ਨਾਭਾ-ਪਟਿਆਲਾ ਰੋਡ ’ਤੇ ਦੋ ਕਾਰਾਂ ’ਚ ਵਾਪਰਿਆ ਭਿਆਨਕ ਸੜਕ ਹਾਦਸਾ
Nabha Road Accident: ਨਾਭਾ (ਤਰੁਣ ਕੁਮਾਰ ਸ਼ਰਮਾ)। ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਉੱਘੇ ਵਪਾਰੀ ਆਗੂ ਤੇ ਉਸ ਦੀ ਧਰਮ ਪਤਨੀ ਸਣੇ ਤਿੰਨ ਵਿਅਕਤੀਆਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਹਾਦਸਾਗ੍ਰਸਤ ਮ੍ਰਿਤਕਾਂ ਦੀ ਪਹਿਚਾਣ ਨਾਭਾ ਦੇ ਉੱਘੇ ਵਪਾਰੀ ਆਗੂ ਪ੍ਰਵੀਨ ਗੋਗੀ ਮਿੱਤਲ ਤੇ ਉਨ੍ਹਾਂ ਦੀ ਧਰਮ ਪਤਨੀ ਨੇਹਾ ਮਿੱਤਲ ਜਦਕਿ ਦੂਜੇ ਪਾਸਿਓਂ ਅਮਨਜੋਤ ਸਿੰਘ ਨਾਮੀ ਨੌਜਵਾਨ ਦੇ ਰੂਪ ’ਚ ਹੋਈ ਹੈ। ਇਹ ਸੜਕ ਹਾਦਸਾ ਨਾਭਾ ਪਟਿਆਲਾ ਰੋਡ ’ਤੇ ਵਾਪਰਿਆ ਜਿੱਥੇ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਵਿੱਚ ਉਕਤ ਵਪਾਰੀ ਆਗੂ ਤੇ ਉਨ੍ਹਾਂ ਦੀ ਧਰਮ ਪਤਨੀ ਦੀ ਮੌਤ ਹੋ ਗਈ। Nabha Road Accident
ਇਹ ਖਬਰ ਵੀ ਪੜ੍ਹੋ : Punjab Weather Update: ਠੰਢ ਨੇ ਫੜੀ ਰਫਤਾਰ, ਮੀਂਹ ਸਬੰਧੀ ਵੀ ਆਇਆ ਨਵਾਂ ਅਪਡੇਟ
ਦੱਸਣਯੋਗ ਹੈ ਕਿ ਪ੍ਰਵੀਨ ਮਿੱਤਲ (ਗੋਗੀ) ਨਾਮੀ ਉਕਤ ਵਪਾਰੀ ਆਗੂ ਹਲਕਾ ਨਾਭਾ ਵਿੱਚ ਅਜਿਹੇ ਹਰਮਨ ਪਿਆਰੇ ਆਗੂ ਸਨ ਜੋ ਆਪਣੇ ਆਖਰੀ ਸਮੇਂ ਤੱਕ ਨਾਭਾ ਉਤਸਵ ਕਮੇਟੀ ਸਮੇਤ ਹਲਕੇ ਦੀਆਂ ਲਗਭਗ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਲਈ ਅਹਿਮ ਯੋਗਦਾਨ ਪਾਉਂਦੇ ਰਹੇ। ਪਰਵੀਨ ਮਿੱਤਲ (ਗੋਗੀ) ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪ੍ਰਵੀਨ ਗੋਗੀ ਆਪਣੀ ਧਰਮ ਪਤਨੀ ਨਾਲ ਪਟਿਆਲਾ ਵਿਖੇ ਕਿਸੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਦ ਨਾਭਾ ਪਰਤ ਰਹੇ ਸਨ ਕਿ ਰੋਹਟੀ ਪੁੱਲ ਲਾਗੇ ਦੂਜੇ ਪਾਸਿਓਂ ਤੇਜ਼ ਰਫਤਾਰੀ ਔਡੀ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਦੋਵੇਂ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ।
ਪਰਿਵਾਰਿਕ ਮੈਂਬਰ ਅਨੁਸਾਰ ਪ੍ਰਵੀਨ ਗੋਗੀ ਨੂੰ ਕਾਰ ’ਚੋਂ ਕੱਢ ਕੇ ਪਟਿਆਲਾ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਗਿਆ ਕਿ ਉਨ੍ਹਾਂ ਦੀ ਧਰਮ ਪਤਨੀ ਹਾਦਸਾ ਵਾਪਰਨ ਸਮੇਂ ਮੌਕੇ ’ਤੇ ਹੀ ਦਮ ਤੋੜ ਗਈ ਸੀ। ਵਪਾਰੀ ਆਗੂ ਪ੍ਰਵੀਨ ਗੋਗੀ ਤੇ ਉਨ੍ਹਾਂ ਦੀ ਧਰਮ ਪਤਨੀ ਦੀ ਮੌਤ ਹੋਣ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਰੋਹਟੀ ਪੁੱਲ ਪੁਲਿਸ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਕਾਫੀ ਭਿਆਨਕ ਸੀ ਤੇ ਦੋਨੋਂ ਕਾਰਾਂ ਦੇ ਤਿੰਨ ਸਵਾਰਾਂ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਕਾਰਵਾਈ ਕਰਦਿਆਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਉਣ ਬਾਦ ਅਗਲੇਰੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Nabha Road Accident














