ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Agriculture N...

    Agriculture News: ਸਰ੍ਹੋਂ ਦੇ ਕੀੜਿਆਂ ਤੇ ਬਿਮਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ

    Agriculture News
    Agriculture News: ਸਰ੍ਹੋਂ ਦੇ ਕੀੜਿਆਂ ਤੇ ਬਿਮਾਰੀਆਂ ਤੋਂ ਸੁਚੇਤ ਰਹਿਣ ਦੀ ਲੋੜ

    Agriculture News: ਸਰ੍ਹੋਂ ਦੀ ਫਸਲ ਦਾ ਝਾੜ ਘਟਣ ਦਾ ਮੁੱਖ ਕਾਰਨ ਕੀੜੇ-ਮਕੌੜੇ ਅਤੇ ਬਿਮਾਰੀਆਂ ਹਨ। ਮੁੱਖ ਬਿਮਾਰੀਆਂ ਝੁਲਸ ਰੋਗ, ਚਿੱਟੀ ਕੁੰਗੀ ਤੇ ਤਣੇ ਦਾ ਗਾਲ਼ਾ ਹਨ ਅਤੇ ਕੀੜਿਆਂ ਵਿੱਚੋਂ ਮੁੱਖ ਕੀੜਾ ਤੇਲਾ ਹੈ। ਇਨ੍ਹਾਂ ਦੀ ਰੋਕਥਾਮ ਲਈ ਇਸ ਲੇਖ ਰਾਹੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

    ਇਹ ਖਬਰ ਵੀ ਪੜ੍ਹੋ : Ludhiana News: ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੰਜਾਬ ਭਰ ’ਚੋਂ ਮਿਲਿਆ ਦੂਜਾ ਸਥਾਨ

    1. ਕਾਲੇ ਧੱਬੇ (ਝੁਲਸ ਰੋਗ): | Agriculture News

    ਇਹ ਬਿਮਾਰੀ ਸਰ੍ਹੋਂ ਜਾਤੀ ਦੀਆਂ ਸਾਰੀਆਂ ਕਿਸਮਾਂ ’ਤੇ ਹਮਲਾ ਕਰਦੀ ਹੈ। ਇਸ ਦੀਆਂ ਨਿਸ਼ਾਨੀਆਂ ਹੇਠਲੇ ਪੱਤਿਆਂ ਉੱਪਰ ਬਹੁਤ ਛੋਟੇ-ਛੋਟੇ ਕਾਲੇ ਰੰਗ ਦੇ ਟਿਮਕਣਿਆਂ ਵਾਂਗ ਨਜ਼ਰ ਆਉਂਦੀਆਂ ਹਨ। ਸਮੇਂ ਦੇ ਨਾਲ ਇਨ੍ਹਾਂ ਧੱਬਿਆਂ ਦਾ ਆਕਾਰ ਵਧਦਾ ਰਹਿੰਦਾ ਹੈ ਅਤੇ ਇਨ੍ਹਾਂ ਉੱਪਰ ਕਾਲੇ ਰੰਗ ਦੇ ਚੱਕਰ ਨਜ਼ਰ ਆਉਂਦੇ ਹਨ। ਇਹ ਕਾਲੇ ਰੰਗ ਦੇ ਚੱਕਰ ਅਸਲ ਵਿੱਚ ਇਸ ਬਿਮਾਰੀ ਦੇ ਕਣ ਹੁੰਦੇ ਹਨ ਜੋ ਹਵਾ ਰਾਹੀਂ ਉੱਪਰਲੇ ਪੱਤਿਆਂ, ਫਲੀਆਂ ਅਤੇ ਨਾਲ ਦੇ ਖੇਤਾਂ ਤੱਕ ਚਲੇ ਜਾਂਦੇ ਹਨ। ਇਨ੍ਹਾਂ ਧੱਬਿਆਂ ਦਾ ਵਾਧਾ ਜਨਵਰੀ-ਫਰਵਰੀ ਵਿੱਚ ਬਾਰਿਸ਼ ਹੋਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਫਸਲ ਕੁਝ ਦਿਨਾਂ ਵਿੱਚ ਹੀ ਝੁਲਸੀ ਹੋਈ ਨਜ਼ਰ ਆਉਣ ਲੱਗ ਪੈਂਦੀ ਹੈ।

    ਫਲੀਆਂ ਉੱਪਰ ਇਹ ਨਿਸ਼ਾਨੀਆਂ ਗੂੜ੍ਹੇ ਕਾਲੇ ਰੰਗ ਦੇ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ। ਅਤੇ ਇਨ੍ਹਾਂ ਫਲੀਆਂ ਵਿੱਚ ਦਾਣੇ ਨਹੀਂ ਬਣਦੇ ਜਾਂ ਬਹੁਤ ਘੱਟ ਬਣਦੇ ਹਨ। ਇਹੀ ਕਾਰਨ ਹੈ ਕਿ ਇਸ ਬਿਮਾਰੀ ਨਾਲ ਝਾੜ ਤੇ ਤੇਲ ਦੀ ਮਾਤਰਾ ਉੱਪਰ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਸਮੇਂ ਸਿਰ ਬੀਜੀ ਹੋਈ ਫ਼ਸਲ ਅਤੇ ਖਾਦਾਂ ਖਾਸ ਕਰਕੇ ਯੂਰੀਆ ਦੀ ਸਹੀ ਮਿਕਦਾਰ ਵਿੱਚ ਵਰਤੋਂ ਕਰਨ ਨਾਲ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।

    2. ਚਿੱਟੀ ਕੁੰਗੀ: | Agriculture News

    ਇਹ ਬਿਮਾਰੀ ਸਰ੍ਹੋਂ ਦੀਆਂ ਸਿਰਫ ਰਾਇਆ ਕਿਸਮਾਂ ’ਤੇ ਹੀ ਹਮਲਾ ਕਰਦੀ ਹੈ। ਇਸ ਦੀ ਉੱਲੀ ਦੇ ਕਣ ਪੁਰਾਣੀ ਫਸਲ ਦੀ ਰਹਿੰਦ-ਖੂੰਹਦ ਅਤੇ ਜ਼ਮੀਨ ਵਿੱਚ ਪਲਦੇ ਹਨ। ਇਸ ਦੀਆਂ ਨਿਸ਼ਾਨੀਆਂ ਪੱਤਿਆਂ ਦੇ ਹੇਠਲੇ ਪਾਸੇ ਛੋਟੇ-ਛੋਟੇ ਕਰੀਮੀ ਚਿੱਟੇ ਰੰਗ ਦੇ ਦਾਣੇਦਾਰ ਧੱਬਿਆਂ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਹਨ ਜਦੋਂਕਿ ਪੱਤਿਆਂ ਦੇ ਉੱਪਰਲੇ ਪਾਸੇ ਹਲਕੇ ਹਰੇ ਚੱਟਾਖ ਨਜ਼ਰ ਆਉਂਦੇ ਹਨ। ਕਈ ਵਾਰੀ ਟਾਹਣੀਆਂ ਦੀਆਂ ਕਰੂੰਬਲਾਂ ਮੁੜੀਆਂ ਅਤੇ ਫੁੱਲੀਆਂ ਨਜ਼ਰ ਆਉਂਦੀਆਂ ਹਨ।

    ਇਨ੍ਹਾਂ ਉੱਤੇ ਕੋਈ ਫਲੀਆਂ ਨਹੀਂ ਬਣਦੀਆਂ। ਇਸ ਦੀ ਰੋਕਥਾਮ ਲਈ ਫਸਲ ਦੀ ਬਿਜਾਈ ਤੋਂ ਤਕਰੀਬਨ 60 ਦਿਨ ਬਾਅਦ 250 ਗ੍ਰਾਮ ਰਿਡੋਮਿਲ ਗੋਲਡ ਪ੍ਰਤੀ ਏਕੜ 100 ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ਤੇ ਦੂਸਰਾ ਛਿੜਕਾਅ 20 ਦਿਨਾਂ ਬਾਅਦ ਕਰਨਾ ਚਾਹੀਦਾ ਹੈ। ਇਸ ਛਿੜਕਾਅ ਨਾਲ ਝੁਲਸ ਰੋਗ ਵਾਲੀ ਬਿਮਾਰੀ ਵੀ ਕੁਝ ਹੱਦ ਤੱਕ ਕਾਬੂ ਹੇਠ ਰਹਿੰਦੀ ਹੈ। ਰਾਇਆ ਦੀ ਆਰ ਐਲ ਸੀ 3 ਕਿਸਮ ਨੂੰ ਇਹ ਬਿਮਾਰੀ ਨਹੀਂ ਲੱਗਦੀ।

    3. ਤਣੇ ਦਾ ਗਲਣਾ: | Agriculture News

    ਪਿਛਲੇ ਕੁਝ ਸਾਲਾਂ ਦੌਰਾਨ ਇਸ ਬਿਮਾਰੀ ਦਾ ਹਮਲਾ ਕਾਫੀ ਜ਼ਿਆਦਾ ਵੇਖਣ ਵਿੱਚ ਮਿਲਿਆ ਹੈ ਤੇ ਆਮ ਤੌਰ ’ਤੇ ਜਨਵਰੀ ਦੇ ਅਖੀਰ ਤੋਂ ਫਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਨਜ਼ਰ ਆਉਂਦੀ ਹੈ। ਇਸ ਦੀਆਂ ਨਿਸ਼ਾਨੀਆਂ ਬੂਟਿਆਂ ਦੇ ਤਣਿਆਂ ਉੱਤੇ ਪਾਣੀ ਭਿੱਜੇ ਲੰਬੂਤਰੇ ਧੱਬਿਆਂ ਦੇ ਰੂਪ ਵਿੱਚ ਸ਼ੁਰੂ ਹੁੰਦੀਆਂ ਹਨ ਜਿਸ ਉੱਪਰ ਬਾਅਦ ਵਿੱਚ ਰੂੰ ਵਰਗੀ ਚਿੱਟੀ ਉੱਲੀ ਨਜ਼ਰ ਆਉਣ ਲੱਗ ਪੈਂਦੀ ਹੈ। ਇਹ ਬੂਟੇ ਦੂਰੋਂ ਕੁਮਲਾਏ ਹੋਏ ਤੇ ਸਫੈਦ ਭਾਅ ਮਾਰਦੇ ਸਿੱਧੇ ਖੜੇ੍ਹ ਨਜ਼ਰ ਆਉਂਦੇ ਹਨ।

    ਕਿਉਂਕਿ ਇਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਬਿਲਕੁਲ ਨਹੀਂ ਬਣਦੇ। ਜੇਕਰ ਅਜਿਹੇ ਬੂਟਿਆਂ ਦਾ ਤਣਾ ਲੰਬੇ ਰੁਖ ਚੀਰ ਕੇ ਦੇਖੀਏ ਤਾਂ ਇਹ ਅੰਦਰੋਂ ਵੀ ਇਨ੍ਹਾਂ ਕਾਲੇ ਦਾਣਿਆਂ ਨਾਲ ਭਰੇ ਹੁੰਦੇ ਹਨ । ਇਹ ਕਾਲੇ ਦਾਣੇ ਬਿਮਾਰੀ ਦੇ ਅਸਲ ਕਣ ਹਨ ਜੋ ਕਿ ਫਸਲ ਨੂੰ ਵੱਢਣ ਤੋਂ ਬਾਅਦ ਜ਼ਮੀਨ ਵਿੱਚ ਰਲ ਜਾਂਦੇ ਹਨ ਅਤੇ ਤਕਰੀਬਨ 8 ਤੋਂ 10 ਸਾਲ ਜ਼ਮੀਨ ਵਿੱਚ ਜਿਉਂਦੇ ਰਹਿ ਸਕਦੇ ਹਨ।

    ਕੀੜੇ-ਮਕੌੜੇ:

    ਸਰ੍ਹੋਂ ਦਾ ਚੇਪਾ: ਇਸ ਦਾ ਹਮਲਾ ਆਮ ਕਰਕੇ ਜਨਵਰੀ ਵਿਚ ਸ਼ੁਰੂ ਹੁੰਦਾ ਹੈ, ਪਰ ਫਰਵਰੀ ਦੇ ਮਹੀਨੇ ਤੋਂ ਮਾਰਚ ਤੱਕ ਇਹ ਫਸਲ ’ਤੇ ਵੱਧ ਨੁਕਸਾਨ ਕਰਦਾ ਹੈ ਇਸਦੇ ਬੱਚੇ ਅਤੇ ਬਾਲਗ ਦੋਵੇਂ ਹੀ ਬੂਟਿਆਂ ਦੀਆਂ ਸ਼ਾਖਾਵਾਂ, ਡੋਡੀਆਂ, ਫੁੱਲਾਂ, ਫਲੀਆਂ ਤੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਸਿੱਟੇ ਵਜੋਂ ਪਤੇ ਪੀਲੇ ਪੈ ਜਾਂਦੇ ਹਨ, ਫੁੱਲ ਤੇ ਫਲੀਆਂ ਮੁਰਝਾ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਦਾਣੇ ਪੂਰੀ ਤਰ੍ਹਾਂ ਨਹੀਂ ਬਣਦੇ ਅਤੇ ਝਾੜ ’ਤੇ ਮਾੜਾ ਪ੍ਰਭਾਵ ਪੈਂਦਾ ਹੈ।

    ਸਰ੍ਹੋਂ ਦੇ ਚੇਪੇ ਦੀ ਸੁਚੱਜੀ ਰੋਕਥਾਮ ਲਈ ਖੇਤ ਦਾ ਨਿਰੰਤਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਤੇ ਰੋਕਥਾਮ ਸੰਬੰਧੀ ਕੋਈ ਵੀ ਫੈਸਲਾ ਫਸਲ ’ਤੇ ਚੇਪੇ ਦੀ ਗਿਣਤੀ (ਆਰਥਿਕ ਕਗਾਰ ਪੱਧਰ) ਅਧਾਰ ’ਤੇ ਹੀ ਕਰਨਾ ਚਾਹੀਦਾ ਹੈ। ਚੇਪੇ ਦੀ ਰੋਕਥਾਮ ਲਈ ਫਸਲ ’ਤੇ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) 40 ਗ੍ਰਾਮ ਜਾਂ ਰੋਗਰ 30 ਈਸੀ (ਡਾਈਮੈਥੋਏਟ) 400 ਮਿਲੀਲਿਟਰ ਜਾਂ ਡਰਸਬਾਨ/ਕੋਰੋਬਾਨ 20 ਈਸੀ (ਕਲੋਰਪਾਈਰੀਫਾਸ) 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 15 ਦਿਨਾਂ ਬਾਅਦ ਫਿਰ ਛਿੜਕਾਅ ਕਰਨਾ ਪਵੇ ਤਾਂ ਦਵਾਈ ਬਦਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਛਿੜਕਾਅ ਹਮੇਸ਼ਾਂ ਸ਼ਾਮ ਨੂੰ ਹੀ ਕਰਨਾ ਚਾਹੀਦਾ ਹੈ।

    ਕਿਉਂਕਿ ਇਸ ਵੇਲੇ ਮਿੱਤਰ ਕੀੜੇ (ਲਾਲ ਭੂੰਡੀ), ਮਧੂਮੱਖੀਆਂ ਅਤੇ ਹੋਰ ਪਰ ਪਰਾਗਣ ਕਰਨ ਵਾਲੇ ਕੀਤੇ ਘੱਟ ਹਰਕਤ ਵਿੱਚ ਹੁੰਦੇ ਹਨ। ਬੰਦਗੋਭੀ ਦੀ ਸੁੰਡੀ: ਇਹ ਕੀੜਾ ਬੂਟਿਆਂ ਦੇ ਪੱਤੇ ਖਾ ਕੇ ਨੁਕਸਾਨ ਕਰਦਾ ਹੈ। ਇਸ ਦਾ ਸਰੀਰ ਹਲਕੇ ਹਰੇ ਰੰਗ ਦਾ ਹੁੰਦਾ ਹੈ ਜਿਸ ’ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਇਸ ਦਾ ਬਾਲਗ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਇੱਕ ਗੁੱਛੇ ਦੀ ਸ਼ਕਲ ’ਚ ਦਿੰਦਾ ਹੈ । ਇਨ੍ਹਾਂ ਆਂਡਿਆਂ ’ਚੋਂ ਛੋਟੀਆਂ ਸੁੰਡੀਆਂ ਨਿੱਕਲ ਕੇ ਕੁਝ ਦਿਨਾਂ ਤੱਕ ਝੁੰਡਾਂ ਦੀ ਸ਼ਕਲ ਵਿੱਚ ਬੂਟਿਆਂ ਦੇ ਪੱਤੇ ਖਾਂਦੀਆਂ ਹਨ ਅਤੇ ਵੱਡੀਆਂ ਹੋ ਕੇ ਪੂਰੇ ਖੇਤ ਵਿੱਚ ਫੈਲ ਜਾਂਦੀਆਂ ਹਨ। ਇਸ ਦੀ ਰੋਕਥਾਮ ਲਈ ਖੇਤ ਦਾ ਸਰਵੇਖਣ ਕਰੋ, ਅਤੇ ਆਂਡਿਆਂ ਦੇ ਗੁੱਛਿਆਂ ਅਤੇ ਸੁੰਡੀਆਂ ਦੇ ਝੁੰਡਾਂ ਨੂੰ ਇਕੱਠੇ ਕਰਕੇ ਨਸ਼ਟ ਕਰ ਦਿਉ।

    ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਨੁਕਤੇ | Agriculture News

    • ਬਿਜਾਈ ਸਮੇਂ ਸਿਰ ਕਰੋ (ਅਕਤੂਬਰ ਦੇ ਪਹਿਲੇ ਪੰਦਰਵਾੜੇ) ਤਾਂ ਕਿ ਬਿਮਾਰੀਆਂ ਤੋਂ ਬਚਾਅ ਰਹੇ।
    • ਖਾਦਾਂ ਸਿਫ਼ਾਰਿਸ਼ ਅਨੁਸਾਰ ਹੀ ਪਾਓ ਅਤੇ ਗੰਧਕ ਤੱਤ ਲਈ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦਿਉ।
    • ਖੇਤ ਦਾ ਆਲਾ-ਦੁਆਲਾ ਨਦੀਨਾਂ ਤੇ ਰਹਿੰਦ-ਖੂੰਹਦ ਤੋਂ ਸਾਫ ਰੱਖੋ ਕਿਉਂਕਿ ਇਥੋਂ ਹੀ ਬਿਮਾਰੀਆਂ ਫੈਲਦੀਆਂ ਹਨ।
    • ਛਿੜਕਾਅ ਦੁਪਹਿਰ ਤੋਂ ਬਾਦ ਹੀ ਕਰੋ ਤਾਂ ਕਿ ਪਰਾਗਣ ਕਿਰਿਆ ਕਰਨ ਵਾਲੇ ਕੀੜੇ-ਮਕੌੜੇ ਬਚੇ ਰਹਿਣ।
    • ਹਮੇਸ਼ਾ ਸਿਫਾਰਸ਼ ਕੀਤੀਆਂ ਦਵਾਈਆਂ ਸਹੀ ਮਾਤਰਾ ਵਿੱਚ ਹੀ ਵਰਤੋਂ।
    • ਇੱਕ ਹੀ ਦਵਾਈ ਦਾ ਛਿੜਕਾਅ ਵਾਰ-ਵਾਰ ਨਹੀਂ ਕਰਨਾ ਚਾਹੀਦਾ। ਦਵਾਈ ਬਦਲ ਕੇ ਛਿੜਕਾਅ ਕਰਨ ਨਾਲ ਚੇਪੇ ਵਿਚ ਕੀਟਨਾਸ਼ਕਾਂ ਪ੍ਰਤੀ ਸਹਿਣਸ਼ੀਲਤਾ ਨਹੀਂ ਪੈਦਾ ਹੁੰਦੀ।
    • ਜੇਕਰ ਫ਼ਰਵਰੀ-ਮਾਰਚ ਵਿੱਚ ਮਿੱਤਰ ਕੀੜੇ, ਜਿਵੇਂ ਕਿ ਲਾਲ ਭੂੰਡੀ ਜ਼ਿਆਦਾ ਗਿਣਤੀ ’ਚ ਹੋਣ ਤਾਂ ਛਿੜਕਾਅ ਜਿੱਥੋਂ ਤੱਕ ਸੰਭਵ ਹੋ ਸਕੇ ਨਹੀਂ ਕਰਨਾ ਚਾਹੀਦਾ।

    ਧੰਨਵਾਦ ਸਹਿਤ, ਚੰਗੀ ਖੇਤੀ

    LEAVE A REPLY

    Please enter your comment!
    Please enter your name here