕੇ ਘੱਗਰ ਵਿੱਚ ਪਾਇਆ ਜਾਵੇ ਤਾਂ ਜੋ ਖੇਤ ਵਗੈਰਾ ਪਾਣੀ ਤੋਂ ਖਾਲੀ ਕੀਤੇ ਜਾ ਸਕਣ।
ਪੀਣ ਵਾਲੇ ਪਾਣੀ ਦਾ ਜ਼ਿਕਰ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਸ਼ਹਿਰ ਦੇ ਪਾਣੀ ਸਪਲਾਈ ਕਰਨ ਵਾਲੇ ਬੋਰ ਵਿੱਚ ਘੱਗਰ ਦਾ ਪਾਣੀ ਚਲਾ ਗਿਆ ਜਿਸ ਕਰਕੇ ਉਹ ਖਰਾਬ ਪਾਣੀ ਹੀ ਕੱਢ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਵੀ ਉਹਨਾਂ ਦੀ ਮੀਟਿੰਗ ਹੋਈ ਹੈ ਤਾਂ ਜੋ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਹੋ ਸਕੇ। ਹੜ੍ਹਾਂ ਕਾਰਨ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਸਰਗਰਮ ਹਨ। ਉਹਨਾਂ ਇਲਾਕਾ ਵਾਸੀਆਂ ਤੇ ਸੰਸਥਾਵਾਂ ਵਾਲੇ ਸਹਿਯੋਗੀਆਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਇਹ ਕਹਿ ਕੇ ਮੁਆਫ਼ੀ ਵੀ ਮੰਗੀ ਕਿ ਉਹਨਾਂ ਵੱਲੋਂ ਹਰ ਸੰਭਵ ਮੱਦਦ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜੇ ਕਿਤੇ ਕੋਈ ਕਮੀ ਰਹਿ ਗਈ ਹੋਵੇ ਉਸ ਲਈ ਮੁਆਫ਼ੀ ਮੰਗਦੇ ਹਨ।
ਆਓ ਪੀੜਤਾਂ ਦੇ ਜਖਮਾਂ ਤੇ ਮੱਲ੍ਹਮ ਲਾਈਏ : ਬਣਾਂਵਾਲੀ
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਨੇ ਮੱਦਦ ਕੀਤੀ ਹੈ ਉਸੇ ਤਰ੍ਹਾਂ ਅੱਗੇ ਵੀ ਸਰਕਾਰ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਪੀੜਤਾਂ ਦੇ ਹੋਏ ਨੁਕਸਾਨ ਲਈ ਮੱਦਦ ਕਰਕੇ ਉਹਨਾਂ ਦੇ ਜਖਮਾਂ ‘ਤੇ ਮੱਲ੍ਹਮ ਲਾਈਏ।