ਮੁਲਾਜ਼ਮਾਂ ਦੀ ਘਾਟ ਨਾਲ ਘੁਲ ਰਿਹੈ ਨਗਰ ਕੌਂਸਲ ਮਾਨਸਾ

Municipal Council, Incomplete, Shortage of Employees

ਕੌਂਸਲ ਦੇ ਪ੍ਰਧਾਨ ਤੋਂ ਇਲਾਵਾ ਸਰਕਾਰੀ ਅਸਾਮੀਆਂ ਵੀ ਖਾਲੀ

ਸੁਖਜੀਤ ਮਾਨ, ਮਾਨਸਾ:13 ਅਪਰੈਲ 1992 ਨੂੰ ਬਠਿੰਡਾ ਤੋਂ ਵੱਖ ਹੋ ਕੇ ਨਵੇਂ ਬਣੇ ਜ਼ਿਲ੍ਹਾ ਮਾਨਸਾ ‘ਚ ਹਾਲੇ ਜ਼ਿਲ੍ਹਾ ਪੱਧਰੀ ਸਹੂਲਤਾਂ ਦੀ ਪੂਰਤੀ ਹੋਣਾ ਤਾਂ ਇੱਕ ਪਾਸੇ ਇੱਥੇ ਤਾਂ ਸਥਾਨਕ ਸ਼ਹਿਰ ਦਾ ਨਗਰ ਕੌਂਸਲ ਦਫ਼ਤਰ ਵੀ ਲਾਵਾਰਸਾਂ ਵਾਂਗ ਡੰਗ ਟਪਾ ਰਿਹਾ ਹੈ ਨਗਰ ਕੌਂਸਲ ਦੇ ਪ੍ਰਧਾਨ ਅਤੇ ਸੀਨੀ. ਵਾਈਸ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਸਰਕਾਰੀ ਕਰਮਚਾਰੀਆਂ ਦੀਆਂ ਵੀ ਕਰੀਬ ਅੱਧੀ ਦਰਜ਼ਨ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ ਅਸਾਮੀਆਂ ਦੀ ਘਾਟ ਕਾਰਨ ਮੌਜੂਦਾ ਸਟਾਫ ਨੂੰ ਵਿੱਤੋਂ ਵੱਧ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਨਾਲ ਹੀ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

27 ਵਾਰਡਾਂ ਤੇ ਕਰੀਬ 1 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ‘ਚ ਨਗਰ ਕੌਂਸਲ ਦਾ ਕੋਈ ਮੌਜੂਦਾ ਪ੍ਰਧਾਨ ਨਹੀਂ ਹੈ ਨਗਰ ਕੌਂਸਲ ਦੇ ਪਹਿਲਾਂ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਸਨ ਪਰ ਅਕਾਲੀ ਕੌਂਸਲਰਾਂ ਦੀ ਆਪਸੀ ਖਹਿਬਾਜ਼ੀ ਕਾਰਨ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ ਦਸੰਬਰ 2016 ‘ਚ ਕੌਂਸਲਰਾਂ ਨੇ ਮਨਦੀਪ ਸਿੰਘ ਗੋਰਾ ਨੂੰ ਪ੍ਰਧਾਨ ਚੁਣ ਲਿਆ ਸੀ ਪਰ ਉਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ ‘ਚ ਚਲਾ ਗਿਆ

ਉਂਝ ਨਗਰ ਕੌਂਸਲ ਦੇ ਕਾਰਜਾਂ ਨੂੰ ਸੀਨੀ. ਮੀਤ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਚਲਾ ਰਹੇ ਸਨ ਪਰ ਉਨ੍ਹਾਂ ਦੀ ਮਿਆਦ ਵੀ ਬੀਤੀ 18 ਅਪਰੈਲ ਨੂੰ ਪੁੱਗ ਗਈ ਪ੍ਰਧਾਨ ਤੋਂ ਇਲਾਵਾ ਸੀਨੀ. ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵੀ ਕੌਂਸਲਰਾਂ ਦੀ ਆਪਸੀ ਸਹਿਮਤੀ ਨਾਲ ਨਹੀਂ ਹੋ ਸਕੀ ਜਿਸਦੇ ਸਿੱਟੇ ਵਜੋਂ ਕੌਂਸਲ ਦੇ ਕੰਮ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ ਪ੍ਰਧਾਨ, ਸੀਨੀ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਦੇ ਕਾਰਜ ਸਾਧਕ ਅਫ਼ਸਰ ਦਾ ਤਬਾਦਲਾ ਹੋਏ ਨੂੰ ਵੀ ਕਾਫ਼ੀ ਦਿਨ ਬੀਤ ਗਏ ਹਨ

ਕਾਰਜ ਸਾਧਕ ਅਫ਼ਸਰਾਂ ਨੂੰ  ਆਖਿਆ ਗਿਆ ਸੀ ਵਾਧੂ ਚਾਰਜ ਸੰਭਾਲਣ ਲਈ

ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਕਈ ਨੇੜਲੇ ਦਫ਼ਤਰਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਇੱਥੋਂ ਦਾ ਵਾਧੂ ਚਾਰਜ ਸੰਭਾਲਣ ਲਈ ਆਖਿਆ ਗਿਆ ਸੀ ਪਰ ਹਾਲੇ ਤੱਕ ਕਿਸੇ ਨੇ ਨਹੀਂ ਸੰਭਾਲਿਆ ਇਸ ਦਫ਼ਤਰ ‘ਚ ਏਐਮਈ (ਐਡੀਸ਼ਨਲ ਮਿਉਂਸੀਪਲ ਇੰਜੀਨੀਅਰ) ਦੀ ਅਸਾਮੀ ਵੀ ਖਾਲੀ ਪਈ ਹੈ ਏਐਮਈ ਦੀ ਜਿੰਮੇਵਾਰੀ ਹੁੰਦੀ ਹੈ ਕਿ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਦੀ ਮੁਰੰਮਤ ਸਮੇਂ ਸਿਰ ਕਰਵਾਈ ਜਾਵੇ ਪਰ ਦੋ ਮਹੀਨੇ ਤੋਂ ਈਐਮਈ ਮੌਜੂਦ ਨਹੀਂ ਹੈ ਇੰਸਪੈਕਟਰ ਦੀਆਂ ਅਸਾਮੀਆਂ ਵੀ ਨਗਰ ਕੌਂਸਲ ਦਫ਼ਤਰ ‘ਚ ਦੋ ਹਨ ਪਰ ਇੱਕ ਅਸਾਮੀ ਖਾਲੀ ਪਈ ਹੈ ਇਸ ਤੋਂ ਇਲਾਵਾ ਸੁਪਰਡੈਂਟ ਦੀ ਅਸਾਮੀ ਵੀ ਖਾਲੀ ਹੈ ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਜਿਸ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਦਾ ਤਬਾਦਲਾ ਹੋਇਆ ਹੈ ਉਨ੍ਹਾਂ ਦੀ ਵੀ ਪੱਕੀ ਡਿਊਟੀ ਨਹੀਂ ਸਗੋਂ ਵਾਧੂ ਚਾਰਜ ਸੰਭਾਲਿਆ ਹੋਇਆ ਸੀ

ਮੁਲਾਜ਼ਮਾਂ ਦੀ ਘਾਟ ਹੋਵੇ ਦੂਰ : ਸ਼ਹਿਰ ਵਾਸੀ

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਹੀ ਸ਼ਹਿਰ ਦਾ ਮੂੰਹ-ਮੁਹਾਂਦਰਾ ਬਦਲਣ ਦੀ ਜਿੰਮੇਵਾਰੀ ਰੱਖਦੀ ਹੈ ਜੇ ਇਸ ਵਿਭਾਗ ਵਿੱਚ ਹੀ ਮੁਲਾਜ਼ਮਾਂ ਦੀ ਘਾਟ ਹੋਵੇਗੀ ਤਾਂ ਸ਼ਹਿਰ ਦੇ ਵਿਕਾਸ ਸਮੇਤ ਹੋਰ ਕੰਮਾਂ ਨੂੰ ਨੇਪਰੇ ਚਾੜ੍ਹਨਾ ਮੁਸ਼ਕਲ ਹੈ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸਰਕਾਰ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਅਧਾਰ’ਤੇ ਭਰੇ

ਸਮੇਂ ਸਿਰ ਨਹੀਂ ਹੋ ਰਹੇ ਕੰਮ : ਪਰਮਜੀਤ ਕੌਰ

ਪੰਜਾਬ ਮਿਉਂਸੀਪਲ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਅਸਾਮੀਆਂ ਖਾਲੀ ਹੋਣ ਕਰਕੇ ਜਨਤਾ ਦਾ ਨੁਕਸਾਨ ਹੋ ਰਿਹਾ ਹੈ  ਉਨ੍ਹਾਂ ਆਖਿਆ ਕਿ ਕਾਰਜ ਸਾਧਕ ਅਫ਼ਸਰ ਨਾ ਹੋਣ ਕਾਰਨ ਕਮੇਟੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੁਕੀਆਂ ਪਈਆਂ ਹਨ ਉਨ੍ਹਾਂ ਮੰਗ ਕੀਤੀ ਕਿ ਕਾਰਜਸਾਧਕ ਅਫ਼ਸਰ ਦੀ ਇੱਥੇ ਪੱਕੀ ਨਿਯੁਕਤੀ ਕੀਤੀ ਜਾਵੇ ਜਾਂ ਫਿਰ ਪੱਕੀ ਨਿਯੁਕਤੀ ਤੱਕ ਕਿਸੇ ਨੂੰ ਵਾਧੂ ਚਾਰਜ ਦਿੱਤਾ ਜਾਵੇ ਤਾਂ ਜੋ ਦਫ਼ਤਰ ਦੇ ਕੰਮ ਨੂੰ ਸੌਖਾ ਚਲਾਇਆ ਜਾ ਸਕੇ