ਅਮਰਿੰਦਰ ਸਿੰਘ ਸਣੇ ਉਨਾਂ ਦੇ ਖੇਮੇ ਦੇ 6 ਕੈਬਨਿਟ ਮੰਤਰੀਆਂ ਨੂੰ ਵੀ ਆਉਣਾ ਪਏਗਾ ਮੀਟਿੰਗ ’ਚ
ਨਵਜੋਤ ਸਿੱਧੂ ਨੇ 13 ਨਗਰ ਨਿਗਮਾਂ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੁੱਜਣ ਦੇ ਦਿੱਤੇ ਆਦੇਸ਼
ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੇ ਆਪਸੀ ਤਕਰਾਰ ਦੌਰਾਨ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਤੋਂ ਦੋਵਾਂ ਆਗੂਆਂ ਦਾ ਆਹਮੋ ਸਾਹਮਣਾ ਹੋਣ ਜਾ ਰਿਹਾ ਹੈ। ਨਵਜੋਤ ਸਿੱਧੂ ਨੇ ਸ਼ੁੱਕਰਵਾਰ 13 ਅਗਸਤ ਨੂੰ ਬਤੌਰ ਪ੍ਰਧਾਨ ਇੱਕ ਮੀਟਿੰਗ ਸੱਦੀ ਹੈ, ਜਿਸ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸਿਰਫ਼ ਅਮਰਿੰਦਰ ਸਿੰਘ ਹੀ ਨਹੀਂ ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖੇਮੇ ’ਚ ਸ਼ਾਮਲ 6 ਕੈਬਨਿਟ ਮੰਤਰੀਆਂ ਨੂੰ ਵੀ ਇਸ ਮੀਟਿੰਗ ਵਿੱਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਜਿਸ ਕਰਕੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਭਵਨ ਵਿਖੇ ਹੋਣ ਵਾਲੀ ਇਹ ਮੀਟਿੰਗ ਕਾਫ਼ੀ ਜਿਆਦਾ ਅਹਿਮ ਹੋਣ ਵਾਲੀ ਹੈ। ਨਵਜੋਤ ਸਿੱਧੂ ਵੱਲੋਂ ਇਨਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਆਪਣੇ ਦਫ਼ਤਰ ਤੋਂ ਫੋਨ ਕਰਵਾਇਆ ਗਿਆ ਹੈ ਕਿ ਪ੍ਰਧਾਨ ਸਾਹਿਬ ਨੇ ਮੀਟਿੰਗ ਵਿੱਚ ਉਨਾਂ ਸਾਰੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਫੋਨ ਕਾਂਗਰਸ ਦਫ਼ਤਰ ਵਲੋਂ ਕੀਤੇ ਗਏ ਹਨ, ਜਦੋਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਸੁਨੇਹੇ ਮੁੱਖ ਮੰਤਰੀ ਦਫ਼ਤਰ ਰਾਹੀਂ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਵਲੋਂ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੀ ਲੜੀ ਦੇ ਤਹਿਤ ਹੁਣ 13 ਨਗਰ ਨਿਗਮਾਂ ਵਿੱਚ ਆਉਣ ਵਾਲੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਮੀਟਿੰਗ 13 ਅਗਸਤ ਨੂੰ 11 ਵਜੇ ਪੰਜਾਬ ਕਾਂਗਰਸ ਭਵਨ ਵਿਖੇ ਸੱਦੀ ਹੈ। ਇਸ ਮੀਟਿੰਗ ਵਿੱਚ ਇਨਾਂ ਨਗਰ ਨਿਗਮਾਂ ਅਧੀਨ ਆਉਂਦੇ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਰ ਹਾਲਤ ਵਿੱਚ ਪੁੱਜਣ ਲਈ ਕਿਹਾ ਜਾ ਰਿਹਾ ਹੈ।
13 ਨਗਰ ਨਿਗਮਾਂ ਵਿੱਚੋਂ ਇੱਕ ਨਗਰ ਨਿਗਮ ਪਟਿਆਲਾ ਵੀ ਆਉਂਦਾ ਹੈ, ਜਿਥੋਂ ਕਿ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਸਿੰਘ ਹਨ। ਮੀਟਿੰਗ ਵਿੱਚ ਹਰ ਕਿਸੇ ਨੂੰ ਹਾਜ਼ਰ ਰਹਿਣ ਦੇ ਆਦੇਸ਼ ਹੋਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੱਕ ਵੀ ਇਹ ਸੁਨੇਹਾ ਭੇਜਿਆ ਗਿਆ ਹੈ ਕਿ ਉਹ ਮੀਟਿੰਗ ਵਿੱਚ ਜ਼ਰੂਰ ਆਉਣ। ਇਸ ਮੀਟਿੰਗ ਦੇ ਸੁਨੇਹੇ ਨੂੰ ਮਿਲਣ ਤੋਂ ਬਾਅਦ ਅਮਰਿੰਦਰ ਸਿੰਘ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ ਜਾਂ ਫਿਰ ਨਹੀਂ, ਇਸ ਸਬੰਧੀ ਸ਼ੁੱਕਰਵਾਰ ਨੂੰ ਸਵੇਰੇ ਹੀ ਜਾਣਕਾਰੀ ਮਿਲੇਗੀ ਪਰ ਅਮਰਿੰਦਰ ਸਿੰਘ ਦੇ ਖੇਮੇ ਵਿੱਚ ਆਉਂਦੇ 6 ਕੈਬਨਿਟ ਮੰਤਰੀਆਂ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਸਬੰਧੀ ਹਾਮੀ ਭਰ ਦਿੱਤੀ ਗਈ ਹੈ।
ਇਸ ਮੀਟਿੰਗ ਲਈ ਪਟਿਆਲਾ ਨਗਰ ਨਿਗਮ ’ਚ ਆਉਂਦੇ ਅਮਰਿੰਦਰ ਸਿੰਘ ਤੋਂ ਇਲਾਵਾ ਬ੍ਰਹਮ ਮਹਿੰਦਰਾ, ਬਠਿੰਡਾ ਨਗਰ ਨਿਗਮ ਵਿੱਚ ਆਉਂਦੇ ਮਨਪ੍ਰੀਤ ਬਾਦਲ, ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਬਲਬੀਰ ਸਿੱਧੂ, ਲੁਧਿਆਣਾ ਨਗਰ ਨਿਗਮ ਅਧੀਨ ਆਉਂਦੇ ਭਾਰਤ ਭੂਸ਼ਨ ਆਸ਼ੂ, ਹੁਸ਼ਿਆਰਪੁਰ ਨਗਰ ਨਿਗਮ ਅਧੀਨ ਆਉਂਦੇ ਸ਼ਾਮ ਸੁੰਦਰ ਅਰੋੜਾ ਅਤੇ ਅੰਮ੍ਰਿਤਸਰ ਨਗਰ ਨਿਗਮ ਅਧੀਨ ਆਉਂਦੇ ਓ.ਪੀ. ਸੋਨੀ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਨਗਰ ਨਿਗਮਾਂ ਅਧੀਨ ਆਉਂਦੇ ਵਿਧਾਇਕਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਇਨਾਂ ਮੰਤਰੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਦਿੱਤੇ ਗਏ ਹਨ ਆਦੇਸ਼
ਨਗਰ ਨਿਗਮ ਕੈਬਨਿਟ ਮੰਤਰੀ
ਪਟਿਆਲਾ ਅਮਰਿੰਦਰ ਸਿੰਘ
ਪਟਿਆਲਾ ਬ੍ਰਹਮ ਮਹਿੰਦਰਾਂ
ਬਠਿੰਡਾ ਮਨਪ੍ਰੀਤ ਬਾਦਲ
ਮੁਹਾਲੀ ਬਲਬੀਰ ਸਿੱਧੂ
ਅੰਮ੍ਰਿਤਸਰ ਓ.ਪੀ. ਸੋਨੀ
ਹੁਸ਼ਿਆਰਪੁਰ ਸ਼ਾਮ ਸੁੰਦਰ ਅਰੋੜਾ
ਲੁਧਿਆਣਾ ਭਾਰਤ ਭੂਸ਼ਨ ਆਸ਼ੂ
ਅਮਰਿੰਦਰ ਸਿੰਘ ਨੂੰ ਸੱਦਿਆ ਗਿਆ ਪਰ ਮੁੱਖ ਮੰਤਰੀ ਕੋਲ ਵਿਸ਼ੇਸ਼ ਅਧਿਕਾਰ : ਕੁਲਜੀਤ ਨਾਗਰਾ
ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਦੱਸਿਆ ਕਿ ਨਗਰ ਨਿਗਮਾਂ ਅਧੀਨ ਆਉਂਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਮੀਟਿੰਗ ਵਿੱਚ ਸੱਦਿਆ ਗਿਆ ਹੈ ਤਾਂ ਉਸ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਆਉਂਦੇ ਹਨ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਆਪਣੇ ਵਿਸ਼ੇਸ਼ ਅਧਿਕਾਰ ਹਨ। ਇਸ ਲਈ ਮੀਟਿੰਗ ਵਿੱਚ ਸ਼ਾਮਲ ਹੋਣਾ ਜਾਂ ਫਿਰ ਨਹੀਂ ਹੋਣ ਬਾਰੇ ਉਨਾਂ ਨੇ ਆਪਣੇ ਵਿਸ਼ੇਸ਼ ਅਧਿਕਾਰ ਅਨੁਸਾਰ ਫੈਸਲਾ ਕਰਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ