ਸਾਡੇ ਨਾਲ ਸ਼ਾਮਲ

Follow us

20.4 C
Chandigarh
Tuesday, January 20, 2026
More
    Home Breaking News ਸ੍ਰ. ਭਗਤ ਸਿੰਘ...

    ਸ੍ਰ. ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ ਦੀ ਲੋੜ

    Bhagat Singh

    ਭਾਰਤ ਦੇਸ਼ ਦੀ ਧਰਤੀ ’ਤੇ ਜਿੱਥੇ ਮਹਾਨ ਦੇਸ਼ ਭਗਤਾਂ, ਸੂਰਬੀਰਾਂ, ਬਹਾਦਰਾਂ ਅਤੇ ਸਿਰਲੱਥ ਯੋਧਿਆਂ ਦਾ ਜਨਮ ਹੋਇਆ, ਉੱਥੇ ਇਸ ਧਰਤੀ ’ਤੇ ਹੀ ਇੱਕ ਅਜਿਹੇ ਮਹਾਨ ਦੇਸ਼ ਭਗਤ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ (Bhagat Singh) ਦਾ ਵੀ ਜਨਮ ਹੋਇਆ, ਜਿਸ ਨੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦੇਸ਼ ਭਗਤੀ ਦੀ ਮੋਹਰ ਲਾ ਦਿੱਤੀ।

    ਸ਼ਹੀਦ ਕੌਮਾਂ, ਮਜ੍ਹਬਾਂ, ਜਾਤਾਂ-ਪਾਤਾਂ ਦੀ ਕੰਧ ਢਾਹ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗਦਰਸ਼ਕ ਬਣ ਕੇ, ਮਾਤ-ਭੂਮੀ ਦੀ ਖਾਤਰ ਜਾਨਾਂ ਕੁਰਬਾਨ ਕਰਨ ਦਾ ਜਜ਼ਬਾ ਪੈਦਾ ਕਰਕੇ ਇਤਿਹਾਸ ਦਾ ਰੁਖ਼ ਬਦਲ ਦਿੰਦੇ ਹਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜੇ ਤੱਕ ਭਾਰਤ ਦੇਸ਼ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ (Bhagat Singh) ਦੇ ਸੁਪਨਿਆਂ ਦਾ ਉਹ ਅਜਾਦ ਭਾਰਤ ਨਹੀਂ ਬਣ ਸਕਿਆ, ਜਿਸ ਦਾ ਸੁਪਨਾ ਭਗਤ ਸਿੰਘ ਤੇ ਉਸ ਦੇ ਇਨਕਲਾਬੀ ਸਾਥੀਆਂ ਨੇ ਦੇਖਿਆ ਸੀ। ਕਿਉਂਕਿ ਦੇਸ਼ ਦੀ ਸੱਤਾ ’ਤੇ ਜਿੰਨੀਆਂ ਵੀ ਸਰਕਾਰਾਂ ਕਾਬਜ਼ ਹੋਈਆਂ ਹਨ, ਉਨ੍ਹਾਂ ਵੱਲੋਂ ਦੇਸ਼ ਦੇ ਹਰੇਕ ਨਾਗਰਿਕ ਨੂੰ ਅਜੇ ਤੱਕ ਬਰਾਬਰ ਦੇ ਹੱਕ ਪ੍ਰਾਪਤ ਹੀ ਨਹੀਂ ਹੋ ਸਕੇ।

    ਅਮਨ ਕਾਨੂੰਨੀ ਦੀ ਹਾਲਤ ਡਾਵਾਂਡੋਲ | Bhagat Singh

    ਅੱਜ ਦੇ ਇਸ ਮਹਿੰਗਾਈ ਭਰੇ ਯੁੱਗ ਅੰਦਰ ਜੋ ਹਾਲਤ ਇੱਕ ਆਮ ਨਾਗਰਿਕ ਦੀ ਹੋ ਰਹੀ ਹੈ, ਇਸ ਸਭ ਕਾਸੇ ਦੇ ਜਿੰਮੇਵਾਰ ਦੇਸ਼ ਦੇ ਹਾਕਮ ਹੀ ਹਨ। ਕਿਉਂਕਿ ਖਰਾਬੀ ਸਿਸਟਮ ਅੰਦਰ ਹੈ, ਇਨ੍ਹਾਂ ਦੀਆਂ ਆਰਥਿਕ ਨੀਤੀਆਂ ਕਰਕੇ ਹੀ ਆਮ ਨਾਗਰਿਕ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋਇਆ ਪਿਆ ਹੈ। ਦੇਸ਼ ਅੰਦਰ ਅਮਨ-ਕਾਨੂੰਨ ਦੀ ਹਾਲਤ ਵੀ ਡਾਵਾਂਡੋਲ ਨਜ਼ਰ ਆ ਰਹੀ ਹੈ। ਗਰੀਬੀ ਦੇ ਵਧ ਰਹੇ ਦੈਂਤ ਕਰਕੇ ਮਜ਼ਦੂਰ ਵਰਗ, ਗਰੀਬ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋਇਆ ਪਿਆ ਹੈ। ਆਖ਼ਰ ਖਰਾਬੀ ਕਿੱਥੇ ਹੈ? ਖਰਾਬੀ ਸਿਸਟਮ ਵਿੱਚ ਹੈ, ਸਿਸਟਮ ਸਰਕਾਰਾਂ ਬਣਾਉਂਦੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਸਿਵਾਏ ਸੱਤਾ ਦੇ ਮੋਹ ਤੋਂ ਕੁਝ ਨਜ਼ਰ ਨਹੀਂ ਆ ਰਿਹਾ।

    ਇੱਕ ਸਵਾਲ ਦੇਸ਼ ਦੇ ਆਗੂਆਂ ਨੂੰ ਕਿ ਕੀ ਭਗਤ ਸਿੰਘ ਨੇ ਅਜਿਹੀ ਅਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ? ਅਨੇਕਾਂ ਦੇਸ਼ ਭਗਤਾਂ, ਸਿਰਲੱਥ ਯੋਧਿਆਂ ਨੇ ਆਪਣੀ ਜ਼ਿੰਦਗੀ ਦੀਆਂ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸਨ ਕਿ ਦੇਸ਼ ਦੇ ਹਰੇਕ ਨਾਗਰਿਕ ਨੂੰ ਬਰਾਬਰ ਦਾ ਹੱਕ ਮਿਲੇ, ਹਰੇਕ ਨਾਗਰਿਕ ਅਜ਼ਾਦੀ ਨਾਲ ਜ਼ਿੰਦਗੀ ਬਸਰ ਕਰ ਸਕੇ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜ਼ਾਦੀ ਮਿਲਣ ਦਾ ਐਨਾ ਸਮਾਂ ਬੀਤ ਜਾਣ ’ਤੇ ਵੀ ਸਾਡੀਆਂ ਸਰਕਾਰਾਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ’ਚ ਅਸਮਰੱਥ ਰਹੀਆਂ ਹਨ। ਬੇਰੁਜ਼ਗਾਰੀ, ਭਿ੍ਰਸ਼ਟਾਚਾਰੀ, ਅੱਤ ਦੀ ਮਹਿੰਗਾਈ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ।

    ਵਿਚਾਰਧਾਰਾ ਦੀ ਗੱਲ | Bhagat Singh

    ਗੱਲ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਕਰ ਰਹੇ ਹਾਂ, ਜਿਸ ਨਾਲ ਅੱਜ ਹਰੇਕ ਭਾਰਤੀ ਨਾਗਰਿਕ ਨੂੰ ਜਾਣੂ ਕਰਵਾਉਣ ਦੀ ਵਧੇਰੇ ਲੋੜ ਹੈ। ਭਗਤ ਸਿੰਘ ਦੀ ਵਿਚਾਰਧਾਰਾ ’ਚ ਸਮੱੁਚੀ ਮਨੁੱਖੀ ਜਾਤੀ ਦੀ ਮਹਾਨ ਸੇਵਾ ਕਰਨ ਦਾ ਗੁਣ ਹੈ। ਜਦੋਂ ਮੌਤ ਦਾ ਡਰ ਤੁਹਾਡੇ ਤੋਂ ਦੂਰ ਹੋ ਜਾਂਦਾ ਹੈ ਜਾਂ ਇੰਝ ਕਹੀਏ ਕਿ ਤੁਸੀਂ ਮੌਤ ਤੋਂ ਉੱਪਰ ਉੱਠ ਜਾਂਦੇ ਹੋ ਉਦੋਂ ਤੁਹਾਡੇ ਦਿਲ ਵਿਚ ਇੱਕ ਭਗਤ ਸਿੰਘ ਪੈਦਾ ਹੁੰਦਾ ਹੈ। ਇਹ ਉਹ ਹਾਲਾਤ ਹਨ ਜਦੋਂ ਤੁਸੀਂ ਆਪਣੇ-ਆਪ ਨੂੰ ਉਸ ਥਾਂ ’ਤੇ ਲਿਆ ਕੇ ਖੜ੍ਹਾ ਕਰ ਦਿੰਦੇ ਹੋ, ਜਿੱਥੇ ਡਰ, ਵਿਵਾਦ, ਗੁੱਸਾ, ਮੌਤ ਜਿਹੀਆਂ ਚੀਜ਼ਾਂ ਦਾ ਕੋਈ ਵਜੂਦ ਨਹੀਂ ਰਹਿੰਦਾ।

    ਕਹਿੰਦੇ ਹਨ ਕਿ ਫਾਂਸੀ ਤੋਂ ਪਹਿਲਾਂ ਦੀ ਰਾਤ ਜੇਲ੍ਹ ਵਿਚ ਜਦੋਂ ਭਗਤ ਸਿੰਘ ਕਿਤਾਬ ਪੜ੍ਹ ਰਹੇ ਸਨ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਕੱਲ੍ਹ ਦੀ ਥਾਂ ਅੱਜ ਹੀ ਫਾਂਸੀ ਦਿੱਤੀ ਜਾਵੇਗੀ ਤਾਂ ਉਸ ਸਮੇਂ ਭਗਤ ਸਿੰਘ ਨੇ ਕਿਹਾ ਕਿ ਕਿਤਾਬ ਦੇ ਦੋ ਪੰਨੇ ਰਹਿ ਗਏ ਹਨ, ਜੇਕਰ ਕਹੋ ਤਾਂ ਪੜ੍ਹ ਲਵਾਂ, ਤਾਂ ਸਿਪਾਹੀ ਵੱਲੋਂ ਮਨ੍ਹਾ ਕਰਨ ’ਤੇ ਉਨ੍ਹਾਂ ਕਿਹਾ, ‘‘ਚਲੋ ਕੋਈ ਗੱਲ ਨਹੀਂ ਫਿਰ ਕਦੇ ਪੜ੍ਹ ਲਵਾਂਗਾ।’’ ਸ਼ਾਇਦ ਹੀ ਅੱਜ ਦੇ ਨੌਜਵਾਨ ਉਸ ਦੇਸ਼ ਭਗਤੀ ਦੀ ਭਾਵਨਾ ਨੂੰ ਮਹਿਸੂਸ ਕਰ ਸਕਣ!

    ਕਿਉਂਕਿ ਭਗਤ ਸਿੰਘ ਆਪਣੇ ਦਿਲ ਵਿਚ ਕੀ ਵਿਚਾਰ ਰੱਖਦੇ ਸਨ ਜਾਂ ਉਨ੍ਹਾਂ ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ ਉਸ ਨੂੰ ਸਮਝਿਆ ਨਹੀਂ ਜਾ ਸਕਦਾ, ਉਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਅਤੇ ਉਹ ਸਿਰਫ ਭਗਤ ਸਿੰਘ ਨੇ ਖੁਦ ਹੀ ਮਹਿਸੂਸ ਕੀਤਾ ਹੋਵੇਗਾ ਉਹ ਕਿਹੋ-ਜਿਹਾ ਪੁੱਤਰ ਹੋਵੇਗਾ ਜੋ ਆਪਣੀ ਮੌਤ ’ਤੇ ਆਪਣੀ ਮਾਂ ਨੂੰ ਰੋਣ ਤੋਂ ਰੋਕਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਭਗਤ ਸਿੰਘ ਦੀ ਮਾਂ ਰੋਵੇਗੀ ਤਾਂ ਲੋਕ ਕੀ ਕਹਿਣਗੇ। ਉਹ ਅੱਖਾਂ ਵੀ ਕਿਹੋ-ਜਿਹੀਆਂ ਅੱਖਾਂ ਹੋਣਗੀਆਂ ਜਿਨ੍ਹਾਂ ਵਿੱਚ ਇੱਕ ਪਲ ਵੀ ਮੌਤ ਦਾ ਖੌਫ਼ ਨਹੀਂ ਰਿਹਾ।

    ਵਿਚਾਰ ਵਾਰ-ਵਾਰ ਦਿਮਾਗ ਵਿਚ ਆਉਂਦਾ ਹੈ | Bhagat Singh

    ਉਹ ਉਸ ਸੱਚਾਈ ਨੂੰ ਜਾਣ ਚੁੱਕੇ ਸਨ ਕਿ ਮੌਤ ਅਟੱਲ ਹੈ, ਮੌਤ ਹੀ ਸੱਚ ਹੈ, ਬੱਸ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਉਸ ਵੱਲ ਬੇਖੌਫ ਹੋ ਕੇ ਵਧਦੇ ਹੋ ਜਾਂ ਉਹ ਤੁਹਾਨੂੰ ਡਰਾਉਂਦੇ ਹੋਏ ਤੁਹਾਡੇ ਵੱਲ ਵਧਦੀ ਹੈ। ਇੱਕ ਵਿਚਾਰ ਵਾਰ-ਵਾਰ ਦਿਮਾਗ ਵਿਚ ਆਉਂਦਾ ਹੈ ਕਿ ਕੀ ਅੱਜ ਦੇ ਨੌਜਵਾਨ ਉਸ ਭਗਤ ਸਿੰਘ ਵਰਗੇ ਹੋ ਸਕਦੇ ਹਨ? 23 ਸਾਲ ਦੀ ਉਮਰ ’ਚ ਜਦੋਂ ਅਸੀਂ ਹੁੰਦੇ ਹਾਂ ਤਾਂ ਸ਼ਾਇਦ ਸਾਡੇ ਸੁਪਨੇ ਹੀ ਕੁਝ ਹੋਰ ਹੁੰਦੇ ਹਨ।

    ਕਾਲਜ ਦਾ ਅੱਲ੍ਹੜਪਣ ਅਤੇ ਅਸਮਾਨ ਨੂੰ ਛੂਹਣ ਦੀ ਉਹ ਖਵਾਹਿਸ਼, ਪਰਿੰਦਿਆਂ ਦੇ ਵਾਂਗ ਉੱਡਣ ਦੀ ਉਹ ਚਾਹਤ ਅਤੇੇ ਸਿਗਰਟ ਦੇ ਧੂੰਏਂ ਦੇ ਛੱਲੇ ਬਣਾਉਂਦੇ ਨੌਜਵਾਨ ਕੀ ਉਸ ਭਗਤ ਸਿੰਘ ਦੇ ਦਿਲੋ-ਦਿਮਾਗ ਨੂੰ ਸਮਝ ਸਕਦੇ ਹਨ? ਉਹ ਵੀ ਕੀ ਜਨੂੰਨ ਹੋਵੇਗਾ ਜਦੋਂ ਖੇਡਣ-ਕੁੱਦਣ ਦੀ ਉਮਰ ’ਚ ਉਹ ਅੰਗਰੇਜ਼ਾਂ ਦੀਆਂ ਜ਼ਾਲਮ ਡਾਂਗਾਂ ਤੇ ਗੋਲੀਆਂ ਨਾਲ ਖੇਡਿਆ! ਅੱਜ ਦਾ ਨੌਜਵਾਨ ਉਸ ਅਹਿਸਾਸ ਨੂੰ ਇਸ ਲਈ ਨਹੀਂ ਜਿਉਂ ਸਕਦਾ ਕਿਉਂਕਿ ਹੁਣ ਉਹ ਚੁਣੌਤੀ ਭਰੇ ਹਾਲਾਤ ਹੀ ਨਹੀਂ ਰਹੇ ਹਨ, ਹੁਣ ਉਹ ਗੁਲਾਮੀ ਦੀਆਂ ਬੇੜੀਆਂ ਨਹੀਂ ਰਹੀਆਂ ਹਨ

    ਪਰ ਸਵਾਲ ਇਹ ਉੱਠਦਾ ਹੈ ਕਿ ਕੀ ਸੱਚਮੁਚ ਹੁਣ ਸਾਨੂੰ ਇਸ ਪਿਆਰੇ ਵਤਨ ਲਈ ਮਰ-ਮਿਟਣ ਦੀ ਲੋੜ ਨਹੀਂ ਹੈ? ਅੱਜ ਜੇਕਰ ਤੁਸੀਂ ਕਿਸੇ ਨੌਜਵਾਨ ਤੋਂ ਉਸ 23 ਸਾਲ ਦੇ ਅਜ਼ਾਦੀ ਦੇ ਦੀਵਾਨੇ ਵਾਂਗ ਗੱਲ ਕਰੋਗੇ ਤਾਂ ਸ਼ਾਇਦ ਉਹ ਤਹੁਾਨੂੰ ਬੇਵਕੂਫ ਜਾਂ ਪਾਗਲ ਸਮਝਣ। ਪਰ ਮੈਨੂੰ ਲੱਗਦਾ ਹੈ ਕਿ ਹੁਣ ਫਿਰ ਜਰੂਰਤ ਹੈ ਉਨ੍ਹਾਂ ਵਿਚਾਰਾਂ, ਜਜ਼ਬੇ, ਹਿੰਮਤ, ਜਿੱਦ ਤੇ ਉਨ੍ਹਾਂ ਬੇਖੌਫ ਅੱਖਾਂ ਦੀ ਜੋ ਭਾਰਤ ਨੂੰ?ਫਿਰ ਸੋਨੇ ਦੀ ਚਿੜੀ ਬਣਾ ਸਕਣ।

    ਨੌਜਵਾਨ ’ਚ ਬਦਲਾਅ ਦੀ ਆਸ ਭਰਨ ਦੀ ਲੋੜ | Bhagat Singh

    ਅਸੀਂ ਚੰਦ ਅਤੇ ਮੰਗਲ ’ਤੇ ਪਚੁੰਚ ਗਏ ਹਾਂ ਅਤੇ ਹਰ ਨੌਜਵਾਨ ਦੇ ਹੱਥਾਂ ’ਚ ਮੋਬਾਇਲ ਹੈ ਜਿਸ ਨਾਲ ਉਹ ਸਿਰਫ ਆਪਣੀ ਦੁਨੀਆਂ ਤੱਕ ਸਿਮਟ ਕੇ ਰਹਿ ਗਿਆ ਹੈ ਪਰ ਹੁਣ ਲੱਗਣ ਲੱਗਾ ਹੈ ਕਿ ਅੱਜ ਦੇ ਨੌਜਵਾਨ ਦੇ ਹੱਥ ’ਚ ਬਦਲਾਅ ਦੀ ਮਸ਼ਾਲ ਹੋਣੀ ਚਾਹੀਦੀ ਹੈ। ਅਜਿਹੀ ਮਸ਼ਾਲ ਜਿਸ ਦੀ ਲਾਟ ਅਤੇ ਰੌਸ਼ਨੀ ਭਾਰਤ ਵਿੱਚੋਂ ਭਿ੍ਰਸ਼ਟਾਚਾਰ, ਅੱਤਵਾਦ, ਜਾਤੀਵਾਦ, ਖੇਤਰਵਾਦ, ਭਾਸ਼ਾਵਾਦ, ਦੂਸ਼ਿਤ ਨੌਕਰਸ਼ਾਹੀ ਅਤੇ ਰਾਜਨੀਤੀ ਦਾ ਖਾਤਮਾ ਕਰਕੇ ਨਵੇਂ ਭਾਰਤ ਦਾ ਨਿਰਮਾਣ ਕਰ ਸਕੇ।

    ਅੱਜ ਜਰੂਰਤ ਹੈ ਭਗਤ ਸਿੰਘ ਦੇ ਉਸ ਇਨਕਲਾਬ ਜਿੰਦਾਬਾਦ ਦੇ ਨਾਅਰੇ ਦੀ ਜੋ ਫਿਰ ਤੋਂ ਨੌਜਵਾਨਾਂ ’ਚ ਬਦਲਾਅ ਦਾ ਅਹਿਸਾਸ ਭਰੇ, ਜ਼ਰੂਰਤ ਹੈ ਅਜਿਹੀਆਂ ਮਾਵਾਂ ਦੀ ਜੋ ਡਾਕਟਰ, ਇੰਜੀਨੀਅਰ, ਵਿਗਿਆਨਕ ਪੁੱਤ ਤਾਂ ਪੈਦਾ ਕਰਨ ਦੀ ਪਰ ਉਨ੍ਹਾਂ ਪੁੱਤਾਂ ਦੇ ਦਿਲ ’ਚ ਇੱਕ ਭਗਤ ਸਿੰਘ ਵੀ ਪੈਦਾ ਹੋਵੇ। ਭਾਵੇਂ ਹੀ ਅੱਜ ਦਾ ਨੌਜਵਾਨ ਡਾਕਟਰ, ਇੰਜੀਨੀਅਰ, ਵਿਗਿਆਨਕ ਬਣੇ ਪਰ ਭਗਤ ਸਿੰਘ ਵੀ ਬਣੇ, ਇਹ ਜ਼ਰੂਰੀ ਹੋ ਗਿਆ ਹੈ। ਕਿੳਂਕਿ ਅਜਿਹਾ ਨੌਜਵਾਨ ਡਾਕਟਰ, ਇੰਜੀਨੀਅਰ, ਵਿਗਿਆਨਕ, ਅਧਿਆਪਕ, ਵਪਾਰੀ ਕਿਸ ਕੰਮ ਦਾ ਜਿਸ ਦੇ ਦਿਲ ਵਿਚ ਦੇਸ਼ ਅਤੇ ਸਮਾਜ ਲਈ ਪਿਆਰ ਅਤੇ ਦੇਸ਼ਭਗਤੀ ਦੀ ਭਾਵਨਾ ਹੀ ਨਾ ਹੋਵੇ।

    ਪੜ੍ਹੇ-ਲਿਖੇ ਨੌਜਵਾਨਾਂ ਨਾਲ ਦੇਸ਼ ਤੇ ਸਮਾਜ ਦਾ ਨਿਰਮਾਣ ਕਿਸ ਤਰ੍ਹਾਂ ਹੋਵੇਗਾ

    ਅੱਜ ਸਮਾਜ ਅਤੇ ਦੇਸ਼ ਦੀ ਸਿੱਖਿਆ ਨੀਤੀ ਸਿਰਫ ਸੂਚਨਾ ਅਤੇ ਜਾਣਕਾਰੀ ਇਕੱਠੀ ਕਰਨ ਵਾਲਾ ਕੰਪਿਊਟਰ ਬੱਚਾ ਤਾਂ ਤਿਆਰ ਕਰ ਰਹੀ ਹੈ ਪਰ ਸਮਾਜ ਅਤੇ ਦੇਸ਼ ਦੇ ਕਲਿਆਣ ਦੀ ਭਾਵਨਾ ਰੱਖਣ ਵਾਲੇ ਦਿਲ, ਦਿਮਾਗ ਅਤੇ ਨੌਜਵਾਨ ਤਿਆਰ ਨਹੀਂ ਕਰ ਰਹੀ ਹੈ। ਇਹੀ ਸਮੱਸਿਆ ਬਣਦੀ ਜਾ ਰਹੀ ਹੈ ਕਿ ਸਿੱਖਿਅਤ ਅਤੇ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਤਾਂ ਵਧਦੀ ਜਾ ਰਹੀ ਹੈ, ਪਰ ਅਨੁਸ਼ਾਸਨਹੀਣ, ਸਵਾਰਥੀ ਅਤੇ ਸਿਰਫ ਆਪਣੇ ਬਾਰੇ ਸੋਚਣ ਵਾਲੇ ਪੜ੍ਹੇ-ਲਿਖੇ ਨੌਜਵਾਨਾਂ ਨਾਲ ਦੇਸ਼ ਤੇ ਸਮਾਜ ਦਾ ਨਿਰਮਾਣ ਕਿਸ ਤਰ੍ਹਾਂ ਹੋਵੇਗਾ । ਜਾਤੀ, ਧਰਮ, ਬਰਾਦਰੀ, ਵਰਗ, ਭਾਸ਼ਾ, ਖੇਤਰ ਦੇ ਆਧਾਰ ’ਤੇ ਵੰਡਿਆ ਹੋਇਆ ਨੌਜਵਾਨ ਜਿਸਦੇ ਖੁਦ ਦੇ ਕੋਈ ਵਿਚਾਰ ਨਹੀਂ ਹਨ ਜੋ ਕਿਸੇ ਦੇ ਵੀ ਵਿਚਾਰਾਂ ਦੇ ਪਿੱਛੇ ਲੱਗ ਜਾਂਦਾ ਹੈ ਉਹ ਭਲਾ ਦੇਸ਼ ਅਤੇ ਸਮਾਜ ਦਾ ਨਿਰਮਾਣ ਕਿਵੇਂ ਕਰੇਗਾ। ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

    ਵਿਚਾਰ ਕਰਨ ਵਾਲੀ ਗੱਲ

    ਅੱਜ ਦੇ ਨੌਜਵਾਨ ਕੋਲ ਆਪਣੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਦੇਸ਼ ਅਤੇ ਸਮਾਜ ਬਾਰੇ ਚਿੰਤਨ ਕਰਨ ਦਾ ਸਮਾਂ ਹੀ ਨਹੀਂ ਹੈ ਉਸ ਦੀ ਦੌੜ ਤਾਂ ਬੱਸ ਸਿਰਫ ਨੰਬਰ ਹਾਸਲ ਕਰਨਾ, ਜ਼ਿਆਦਾ ਵੱਡੀ ਗੱਡੀ, ਮਹਿੰਗੇ ਮੋਬਾਇਲ, ਵੱਡਾ ਘਰ ਅਤੇ ਜਿਆਦਾ ਤੋਂ ਜਿਆਦਾ ਸਹੂਲਤਵਾਂ ਦੀ ਹੀ ਹੈ, ਜਿਸ ਨੇ ਬੱਸ ਅੱਗੇ ਤੋਂ ਅੱਗੇ ਹੀ ਨਿੱਕਲਣਾ ਹੈ, ਪਰ ਮੰਜਿਲ ਕੀ ਹੈ ਇਸ ਦਾ ਅਹਿਸਾਸ ਹੀ ਨਹੀਂ ਹੈ। ਵਿਚਾਰ ਕਰਨ ਵਾਲੀ ਗੱਲ ਹੈ ਕਿ ਭਾਰਤ ਅਜਿਹੀ ਅਬਾਦੀ ਦਾ ਕਰੇਗਾ ਕੀ ਅਤੇ ਭਾਰਤ ਦਾ ਭਵਿੱਖ ਕੀ ਹੋਵੇਗਾ? ਸ਼ਾਇਦ ਅਸੀਂ ਮੁੜ ਗੁਲਾਮੀ ਵੱਲ ਜਾ ਰਹੇ ਹਾਂ। ਹਾਂ ਪਰ ਇਸ ਵਾਰ ਤਨ ਤੋਂ ਨਹੀਂ ਮਨ ਤੋਂ, ਵਿਚਾਰਾਂ ਤੋਂ ਜਰੂਰ ਗੁਲਾਮ ਹੁੰਦੇ ਜਾ ਰਹੇ ਹਾਂ। ਉਸ ਸਮੇਂ ਦੇਸ਼ ਦੀ ਗੁਲਾਮੀ ਦੀਆਂ ਬੇੜੀਆਂ ਤਾਂ ਸਾਡੇ ਮਹਾਨ ਕ੍ਰਾਂਤੀਕਾਰੀਆਂ ਨੇ ਕੱਟ ਸੁੱਟੀਆਂ ਸਨ ਪਰ ਸ਼ਾਇਦ ਅੱਜ ਦਾ ਨੌਜਵਾਨ ਇਨ੍ਹਾਂ ਮਨ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਨਹੀਂ ਤੋੜ ਰਿਹਾ!

    ਇਸ ਲਈ ਅੱਜ ਦਾ ਨੌਜਵਾਨ ਭਗਤ ਸਿੰਘ ਭਾਵੇਂ ਬਣੇ ਨਾ ਬਣੇ ਪਰ ਉਹ ਭਗਤ ਸਿੰਘ ਦੇ ਵਿਚਾਰਾਂ, ਉਸ ਦੇ ਜਜ਼ਬੇ, ਭਾਵਨਾਵਾਂ, ਉਸ ਦੀ ਜਿੱਦ ਦੀ ਮਸ਼ਾਲ ਨੂੰ ਆਪਣੇ ਦਿਲ ਵਿੱਚ ਜ਼ਰੂਰ ਰੁਸ਼ਨਾ ਕੇ ਰੱਖੇ ਤਾਂ ਕਿ ਭਾਰਤ ਦੇ ਸੋਹਣੇ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕੀਤਾ ਜਾ ਸਕੇ।

    ਹਰਪ੍ਰੀਤ ਸਿੰਘ ਬਰਾੜ
    ਮੇਨ ਏਅਰ ਫੋਰਸ ਰੋਡ, ਬੰਠਿਡਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here