ਖੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ

motivational quotes for beutiful life

ਖੂਬਸੂਰਤ ਜ਼ਿੰਦਗੀ ਜਿਊਣ ਦੀ ਕਲਾ (motivational quotes for beutiful life)

ਇਸ ਸਿ੍ਰਸ਼ਟੀ ਵਿੱਚ ਇੱਕ ਸਿਰਫ ਇਨਸਾਨ ਹੀ ਹੈ, ਜਿਸ ਨੂੰ ਆਪਣੇ ਚੰਗੇ-ਮਾੜੇ ਦੀ ਪਰਖ ਹੈ। ਕੁਦਰਤ ਨੇ ਇਨਸਾਨ ਨੂੰ ਬਹੁਤ ਗੁਣਾਂ ਨਾਲ ਨਿਵਾਜਿਆ ਹੈ। ਉਸ ਵਿੱਚ ਚੰਗੇ-ਮਾੜੇ ਦੀ ਪਰਖ ਕਰਨ ਦੀ ਸ਼ਕਤੀ ਹੈ। ਉਸ ਨੂੰ ਪਤਾ ਹੈ ਕਿ ਕਿਸ ਚੀਜ ਨਾਲ ਮੈਨੂੰ ਕਿੰਨਾ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ। ਕਹਿਣ ਦਾ ਮਤਲਬ ਹੈ ਕਿ ਬਹੁਤ ਵਧੀਆ ਸੋਚ, ਬੁੱਧੀ ਦੇ ਕੇ ਇਨਸਾਨ ਨੂੰ ਧਰਤੀ ’ਤੇ ਭੇਜਿਆ ਹੈ। ਇੰਨੀ ਸੋਹਣੀ ਕੁਦਰਤ ਵਿੱਚ ਇਨਸਾਨ ਵਿਚਰਦਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਅੱਜ ਦਾ ਇਨਸਾਨ ਕਿੱਧਰ ਨੂੰ ਜਾ ਰਿਹਾ ਹੈ।

motivational quotes for beutiful life

ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉਂ ਰਹੇ ਹਾਂ

ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉਂ ਰਹੇ ਹਾਂ। ਅੱਜ-ਕੱਲ੍ਹ ਜੋ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ। ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਜੇ ਬੱਚੇ ਗਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗਲਤ ਕੰਮ ਕਰ ਦਿੰਦੇ ਹਨ ਤਾਂ ਮਾਂ-ਬਾਪ ਉਨ੍ਹਾਂ ਨੂੰ ਝਿੜਕਦੇ ਹਨ। ਮਾਂ-ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗਲਤ ਕੰਮ ਕੀਤਾ ਹੈ। ਪਰ ਜੋ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਰਾਹ ਪੈ ਚੁੱਕੀ ਹੈ। ਆਏ ਦਿਨ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ਕਿ ਚੜ੍ਹਦੀ ਜਵਾਨੀ ਖੁਦਕੁਸ਼ੀਆਂ ਕਰ ਰਹੀ ਹੈ।

ਮਾਂ-ਬਾਪ ਦੇ ਬਹੁਤ ਵੱਡੇ-ਵੱਡੇ ਅਰਮਾਨ

ਜੇ ਉਨ੍ਹਾਂ ਨੂੰ ਕੋਈ ਕਿਸੇ ਨਾਲ ਮਨ ਮੁਟਾਵ ਹੈ ਜਾਂ ਕੋਈ ਉਨ੍ਹਾਂ ਤੋਂ ਗਲਤ ਕੰਮ ਹੋ ਚੁੱਕਿਆ ਹੈ, ਤਾਂ ਉਹ ਆਪਣੇ ਮਾਂ-ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ? ਕਿਉਂ ਉਹ ਅਜਿਹਾ ਕਦਮ ਚੁੱਕਦੇ ਹਨ? ਅਜਿਹਾ ਜਦੋਂ ਬੱਚੇ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ-ਬਾਪ ਜਿਉਂਦੇ ਜੀਅ ਹੀ ਮਰ ਜਾਂਦੇ ਹਨ। ਮਾਂ-ਬਾਪ ਦੇ ਬਹੁਤ ਵੱਡੇ-ਵੱਡੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦੀ ਔਲਾਦ ਵਧੀਆ ਅਫ਼ਸਰ ਬਣੇ। ਬੱਚਿਆਂ ਨੂੰ ਇਹ ਹੁੰਦਾ ਹੈ ਕਿ ਜੇ ਉਹ ਆਪਣੇ ਘਰ ਮਾਂ-ਬਾਪ ਨੂੰ ਦੱਸਣਗੇ ਤਾਂ ਸ਼ਾਇਦ ਉਨ੍ਹਾਂ ਨੂੰ ਕੁੱਟਣਗੇ-ਝਿੜਕਣਗੇ। ਇੱਕ ਮਾਂ-ਬਾਪ ਹੀ ਆਪਣੇ ਬੱਚੇ ਦੇ ਸੱਚੇ ਦੋਸਤ ਹੁੰਦੇ ਹਨ।

ਆਪਣੇ ਬੱਚੇ ਨਾਲ ਨੇੜਤਾ ਪਾਈ ਜਾਵੇ

ਮਾਂ-ਬਾਪ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣ। ਕੱਲ੍ਹ ਨੂੰ ਬੱਚੇ ਵੱਡੇ ਵੀ ਹੁੰਦੇ ਹਨ, ਸੋ ਕਾਲਜਾਂ, ਯੂਨੀਵਰਸਿਟੀਆਂ ਵਿੱਚ ਗੱਲਾਂ ਹੋ ਜਾਂਦੀਆਂ ਹਨ ਤਾਂ ਬੱਚੇ ਬੇਝਿਜਕ ਆਪਣੇ ਮਾਂ-ਬਾਪ ਨੂੰ ਦੱਸਣਗੇ। ਸੋ ਮਾਂ-ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਵੇ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗਲਤ ਕਦਮ ਨਾ ਚੁੱਕਣ। ਹਮੇਸ਼ਾ ਮਾਂ-ਬਾਪ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ। ਕਦੇ ਵੀ ਬੱਚਿਆਂ ਨਾਲ ਗੁੱਸੇ ਵਿੱਚ ਪੇਸ਼ ਨਾ ਆਉਣ। ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ ।

ਸਭ ਤੋਂ ਪਹਿਲਾਂ ਆਪਣੇ ਕਰੀਬੀਆਂ ਨੂੰ ਦੱਸੋ

ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ। ਕੋਈ ਨਾ ਕੋਈ ਹੱਲ ਤਾਂ ਨਿੱਕਲ ਹੀ ਆਉਦਾ ਹੈ। ਪਰ ਖ਼ੁਦਕੁਸ਼ੀ ਕਰਨਾ ਕੋਈ ਹੱਲ ਨਹੀਂ ਹੁੰਦਾ। ਅਕਸਰ ਅਸੀਂ ਦੇਖਦੇ ਹਾਂ ਕਿ ਜੋ ਡਿਪ੍ਰੈਸ਼ਨ ’ਚ ਚਲੇ ਜਾਂਦੇ ਹਨ ਉਹ ਅਕਸਰ ਖੁਦਕੁਸ਼ੀ ਕਰ ਲੈਂਦੇ ਹਨ। ਕਿਉਂਕਿ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕਰਦੇ। ਜੇ ਕੋਈ ਮੁਸ਼ਕਲ ਆ ਵੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕਰੀਬੀਆਂ ਨੂੰ ਦੱਸੋ। ਉਹ ਕੋਈ ਨਾ ਕੋਈ ਹੱਲ ਕੱਢਣਗੇ। ਮਾਂ-ਬਾਪ ਦੀ ਵੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਪਣੇ-ਆਪ ਨੂੰ ਢਾਲ ਲੈਂਦਾ ਹੈ, ਤਾਂ ਉਸ ਨਾਲ ਸਮਾਂ ਗੁਜ਼ਾਰਨਾ ਚੰਗਾ ਹੁੰਦਾ ਹੈ।

ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ

ਅਜਿਹੇ ਬੰਦੇ ਨੂੰ ਕਦੇ ਵੀ ਇਕੱਲਾ ਨਾ ਛੱਡੋ, ਜਿਸ ਕਰਕੇ ਉਸ ਨੂੰ ਇਕੱਲਾਪਣ ਮਹਿਸੂਸ ਹੋਵੇ। ਤਾਂ ਜੋ ਉਹ ਕੋਈ ਵੀ ਗਲਤ ਕਦਮ ਨਾ ਚੁੱਕੇ। ਅਜਿਹੇ ਬੰਦੇ ਨਾਲ ਚੰਗੀਆਂ-ਚੰਗੀਆਂ ਗੱਲਾਂ ਕਰੋ, ਜਿਸ ਨਾਲ ਉਸ ਦਾ ਮਨ ਸਹੀ ਹੋਵੇਗਾ। ਚੰਗੀਆਂ ਕਿਤਾਬਾਂ ਪੜ੍ਹਨ ਲਈ ਕਹੋ, ਜਿਸ ਨਾਲ ਉਸ ਦੇ ਦਿਮਾਗ ਵਿੱਚ ਮਾੜੇ ਵਿਚਾਰ ਪੈਦਾ ਨਹੀਂ ਹੋਣਗੇ। ਜੋ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਹੁੰਦਾ ਹੈ ਉਸ ਨੂੰ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਚੰਗੇ ਗਾਣੇ ਸੁਣੋ। ਖੁੱਲ੍ਹੀ ਹਵਾ ਵਿੱਚ ਜਾਓ। ਪਾਰਕ ਵਿੱਚ ਸੈਰ ਕਰੋ। ਸਵੇਰੇ ਸੂਰਜ ਨਿੱਕਲਣ ਤੋਂ ਪਹਿਲੇ ਸੈਰ ਕਰਨ ਲਈ ਨਿੱਕਲ ਜਾਓ। ਸਵੇਰ ਦਾ ਨਜ਼ਾਰਾ ਬਹੁਤ ਹੀ ਦਿਲ-ਖਿੱਚਵਾਂ ਹੁੰਦਾ ਹੈ। ਵਾਤਾਵਰਨ ਸਾਫ਼-ਸੁਥਰਾ ਹੁੰਦਾ ਹੈ। ਪੰਛੀਆਂ ਦੀਆਂ ਚਹਿਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ। ਗੁਰੂ ਘਰ ਦੀ ਬਾਣੀ ਕੰਨਾਂ ਵਿੱਚ ਪੈਂਦੀ ਹੈ।

ਸਾਹਿਤ ਦੀਆਂ ਬਹੁਤ ਕਿਤਾਬਾਂ ਹੁੰਦੀਆਂ ਹਨ। ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਆਪਣੇ ਅੰਦਰ ਕੋਈ ਵੀ ਗੱਲ ਬਿਠਾ ਕੇ ਨਾ ਰੱਖੋ। ਅੱਜ ਉਹ ਸਮਾਂ ਹੈ ਜਿਹੜੀ ਵੀ ਮੁਸੀਬਤ ਪੈਂਦੀ ਹੈ, ਉਸ ਦਾ ਹੱਲ ਨਿੱਕਲ ਪੈਂਦਾ ਹੈ। ਸੋ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਓ। ਜੇ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਵਾਂਗੇ ਤਾਂ ਸਾਡੇ ਦਿਮਾਗ ਵਿੱਚ ਅਜਿਹੇ ਭੈੜੇ ਖਿਆਲ ਨਹੀਂ ਆਉਣਗੇ ਤੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਅਨੰਦਮਈ ਗੁਜ਼ਾਰ ਸਕਾਂਗੇ ।

ਸੰਜੀਵ ਸਿੰਘ ਸੈਣੀ
ਮੋਹਾਲੀ
ਮੋ. 78889-66168

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ