ਸਖਤ ਸਿਹਤ ਤੇ ਸੁਰੱਖਿਆ ਪ੍ਰਬੰਧਾਂ ਨਾਲ ਨੇਪਰੇ ਚੜ੍ਹੀ ਨੀਟ ਪ੍ਰੀਖਿਆ

ਪੰਜਾਬ ਦੇ 6 ਜ਼ਿਲ੍ਹਿਆਂ ‘ਚ ਬਣਾਏ ਗਏ ਸਨ 36 ਪ੍ਰੀਖਿਆ ਕੇਂਦਰ

ਬਠਿੰਡਾ ਜ਼ਿਲ੍ਹੇ ‘ਚ ਸਨ ਸਭ ਤੋਂ ਵੱਧ 11 ਪ੍ਰੀਖਿਆ ਕੇਂਦਰ

ਬਠਿੰਡਾ,(ਸੁਖਜੀਤ ਮਾਨ) ਕਈ ਰਾਜਾਂ ਦੇ ਵਿਰੋਧ ਦੇ ਬਾਵਜ਼ੂਦ ਵੱਕਾਰੀ ਨੀਟ ਪ੍ਰੀਖਿਆ ਅੱਜ ਨੇਪਰੇ ਚੜ੍ਹ ਗਈ ਇਸ ਪ੍ਰੀਖਿਆ ਲਈ ਪੰਜਾਬ ਦੇ 6 ਜ਼ਿਲ੍ਹਿਆਂ ‘ਚ 36 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਇਹ ਕੇਂਦਰ ਜ਼ਿਲ੍ਹਾ ਬਠਿੰਡਾ, ਮੋਹਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ‘ਚ ਬਣਾਏ ਗਏ ਸਨ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਿਹਤ ਪ੍ਰਤੀ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਵਿਦਿਆਰਥੀਆਂ ਨੂੰ ਥਰਮਲ ਸਕੈਨਿੰਗ (ਤਾਪਮਾਨ ਚੈਕਿੰਗ) ਕਰਕੇ ਹੀ ਪ੍ਰੀਖਿਆ ਕੇਂਦਰਾਂ ‘ਚ ਦਖਲ ਹੋਣ ਦਿੱਤਾ ਗਿਆ

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜ਼ਿਲ੍ਹਾ ਬਠਿੰਡਾ ‘ਚ ਪੰਜਾਬ ਦੇ ਸਭ ਤੋਂ ਵੱਧ 11 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਇਨ੍ਹਾਂ 11 ਕੇਂਦਰਾਂ ‘ਚੋਂ 4 ਬਠਿੰਡਾ ਸ਼ਹਿਰ ਦੇ ਵੱਖ-ਵੱਖ ਸਕੂਲਾਂ, 2 ਬਠਿੰਡਾ ਕੈਂਟ, 1 ਭਗਤਾ ਭਾਈਕਾ, 1 ਰਾਮਪੁਰਾ ਫੂਲ, 1 ਭੁੱਚੋ ਖੁਰਦ, 1 ਰਾਮਾਂ ਮੰਡੀ ਅਤੇ 1 ਨਥਾਣਾ ਵਿਖੇ ਬਣਾਇਆ ਗਿਆ ਸੀ ਇਸ ਪ੍ਰੀਖਿਆ ਦੇ ਮੱਦੇਨਜ਼ਰ ਐਤਵਾਰ ਨੂੰ ਲੱਗਣ ਵਾਲਾ ਕਰਫਿਊ ਇਸ ਐਤਵਾਰ ਨਹੀਂ ਲਗਾਇਆ ਗਿਆ ਸੀ ਜਿਸ ਕਾਰਨ ਕੁੱਝ ਬੱਸਾਂ ਤੋਂ ਇਲਾਵਾ ਸਪੈਸ਼ਲ ਟ੍ਰੇਨਾਂ ਵੀ ਚੱਲੀਆਂ ਸਨ

ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰ ਵੇਲੇ ਦੋ ਟ੍ਰੇਨਾਂ ਆਈਆਂ ਜਿੰਨ੍ਹਾਂ ‘ਚੋਂ ਇੱਕ ਰਾਜਸਥਾਨ ਦੇ ਸ੍ਰੀਗੰਗਾਨਰ ਤੋਂ ਅਤੇ ਇੱਕ ਹਰਿਆਣਾ ਦੇ ਭਿਵਾਨੀ ਤੋਂ ਬਠਿੰਡਾ ਪੁੱਜੀ ਸ੍ਰੀਗੰਗਾਨਗਰ ਤੋਂ ਆਈ ਟ੍ਰੇਨ ‘ਚ ਕਰੀਬ 44 ਵਿਦਿਆਰਥੀ ਪੁੱਜੇ ਜਦੋਂਕਿ ਭਿਵਾਨੀ ਤੋਂ ਆਈ ਟ੍ਰੇਨ ‘ਚ 107 ਵਿਦਿਆਰਥੀ ਸਨ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਆਪਣੇ ਨਿੱਜੀ ਵਾਹਨਾਂ ਅਤੇ ਬੱਸਾਂ ਰਾਹੀਂ ਵੀ ਆਏ ਬਠਿੰਡਾ ਰੇਲਵੇ ਸਟੇਸ਼ਨ ‘ਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਕਾਇਦਾ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਗਿਆ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਤਾਇਨਾਤ ਸਨ

ਸਟੇਸ਼ਨ ‘ਤੇ ਪੁੱਜੇ ਵਿਦਿਆਰਥੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਪੈਸ਼ਲ ਟ੍ਰੇਨਾਂ ਚਲਾਉਣ ਨਾਲ ਉਨ੍ਹਾਂ ਨੂੰ ਕਾਫੀ ਸੌਖ ਰਹੀ ਕਿਉਂਕਿ ਮਿਥੇ ਸਮੇਂ ਤੋਂ ਪਹਿਲਾਂ ਅਤੇ ਆਰਾਮ ਨਾਲ ਪ੍ਰੀਖਿਆ ਕੇਂਦਰ ਵਾਲੇ ਸ਼ਹਿਰਾਂ ਤੱਕ ਪੁੱਜ ਜਾਣਗੇ ਰੇਲਵੇ ਅਧਿਕਾਰੀ ਰਾਜ ਕੁਮਾਰ ਨੇ ਦੱਸਿਆ ਕਿ ਅੱਜ ਦੋ ਟ੍ਰੇਨਾਂ ਬਠਿੰਡਾ ਪੁੱਜੀਆਂ ਜਿੰਨ੍ਹਾਂ ‘ਚੋਂ ਸ੍ਰੀਗੰਗਾਨਗਰ ਤੋਂ ਅਬੋਹਰ ਅਤੇ ਮਲੋਟ ਹੁੰਦੀ ਹੋਈ ਟ੍ਰੇਨ ਬਠਿੰਡਾ ਆਈ ਜਦੋਂਕਿ ਭਿਵਾਨੀ ਤੋਂ ਹਿਸਾਰ ਹੁੰਦੀ ਹੋਈ

ਟ੍ਰੇਨ ਇੱਥੇ ਪੁੱਜੀ ਰੇਲਵੇ ਸਟੇਸ਼ਨ ‘ਤੇ ਮੌਜੂਦ ਡੀਐਸਪੀ ਸਿਟੀ-1 ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਕੁੱਝ ਸਮਾਜ ਵਿਰੋਧੀ ਜਥੇਬੰਦੀਆਂ ਵੱਲੋਂ ਟ੍ਰੇਨਾਂ ਰੋਕਣ ਦਾ ਸੱਦਾ ਦਿੰਦਿਆਂ ਇਹ ਖ਼ਬਰ ਉਡਾਈ ਸੀ ਕਿ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਦੇ ਹੱਕ ‘ਚ ਹਨ ਪਰ ਅਜਿਹਾ ਕੁੱਝ ਨਹੀਂ ਪਰ ਉਨ੍ਹਾਂ ਨੇ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਸਨ ਰੋਮਾਣਾ ਨੇ ਦੱਸਿਆ ਕਿ ਵਿਦਿਆਰਥੀ ਵੀ ਪੇਪਰ ਦੇਣ ਇੱਥੇ ਪੁੱਜੇ ਹਨ ਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਤੱਕ ਇਹ ਸੁਰੱਖਿਆ ਇੰਤਜਾਮ ਰਹਿਣਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.