ਬਿਹਾਰ ਦੀ ਕਲਪਨਾ ਕੁਮਾਰੀ ਰਹੀ ਮੋਹਰੀ
ਨਵੀਂ ਦਿੱਲੀ, (ਏਜੰਸੀ)। ਦੇਸ਼ ਦੇ ਮੈਡੀਕਲ ਕਾਲਜਾਂ ‘ਚ ਦਾਖਲੇ ਲਈ ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਕਰਵਾਈ ਕੌਮੀ ਪਾਤਰਤਾ ਦਾਖਲਾ ਪ੍ਰੀਖਿਆ (ਨੀਟ) ਦੇ ਨਤੀਜਿਆਂ ਦਾ ਸੋਮਵਾਰ ਨੂੰ ਐਲਾਨ ਕੀਤਾ ਗਿਆ, ਜਿਸ ‘ਚ ਸੱਤ ਲੱਖ 14 ਹਜ਼ਾਰ 562 ਵਿਦਿਆਰਥੀ ਸਫਲ ਐਲਾਨ ਕੀਤੇ ਗਏ ਇਸ ਪ੍ਰੀਖਿਆ ‘ਚ 12 ਲੱਖ 69 ਹਜ਼ਾਰ 922 ਵਿਦਿਆਰਥੀ ਸ਼ਾਮਲ ਹੋਏ ਸਨ ਬਿਹਾਰ ਦੀ ਕਲਪਨਾ ਕੁਮਾਰੀ ਨੇ ਸਭ ਤੋਂ ਜ਼ਿਆਦਾ 691 ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਤੇਲੰਗਾਨਾ ਦੇ ਰੋਹਿਤ ਪੁਰੋਹਿਤ ਅਤੇ ਦਿੱਲੀ ਦੇ ਹਿਮਾਂਸ਼ੂ ਸ਼ਰਮਾ 690 ਅੰਕ ਲਿਆ ਕੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ।
ਸੀਬੀਐਸਈ ਦੀ ਸੋਮਵਾਰ ਨੂੰ ਜਾਰੀ ਪੱਤਰ ਅਨੁਸਾਰ ਨੀਟ ਸਾਲ 2018 ਦੀ ਪ੍ਰੀਖਿਆ ਦੇ ਨਤੀਜੇ ਸੀਬੀਐਸਈ ਦੀ ਵੈਬਸਾਈਟ ‘ਤੇ ਵੇਖੇ ਜਾ ਸਕਦੇ ਹਨ। ਪੱਤਰ ਅਨੁਸਾਰ ਆਮ ਵਰਗ ਦੇ ਵਿਦਿਆਰਥੀਆਂ ਲਈ ਕਟ ਆਫ 691-199 ਤੱਕ ਤੈਅ ਕੀਤੇ ਗਏ ਹਨ ਜਦੋਂਕਿ ਰਾਖਵਾਂਕਰਨ ਵਰਗ ਲਈ 118 ਤੋਂ ਲੈ ਕੇ 96 ਤੱਕ ਕਟ ਆਫ ਤੈਅ ਕੀਤੇ ਗਏ ਹਨ। ਪੱਤਰ ਦੇ ਆਮ ਵਰਗ ਦੇ ਦਿਵਿਆਂਗ ਵਿਦਿਆਰਥੀਆਂ ਲਈ ਕਟ ਆਫ 118 ਤੋਂ 107 ਤੈਅ ਕੀਤਾ ਗਿਆ ਹੈ ਜਦੋਂਕਿ ਰਾਖਵਾਂਕਰਨ ਵਰਗ ਦੇ ਦਿਵਿਆਂਗ ਵਿਦਿਆਰਥੀਆਂ ਲਈ ਕਟ ਆਫ 106 ਤੋਂ 96 ਤੈਅ ਕੀਤਾ ਗਿਆ ਹੈ।
ਪੱਤਰ ਅਨੁਸਾਰ ਕੁੱਲ 13 ਲੱਖ 26 ਹਜ਼ਾਰ 725 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ, ਜੋ ਪਿਛਲੇ ਸਾਲ ਦੀ ਪ੍ਰੀਖਿਆ ‘ਚ ਰਜਿਸਟਰਡ ਵਿਦਿਆਰਥੀਆਂ ਦੀ ਗਿਣਤੀ ਤੋਂ 16.49 ਫੀਸਦੀ ਜ਼ਿਆਦਾ ਹੈ। ਇਸ ਵਾਰ ਦੀ ਪ੍ਰੀਖਿਆ ‘ਚ ਕੁੱਲ 12 ਲੱਖ 69 ਹਜ਼ਾਰ 922 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਦੋਂਕਿ 56 ਹਜ਼ਾਰ 803 ਵਿਦਿਆਰਥੀ ਪ੍ਰੀਖਿਆ ਤੋਂ ਗਾਇਬ ਰਹੇ ਸਫਲ ਹੋਣ ਵਾਲੇ ਵਿਦਿਆਰਥੀਆਂ ‘ਚ ਤਿੰਨ ਲੱਖ 12 ਹਜ਼ਾਰ 399 ਲੜਕੇ ਹਨ, ਜਦੋਂਕਿ 4 ਲੱਖ 2 ਹਜ਼ਾਰ 162 ਲੜਕੀਆਂ ਹਨ। ਇਸ ਵਾਰ ਨੀਟ ਪ੍ਰੀਖਿਆਵਾਂ ਇੰਗਲਿਸ਼, ਹਿੰਦੀ, ਤੇਲਗੂ, ਅਸਮੀਆ, ਗੁਜਰਾਤੀ, ਮਰਾਠੀ, ਤਮਿਲ, ਬੰਗਲਾ, ਕੰਨੜ, ਉਰਦੂ ਦੇ ਨਾਲ-ਨਾਲ ਕਈ ਖੇਤਰੀ ਭਾਸ਼ਾਵਾਂ ‘ਚ ਹੋਈ।