ਲੋਕ ਕੀ ਕਹਿਣਗੇ! ਇਹ ਗੱਲ ਖਾਸ ਕਰਕੇ ਸਾਡੇ ਸਮਾਜ ਵਿੱਚ ਕਈ ਲੋਕਾਂ ਦੇ ਤਰੱਕੀ ਕਰਨ ਵਿੱਚ ਰੋੜਾ ਬਣਦੀ ਹੈ। ਹੁਣ ਇਹੀ ਗੱਲ ਸੋਚ ਕੇ ਕਈ ਲੋਕ ਆਪਣੀ ਮੰਜ਼ਿਲ ਵੱਲ ਨਹੀਂ ਵਧ ਪਾਉਂਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਮੈਂ ਇਹ ਕੰਮ ਕਰਾਂਗਾ, ਪਤਾ ਨਹੀਂ ਲੋਕ ਕੀ ਸੋਚਣਗੇ! ਉਨ੍ਹਾਂ ਦੇ ਜ਼ਿਹਨ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ। ਉਹ ਕੰਮ ਕਰੋ, ਜੋ ਤੁਹਾਡੀ ਰੂਹ ਨੂੰ ਵੀ ਸਕੂਨ ਦੇਵੇ।
ਵਿਚਾਰਨ ਵਾਲੀ ਗੱਲ ਹੈ ਕਿ ਜੇ ਅਸੀਂ ਕੋਈ ਸਹੀ, ਚੰਗਾ ਕੰਮ ਕਰਨਾ ਹੈ, ਅੱਗੇ ਵਧਣਾ ਹੈ, ਤਾਂ ਸਾਨੂੰ ਘਬਰਾਉਣ ਦੀ ਕੀ ਲੋੜ ਹੈ? ਕਿਉਂ ਅਸੀਂ ਫਾਲਤੂ ਦੀ ਚਿੰਤਾ ਕਰਦੇ ਹਾਂ? ਟੈਨਸ਼ਨ ਲੈਣ ਨਾਲ ਆਪਣਾ ਦਿਮਾਗ ਖਰਾਬ ਕਰ ਲੈਂਦੇ ਹਾਂ। ਤੁਸੀਂ ਲੋਕਾਂ ਦੀ ਕਿਉਂ ਪਰਵਾਹ ਕਰਦੇ ਹੋ? ਜੇ ਅਸੀਂ ਕੋਈ ਗਲਤ ਕੰਮ ਕਰਾਂਗੇ ਤਾਂ ਲੋਕਾਂ ਦੀ ਪਰਵਾਹ ਕਰੀਏ ਕਿ ਸਾਡਾ ਸਮਾਜ ਵਿੱਚ ਰੁਤਬਾ ਘਟੇਗਾ। ਸਾਡੇ ਪਰਿਵਾਰ ਦੀ ਸਮਾਜ ਵਿੱਚ ਇੱਜਤ ਨਹੀਂ ਰਹੇਗੀ। ਇਸ ਗੱਲ ਦੀ ਪ੍ਰਵਾਹ ਕਰਨੀ ਚਾਹੀਦੀ ਹੈ। ਚੰਗੇ ਕੰਮਾਂ ਲਈ ਕਦੇ ਵੀ ਸਮਾਜ ਦੀ ਪਰਵਾਹ ਨਾ ਕਰੋ। ਦਿਲ ’ਤੇ ਕਦੇ ਵੀ ਕਿਸੇ ਦੀ ਗੱਲ ਨਾ ਲਾਓ।
ਨਤੀਜੇ ਕੁਝ ਹੋਰ ਹੁੰਦੇ ਨੇ
ਉਦਾਹਰਨ ਦੇ ਤੌਰ ’ਤੇ ਜੋ ਬੱਚੇ ਸਿਵਲ ਸਰਵਿਸਜ, ਜਾਂ ਹੋਰ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੁੰਦੇ ਹਨ, ਤਕਰੀਬਨ ਉਨ੍ਹਾਂ ਵਿਚੋਂ ਕਈ ਬੱਚੇ ਗਰੀਬ, ਪਿੱਛੜੇ ਇਲਾਕੇ ਨਾਲ ਸਬੰਧ ਰੱਖਣ ਵਾਲੇ ਹੁੰਦੇ ਹਨ। ਉਨ੍ਹਾਂ ਕੋਲ ਚੰਗੇ ਸਾਧਨਾਂ ਦੀ ਥੋੜ ਹੁੰਦੀ ਹੈ। ਜਦੋਂ ਨਤੀਜਾ ਆਉਂਦਾ ਹੈ ਤਾਂ ਉਹ ਇੰਟਰਵਿਊ ਦਿੰਦੇ ਹਨ ਕਿ ਉਹ ਘਰ-ਘਰ ਅਖਬਾਰ ਸੁੱਟਦੇ ਸਨ, ਜਾਂ ਕਿਸੇ ਢਾਬੇ ’ਤੇ ਨੌਕਰੀ ਕਰਦੇ ਸਨ, ਮਜ਼ਦੂਰੀ ਕਰਦੇ ਸਨ, ਜਾਂ ਕਿਸੇ ਕੰਪਨੀ ਵਿੱਚ ਸਕਿਊਰਿਟੀ ਗਾਰਡ ਦੀ ਨੌਕਰੀ ਕਰਦੇ ਸਨ। ਹਾਲਾਂਕਿ ਲੋਕਾਂ ਨੇ ਬਥੇਰਾ ਉਨ੍ਹਾਂ ’ਤੇ ਚਿੱਕੜ ਸੱੁਟਿਆ ਹੋਣਾ।
ਪਰ ਉਹਨਾਂ ਨੇ ਕਿਸੇ ਦੀ ਵੀ ਪਰਵਾਹ ਨਹੀਂ ਕੀਤੀ। ਵਿਚਾਰਨ ਵਾਲੀ ਗੱਲ ਹੈ, ਦੇਖੋ ਉਨ੍ਹਾਂ ਉਮੀਦਵਾਰਾਂ ਨੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਾਜ ਦੀ ਪ੍ਰਵਾਹ ਨਹੀਂ ਕੀਤੀ। ਅਕਸਰ ਦੇਖਿਆ ਜਾਂਦਾ ਹੈ ਕਿ ਗਰੀਬ ਇਨਸਾਨ ਨੂੰ ਹਰ ਕੋਈ ਟਿੱਚਰ ਕਰਦਾ ਹੈ। ਅਜਿਹੀਆਂ ਉਦਾਹਰਨਾਂ ਸਾਡੇ ਸਾਹਮਣੇ ਬਹੁਤ ਹੁੰਦੀਆਂ ਹਨ। ਅਜਿਹੀਆਂ ਉਦਾਹਰਨਾਂ ਕਾਰਨ ਹੀ ਸਾਡੇ ਸਮਾਜ ਵਿੱਚ ਕਈ ਲੋਕਾਂ ਦੇ ਆਪਣੇ-ਆਪ ਮੂੰਹ ਬੰਦ ਹੋ ਜਾਂਦੇ ਹਨ, ਜਦੋਂ ਬੰਦਾ ਮੰਜ਼ਿਲ ਸਰ ਕਰ ਲੈਂਦਾ ਹੈ।
ਚੰਗੀ ਸੋਚ ਚੰਗੇ ਭਵਿੱਖ ਦੀ ਘਾੜੀ ਹੈ | Motivational Tips
ਪਿੱਛੇ ਜਿਹੇ ਦੇਖਿਆ ਕਿ ਸਰਕਾਰੀ ਦਫਤਰਾਂ ਵਿਚ ਅਫਸਰ ਸਾਈਕਲ ’ਤੇ ਗਏ। ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਸਿਹਤ ਵੀ ਸਹੀ ਰਹਿੰਦੀ ਹੈ। ਕਸਰਤ ਵੀ ਹੋ ਜਾਂਦੀ ਹੈ। ਹੁਣ ਜੇ ਅਸੀਂ ਆਪਣੇ ਘਰ ਵਿਚ ਕਿਸੇ ਬੰਦੇ ਨੂੰ ਇਹ ਗੱਲ ਕਹਿ ਦੇਈਏ ਕਿ ਜਾ ਮਾਰਕੀਟ ਤੋਂ ਸਾਈਕਲ ’ਤੇ ਜਾ ਕੇ ਸਾਮਾਨ ਲੈ ਆ। ਅੱਗੋਂ ਜਵਾਬ ਮਿਲਦਾ ਹੈ ਕਿ ਲੈ, ਲੋਕ ਕੀ ਕਹਿਣਗੇ? ਲੋਕ ਸੋਚਣਗੇ ਕਿ ਇਨ੍ਹਾਂ ਕੋਲ ਗੱਡੀ ਵਿੱਚ ਤੇਲ ਪਵਾਉਣ ਲਈ ਪੈਸੇ ਨਹੀਂ ਹੋਣਗੇ, ਤਾਂ ਹੀ ਸਾਈਕਲ ’ਤੇ ਜਾ ਰਿਹਾ ਹੈ। ਦੇਖੋ ਤੁਹਾਨੂੰ ਲੋਕਾਂ ਦੀ ਫਿਕਰ ਪਹਿਲਾਂ ਪੈ ਗਈ। ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ। ਦਿਖਾਵੇ ਦੀ ਹੋੜ ਬਹੁਤ ਜ਼ਿਆਦਾ ਹੈ।
ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਜੇ ਫਲਾਣੇ ਬੰਦੇ ਨੇ ਪਿੰਡ ਵਿੱਚ ਮਹਿੰਗੇ ਮੈਰਿਜ ਪੈਲੇਸ ਵਿੱਚ ਵਿਆਹ ਕੀਤਾ ਤਾਂ ਮੈਂ ਕਿਉਂ ਪਿੱਛੇ ਰਹਾਂ। ਚਾਹੇ ਕਰਜਾ ਚੁੱਕਣਾ ਪੈ ਜਾਏ। ਲੋਕ ਕੀ ਸੋਚਣਗੇ ਕਿ ’ਕੱਲਾ ਮੁੰਡਾ ਸੀ, ਪਿੰਡ ਦੇ ਜੰਝ ਘਰ ਵਿੱਚ ਹੀ ਵਿਆਹ ਕਰ ਦਿੱਤਾ। ਪੈਸੇ ਬਚਾ ਲਏ। ਫੋਕੀ ਸ਼ੋਹਰਤ, ਵਾਹ-ਵਾਹ ਕਰਾਉਣ ਲਈ, ਕਰਜਾਈ ਜ਼ਰੂਰ ਹੋਣਾ! ਲੋਕਾਂ ਨੇ ਤਾਂ ਖਾ-ਪੀ ਕੇ ਨਿੱਕਲ ਜਾਣਾ। ਠੀਕ ਇਸੇ ਤਰ੍ਹਾਂ ਜੇ ਮੈਂ ਵਿਆਹ ਵਿੱਚ ਲੰਬਾ ਕੋਟ ਪਾ ਲਿਆ ਤਾਂ ਲੋਕ ਕੀ ਕਹਿਣਗੇ! ਜੇ ਮੈਂ ਵਿਆਹ ਵਿਚ ਲੋਕਾਂ ਨੂੰ ਖਾਣ ਨੂੰ ਇਹ ਨਾ ਦਿੱਤਾ ਤਾਂ ਲੋਕ?ਕੀ ਕਹਿਣਗੇ! ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਲੋਕਾਂ ਦੀ ਫ਼ਿਕਰ ਹੈ। ਰੋਟੀ ਤੁਹਾਨੂੰ ਲੋਕਾਂ ਨੇ ਨਹੀਂ ਦੇਣੀ। ਮਿਹਨਤ ਕਰਕੇ ਹੀ ਤੁਹਾਨੂੰ ਰੋਟੀ ਮਿਲੇਗੀ।
ਛੋਟੀ ਸੋਚ ਹੈ ਕੰਮ ਨਹੀਂ | Motivational Tips
ਅਕਸਰ ਜੇ ਕੋਈ ਬੰਦਾ ਟੈਂਟ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ, ਪਰਿਵਾਰ ਵਿੱਚ ਸਲਾਹ ਕੀਤੀ ਜਾਂਦੀ ਹੈ ਕਿ ਮੈਂ ਇਹ ਕੰਮ ਕਰਨਾ ਹੈ। ਕਈ ਵਾਰ ਪਰਿਵਾਰਕ ਮੈਂਬਰ ਹੀ ਕਹਿਣ ਲੱਗ ਜਾਂਦੇ ਨੇ, ਲੈ ਤੂੰ ਜੂਠੇ ਭਾਂਡੇ ਮਾਂਜੇਂਗਾ। ਸਮਾਜ ਵਿੱਚ ਸਾਡੀ ਇੱਜਤ ਹੈ। ਲੋਕ ਕੀ ਕਹਿਣਗੇ! ਕੰਮ ਕੋਈ ਛੋਟਾ-ਵੱਡਾ ਨਹੀਂ ਹੁੰਦਾ। ਲੋਕਾਂ ਨੇ ਤੁਹਾਨੂੰ ਖਾਣ ਨੂੰ ਨਹੀਂ ਦੇਣਾ। ਅਜਿਹੀਆਂ ਗੱਲਾਂ ਕਾਰਨ ਉਸ ਇਨਸਾਨ ਦਾ ਹੌਂਸਲਾ ਟੁੱਟ ਜਾਂਦਾ ਹੈ। ਦੇਖਣ ਵਿਚ ਆਉਂਦਾ ਹੈ ਕਿ ਪਰਿਵਾਰ ਵਿੱਚ ਜੋ ਬੱਚਾ ਕੰਮਕਾਜ ਸ਼ੁਰੂ ਕਰਨਾ ਚਾਹੁੰਦਾ ਹੈ, ਉਸ ਨੂੰ ਟੋਕ ਦਿੱਤਾ ਜਾਂਦਾ ਹੈ।
ਬੁਰੇ ਕੰਮਾਂ ਤੋਂ ਸੰਕੋਚ ਜ਼ਰੂਰੀ | Motivational Tips
ਕਈ ਕੰਮਾਂ ਵਿੱਚ ਲੋਕਾਂ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਜੇ ਆਪਣੇ ਘਰ ਦੇ ਬਜ਼ੁਰਗਾਂ ਦੀ ਕਦਰ ਨਹੀਂ ਕਰਾਂਗੇ। ਅੱਜ-ਕੱਲ੍ਹ ਬਜੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ । ਇਸ ਗੱਲ ਦੀ ਪ੍ਰਵਾਹ ਕਰਨੀ ਚਾਹੀਦੀ ਹੈ ਕਿ ਜੇ ਮੈਂ ਆਪਣੇ ਘਰ ਦੇ ਬਜੁਰਗਾਂ ਦਾ ਆਦਰ-ਸਤਿਕਾਰ ਨਹੀਂ ਕਰਾਂਗਾ, ਤਾਂ ਲੋਕ ਕੀ ਸੋਚਣਗੇ? ਨਸ਼ਿਆਂ ਦਾ ਸੇਵਨ ਕਰਾਂਗੇ। ਕਿਸੇ ਨਾਲ ਠੱਗੀ ਮਾਰਾਂਗੇ। ਉਧਾਰ ਲਿਆ ਪੈਸਾ ਵਾਪਿਸ ਨਹੀਂ ਕਰਾਂਗੇ। ਕਿਸੇ ਨੂੰ ਉੱਚਾ ਬੋਲ ਬੋਲਾਂਗੇ। ਅਜਿਹੀਆਂ ਗੱਲਾਂ ਲਈ ਸਾਨੂੰ ਲੋਕਾਂ ਦੀ ਪ੍ਰਵਾਹ ਕਰਨੀ ਚਾਹੀਦੀ ਹੈ। ਕੰਮ ਓਹੀ ਕਰੋ, ਜੋ ਤਹਾਨੂੰ ਚੰਗਾ ਲੱਗੇ। ਚੰਗਾ ਕੰਮ ਕਰਦਿਆਂ ਕਦੇ ਵੀ ਕਿਸੇ ਦੀ ਪਰਵਾਹ ਨਾ ਕਰੋ। ਆਪ ਵੀ ਕਦੇ ਕਿਸੇ ਨੂੰ ਟਿੱਚਰ ਨਾ ਕਰੋ। ਜੇ ਮਾੜਾ ਕੰਮ ਕਰਾਂਗੇ ਤਾਂ ਫਿਰ ਲੋਕਾਂ ਦੀਆਂ ਸੁਣਨੀਆਂ ਪੈਣਗੀਆਂ। ਉਨ੍ਹਾਂ ਦੀ ਵੀ ਸੁਣਨੀ ਪਵੇਗੀ ਜਿਨ੍ਹਾਂ ਦੇ ਮੂੰਹ ਵਿੱਚ ਜੁਬਾਨ ਵੀ ਨਹੀਂ ਹੁੰਦੀ। ਇਸ ਲਈ ਕੰਮ ਹਮੇਸ਼ਾ ਸਹੀ ਕਰਨਾ ਚਾਹੀਦਾ ਹੈ?ਅਤੇ ਫਿਰ ਲੋਕਾਂ ਦੇ ਕੀ ਕਹਿਣ ਦੀ ਫ਼ਿਕਰ ਨਹੀਂ ਕਰਨੀ ਚਾਹੀਦੀ
ਸੰਜੀਵ ਸਿੰਘ ਸੈਣੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।