ਨਵਜੋਤ ਸਿੱਧੂ ਅਤੇ ਸਿਆਸੀ ਤਾਸੀਰ

ਨਵਜੋਤ ਸਿੱਧੂ ਅਤੇ ਸਿਆਸੀ ਤਾਸੀਰ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਉਹਨਾਂ ਨੂੰ ਅਹੁਦਾ ਸੰਭਾਲੇ ਅਜੇ ਤਿੰਨ ਮਹੀਨੇ ਵੀ ਨਹੀਂ ਹੋਏ ਸਨ ਉਹਨਾਂ ਦੇ ਇਸ ਕਦਮ ਨਾਲ ਪੰਜਾਬ ਕਾਂਗਰਸ ਜਾਂ ਹਾਈਕਮਾਨ ਨੂੰ ਕੋਈ ਫ਼ਰਕ ਪਵੇ ਜਾਂ ਨਾ ਪਵੇ ਪਰ ਨਿਰਪੱਖ ਸਿਆਸੀ ਪੰਡਤਾਂ ਦਾ ਦਾਅਵਾ ਇਹੀ ਹੈ ਕਿ ਨਵਜੋਤ ਸਿੱਧੂ ਸਿਆਸਤ ਦੀ ਤਾਸੀਰ ਸਮਝਣ ਤੋਂ ਖੁੰਝ ਗਏ ਹਨ ਜੋਸ਼ ਕਿਸੇ ਵੀ ਸਿਆਸੀ ਲਹਿਰ ਨੂੰ ਤੇਜ਼ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ

ਪਰ ਜੋਸ਼ ਦੇ ਨਾਲ ਸੰਜਮ, ਗੰਭੀਰਤਾ ਤੇ ਸਿਆਸੀ ਦਾਅ-ਪੇਚਾਂ ਦੀ ਸਮਝ ਬਹੁਤ ਜ਼ਰੂਰੀ ਹੈ ਇਹ ਸਿਆਸੀ ਇਤਿਹਾਸ ਰਿਹਾ ਹੈ ਕਿ ਸਿਰਫ਼ ਲੱਛੇਦਾਰ ਭਾਸ਼ਣਾਂ ਤੱਤੀ ਤਿੱਖੀ ਸ਼ਬਦਾਵਲੀ, ਜੋਸ਼ੀਲੇ ਸਰੀਰਕ ਹਾਵ ਭਾਵ ਭੀੜ ਨੂੰ ਅਕਰਸ਼ਿਤ ਜ਼ਰੂਰ ਕਰਦੇ ਹਨ ਫ਼ਿਰ ਵੀ ਵੋਟਰਾਂ ਨੂੰ ਖਿੱਚਣ ’ਚ ਹਲੀਮੀ, ਨਿਮਰਤਾ ਵਰਗੇ ਗੁਣ ਬੇਹੱਦ ਜ਼ਰੂਰੀ ਹਨ ਹਰ ਗੇਂਦ ’ਤੇ ਛੱਕਾ ਕ੍ਰਿਕਟ ਵਿੱਚ ਵੀ ਨਹੀਂ ਚੱਲਦਾ ਜਿੱਥੋਂ ਤੱਕ ਪੰਜਾਬ ਕਾਂਗਰਸ ਦਾ ਸਬੰਧ ਹੈ ਨਵਜੋਤ ਸਿੱਧੂ ਦੀ ਐਂਟਰੀ ਤੋਂ ਪਹਿਲਾਂ ਕੈਪਟਨ ਤੇ ਸਿੱਧੂ ਦੇ ਧੜੇ ਹੀ ਨਜ਼ਰ ਆ ਰਹੇ ਸਨ ਸਾਰਾ ਕੁਝ ਸਪੱਸ਼ਟ ਸੀ ਕਿ ਮੁੱਖ ਧੜੇ ਦੋ ਹੀ ਹਨ ਪਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਧੜਿਆਂ ਦੀ ਪਛਾਣ ਹੋਣੀ ਔਖੀ ਹੋ ਗਈ ਹੈ ਧੜੇਬੰਦੀ ਨੇ ਰੂਪ ਵਟਾ ਲਿਆ ਹੈ

ਨਵਜੋਤ ਸਿੱਧੂ ਦੇ ਧੜੇ ’ਤੇ ਹੁਣ ਚਰਨਜੀਤ ਚੰਨੀ ਦਾ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਹੈ ਨਵਜੋਤ ਸਿੱਧੂ ਨੂੰ ਮਨਾਉਣ ਗਏ ਸਿੱਧੂ ਧੜੇ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਕੋਸ਼ਿਸ਼ਾਂ ਨਵਜੋਤ ਸਿੱਧੂ ਨੂੰ ਇਕੱਲਿਆਂ ਛੱਡਣ ਤੇ ਉਹਨਾਂ ਦੇ ਅਕਸ ਨੂੰ ਕਮਜ਼ੋਰ ਕਰ ਰਹੀਆਂ ਹਨ ਸਿੱਧੂ ਦਾ ਅਸਤੀਫ਼ਾ ਤੇ ਬਿਆਨਬਾਜ਼ੀ ਚਰਨਜੀਤ ਚੰਨੀ ਸਰਕਾਰ ਤੇ ਪਾਰਟੀ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਹਾਈਕਮਾਨ ਦੀਆਂ ਨਜ਼ਰਾਂ ’ਚ ਨਵਜੋਤ ਸਿੱਧੂ ਦੇ ਰਵੱਈਏ ਨੇ ਸਰਕਾਰ ’ਚ ਕੀਤੀ ਗਈ ਅਦਲ-ਬਦਲ ਨੂੰ ਕਮਜ਼ੋਰ ਕਰ ਦਿੱਤਾ ਹੈ ਜੇਕਰ ਨਵਜੋਤ ਸਿੱਧੂ ਮੰਨ ਜਾਂਦੇ ਹਨ ਤਾਂ ਉਹਨਾਂ ਦੇ ਬਿਆਨਾਂ ’ਚ ਅਸੂਲਾਂ ਦੇ ਦਾਅਵੇ ਕਮਜ਼ੋਰ ਪੈਂਦੇ ਹਨ ਇਸ ਨਾਲ ਸ਼ਾਂਤ ਬੈਠੇ ਕੈਪਟਨ ਹਮਾਇਤੀਆਂ ਨੂੰ ਬਲ ਮਿਲਦਾ ਹੈ

ਕੈਪਟਨ ਧੜਾ ਚੁੱਪ ਰਹਿ ਕੇ ਵੀ ਪਾਰਟੀ ਅੰਦਰ ਜਿੱਤ ਰਿਹਾ ਹੈ ਸ਼ਾਇਦ ਨਵਜੋਤ ਸਿੱਧੂ ਸਿਆਸਤ ਦੀਆਂ ਇਨ੍ਹਾਂ ਬਾਰੀਕੀਆਂ ਨੂੰ ਨਹੀਂ ਸਮਝ ਸਕੇ ਸਿਆਸਤ ’ਚ ਕਈ ਵਾਰ ਜ਼ਿਆਦਾ ਨਾ ਬੋਲ ਕੇ ਘੱਟ ਬੋਲਿਆ ਜਾਂ ਚੁੱਪ ਰਿਹਾ ਜ਼ਿਆਦਾ ਫਲਦਾਇਕ ਹੁੰਦਾ ਹੈ ਇੱਥੇ ਸਰੋਤੇ ਤੇ ਦਰਸ਼ਕ ਦੀ ਭੂਮਿਕਾ ਦਾ ਆਪਣਾ ਮਹੱਤਵ ਹੈ ਪੇਚਦਾਰ ਰਾਜਨੀਤੀ ਨੂੰ ਸਮਝਣ ਤੇ ਆਪਣੇ ਅਨੁਸਾਰ ਢਾਲਣ ਲਈ ਇੰਤਜ਼ਾਰ ਵੀ ਜ਼ਰੂਰੀ ਹੈ ਇੰਤਜ਼ਾਰ ਨਾ ਕਰਨਾ ਮੁਸ਼ਕਲਾਂ ’ਚ ਪਾ ਦਿੰਦਾ ਹੈ ਵੱਖਰੇ ਰਾਹ ਬਣਾਉਣੇ ਚੰਗਾ ਹੈ ਪਰ ਪਹਿਲਾਂ ਬਣੇ ਰਾਹਾਂ ਦੇ ਭੇਤ ਸਮਝਣੇ ਜ਼ਰੂਰੀ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ