ਨੀਟ ਪ੍ਰੀਖਿਆ: ਬਠਿੰਡਾ ਦੀ ਨਿਕਿਤਾ ਦਾ ਕੌਮੀ ਪੱਧਰ ‘ਤੇ ਅੱਠਵਾਂ ਰੈਂਕ

NET Exam. Nikita.Ranked National Level

ਕੁੜੀਆਂ ਚੋਂ ਦੇਸ਼ ਭਰ ‘ਚ  ਪਹਿਲਾ ਸਥਾਨ

ਅਸ਼ੋਕ ਵਰਮਾ, ਬਠਿੰਡਾ:  ਸੀ.ਬੀ.ਐਸ.ਈ. ਵੱਲੋਂ ਦੇਸ਼ ਭਰ ਵਿਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦੀਆਂ  ਸੀਟਾਂ  ਲਈ ਦਾਖ਼ਲੇ ਵਾਸਤੇ ਨੀਟ (ਨੈਸ਼ਨਲ ਇਲੈਜਿਬਿਲਿਟੀ ਕਮ ਐਂਟਰਸ ਟੈਸਟ) ਪ੍ਰੀਖਿਆ ਦੌਰਾਨ ਬਠਿੰਡਾ ਦੀ ਧੀਅ ਨੇ ਕੌਮੀ ਪੱਧਰ ਤੇ ਨਾ ਕੇਵਲ ਆਪਣੇ ਸ਼ਹਿਰ ਬਲਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਬਠਿੰਡਾ ਦੀ ਲੜਕੀ ਨਿਕਿਤਾ ਨੇ ਨੀਟ ਪ੍ਰੀਖਿਆ ਦੌਰਾਨ ਲੜਕੀਆਂ ਚੋਂ ਦੇਸ਼ ਭਰ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਕੌਮੀ ਪੱਧਰ ਤੇ ਸਮੁੱਚੇ ਤੌਰ ਤੇ ਉਸ ਦਾ ਅੱਠਵਾਂ ਰੈਂਕ ਆਇਆ ਹੈ ਨਿਕਿਤਾ ਦੇ ਕੁੱਲ 720 ਨੰਬਰਾਂ ਚੋਂ 690 ਨੰਬਰ ਆਏ ਹਨ ਜਦੋਂ ਇਹ ਖਬਰ ਪੁੱਜੀ ਤਾਂ ਨਿਕਿਤਾ ਦੇ ਮਾਪਿਆਂ ਦਾ ਚਾਅ ਨਾਂ ਚੁੱਕਿਆ ਗਿਆ

ਖੇਤੀ ਵਿਕਾਸ ਅਫਸਰ ਹਨ ਨਿਕਿਤਾ ਦੇ ਪਿਤਾ

ਨਿਕਿਤਾ ਦੇ ਪਿਤਾ ਸੁਰੇਸ਼ ਕੁਮਾਰ ਗੋਇਲ ਜਿਲ੍ਹਾ ਖੇਤੀਬਾੜੀ ਵਿਭਾਗ ਬਠਿੰਡਾ ‘ਚ ਖੇਤੀ ਵਿਕਾਸ ਅਫਸਰ ਹਨ ਜਦੋਂ ਕਿ ਮਾਤਾ ਰਾਣੀ ਦੇਵੀ ਗੌਰਮਿੰਟ ਪੌਲੀਟੈਕਨੀਕ ਕਾਲਜ ‘ਚ ਸੀਨੀਅਰ ਲੈਕਚਰਾਰ ਹੈ  ਸਿਲਵਰ ਓਕਸ ਕਲੋਨੀ ‘ਚ ਅੱਜ ਨਤੀਜਾ ਆਉਣ ਤੋਂ ਬਾਅਦ ਮਾਪਿਆਂ ਨੇ ਆਪਣੀ ਬੱਚੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦੇ ਰੌਸ਼ਨ ਭਵਿੱਖ ਦੀ ਦੁਆ ਮੰਗੀ ਗੋਇਲ ਪ੍ਰੀਵਾਰ ਨੂੰ ਅੱਜ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ
ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਨਿਕਿਤਾ ਦੀ ਪਹਿਲੀ ਪ੍ਰਤੀਕਿਰਿਆ ਸੀ ਕਿ ‘ਸਖਤ ਰਾਹਾਂ ਤੇ ਸਫਰ ਆਸਾਨ ਲੱਗਦੈ, ਇਹ ਮੇਰੇ ਮਾਪਿਆਂ ਦੀਆਂ ਦੁਆਵਾਂ ਦਾ ਅਸਰ ਲੱਗਦਾ ਹੈ’ ਨਿਕਿਤਾ ਨੇ ਦੱਸਿਆ ਕਿ ਇਸ ਸਫਲਤਾ ਨਾਲ ਹੁਣ ਉਸਦੀਆਂ ਜਿੰਮੇਵਾਰੀਆਂ ਤੇ ਮਾਤਾ ਪਿਤਾ ਦੀਆਂ ਉਮੀਦਾਂ ਬਹੁਤ ਵਧ ਗਈਆਂ ਹਨ ਜਿੰਨ੍ਹਾਂ ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰੇਗੀ

ਨਿਕਿਤਾ ਨੇ ਦੱਸਿਆ ਕਿ ਉਸ ਨੇ ਨੀਟ ਵਿਚ ਚੰਗੀ ਪੁਜ਼ੀਸ਼ਨ ਹਾਸਲ ਕਰਨ ਲਈ ਬੜੀ ਸਖਤ ਮਿਹਨਤ ਕੀਤੀ ਹੈ ਇਸ ਕੰਮ ਲਈ ਉਸ  ਦੇ ਮਾਤਾ-ਪਿਤਾ ਨੇ ਬਹੁਤ ਹੀ ਸਹਿਯੋਗ ਦਿੱਤਾ ਹੈ ਜਿਸ ਕਾਰਨ ਹੀ ਇਹ ਮੁਕਾਮ ਹਾਸਲ ਹੋ ਸਕਿਆ ਹੈ ਨਿਕਿਤਾ ਦਾ ਬੜੇ ਮਾਣ ਨਾਲ ਕਹਿਣਾ ਸੀ ਕਿ ਉਸ ਦਾ ਸੁਪਨਾ ਡਾਕਟਰ ਬਣਨ ਦਾ ਹੈ, ਜੋ ਪੂਰਾ ਹੁੰਦਾ ਜਾਪਦਾ ਹੈ  ਨੀਟ ਦੀ ਤਿਆਰੀ ਵਿਚ ਜਿੱਥੇ ਉਸ ਨੇ ਆਪਣੇ ਕੋਚਿੰਗ ਸੈਂਟਰ ਦੀ ਕੋਚਿੰਗ ਦੌਰਾਨ ਦਰਸਾਏ ਰਾਹ ਨੂੰ ਜਿੰਮੇਵਾਰ  ਦੱਸਿਆ ਹੈ ਉਥੇ ਬਾਇਆਓਲੀਜੀ ਸਬੰਧੀ ਸਿੱਖਿਆ ਮੌਕੇ ਆਪਣੇ ਅਧਿਆਪਕ ਤੋਂ  ਮਿਲੇ ਅਥਾਹ ਸਹਿਯੋਗ ਦਾ ਵੀ ਜ਼ਿਕਰ ਕੀਤਾ ਨਿਕਿਤਾ ਨੇ ਕਿਹਾ ਕਿ ਉਹ ਡਾਕਟਰ ਬਣ ਕੇ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ