ਸ੍ਰੀ ਮੁਕਤਸਰ ਸਾਹਿਬ ਦੇ ਨਵਦੀਪ ਨੇ ਨੀਟ ‘ਚ ਕੀਤਾ ਟਾਪ

Navdeep, Topped, the NET

ਦਿਨ-ਰਾਤ ਦੀ ਸਖਤ ਮਿਹਨਤ ਨਾਲ ਹਾਸਲ ਹੋਇਆ ਮੁਕਾਮ: ਨਵਦੀਪ

ਭਜਨ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ: ਸੀ. ਬੀ. ਐੱਸ. ਈ. ਨੀਟ 2017 ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਇਸ ਨਤੀਜੇ ‘ਚ ਮੁਕਤਸਰ ਦੇ ਨਵਦੀਪ ਸਿੰਘ ਪੁੱਤਰ ਪ੍ਰਿੰਸੀਪਲ ਗੋਪਾਲ ਸਿੰਘ ਨੇ ਨੀਟ 2017 ਦੀ ਪ੍ਰੀਖਿਆ ‘ਚ ਪਹਿਲਾ ਸਥਾਨ ਹਾਸਲ ਕਰਦਿਆਂ 700 ਅੰਕਾਂ ‘ਚੋਂ 697 ਅੰਕ ਲੈ ਕੇ ਬਾਜ਼ੀ ਮਾਰੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਦੀਪ ਨੇ ਕਿਹਾ ਕਿ ਇਹ ਮੁਕਾਮ ਉਸ ਨੂੰ ਦਿਨ-ਰਾਤ ਇੱਕ ਕਰਕੇ ਕੀਤੀ ਗਈ ਸਖਤ ਮਿਹਨਤ ਕਰਕੇ ਹਾਸਲ ਹੋਇਆ ਹੈ।

ਦੱਸਣਯੋਗ ਹੈ ਕਿ ਉਕਤ ਵਿਦਿਆਰਥੀ ਨੇ ਸਥਾਨਕ ਬਠਿੰਡਾ ਰੋਡ ਸਥਿਤ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ। ਉਸਨੇ ਹੈਲੈਕਸ ਇੰਸਟੀਚਿਊਟ ਤੋਂ 2 ਸਾਲ ਕੋਚਿੰਗ ਲਈ।

ਨਵਦੀਪ ਸਿੰਘ ਨੇ ਦੱਸਿਆ ਕਿ ਉਸਦਾ ਸੁਪਨਾ ਡਾਕਟਰ ਬਣਨ ਦਾ ਹੈ ਅਤੇ ਉਹ ਅਗਲੇਰੀ ਪੜਾਈ ਮੈਡੀਕਲ ਕਾਲਜ ਦਿੱਲੀ ਤੋਂ ਕਰੇਗਾ। ਉਸਦੇ ਪਿਤਾ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਹਮੇਸ਼ਾ ਮਿਹਨਤ ਤੇ ਲਗਨ ਨਾਲ ਪੜਦਾ ਰਿਹਾ ਹੈ।

ਮਾਤਾ ਸਿਮਰਜੀਤ ਕੌਰ ਨੇ ਦੱਸਿਆ ਕਿ ਬੇਟੇ ਨੇ ਇਹ ਪ੍ਰਾਪਤੀ ਕਰਕੇ ਪੰਜਾਬ ਦਾ ਨਾਂਅ ਦੇਸ਼ ਭਰ ਵਿਚੋਂ ਰੋਸ਼ਨ ਕੀਤਾ ਹੈ। ਉਕਤ ਵਿਦਿਆਰਥੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।