Barnala Crime News: ਫਿਲਮੀ ਸਟਾਈਲ ’ਚ ਮਾਂ-ਪੁੱਤ ਕਰਦੇ ਸੀ ਫਿਰੌਤੀ ਦੀ ਮੰਗ, ਪੁਲਿਸ ਨੇ ਦਬੋਚੇ

Barnala Crime News
ਬਰਨਾਲਾ ਬਲੈਕਮੇਲਿੰਗ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਮਾਂ ਘਰ ਬੁਲਾਉਂਦੀ ਤੇ ਪੁੱਤ ਬੰਧਕ ਬਣਾ ਕੇ ਮੰਗਦਾ ਸੀ ਫ਼ਿਰੌਤੀ

Barnala Crime News: (ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ ਨੇ ਇੱਕ ਮਹਿਲਾ ਸਣੇ ਤਿੰਨ ਜਣਿਆਂ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਹੇਠ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਤਿੰਨੋ ਜਣੇ ਇੱਕ ਗਿਰੋਹ ਵਜੋਂ ਸਰਗਰਮ ਹਨ ਜੋ ਕਿਸੇ ਵਿਅਕਤੀ ਨੂੰ ਵਿਸ਼ਵਾਸ ’ਚ ਲੈ ਕੇ ਘਰ ਬੁਲਾਉਂਦੇ ਅਤੇ ਬੰਧਕ ਬਣਾਉਣ ਤੋਂ ਬਾਅਦ ਰਿਹਾਈ ਬਦਲੇ ਫਿਰੌਤੀ ਤਹਿਤ ਮਨਚਾਹੀ ਰਕਮ ਮੰਗਦਾ ਸੀ।

ਥਾਣਾ ਸਿਟੀ- 2 ਵਿਖੇ ਜਾਣਕਾਰੀ ਦਿੰਦਿਆਂ ਡੀਐੱਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਮਿਸਰੀ ਪੱਤੀ ਅਕਲੀਆ (ਮਾਨਸਾ) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਪਿਤਾ ਗੁਰਜੰਟ ਸਿੰਘ ਨੂੰ ਕਿਸੇ ਨੇ ਬੰਦੀ ਬਣਾ ਰੱਖਿਆ ਹੈ ਅਤੇ ਰਿਹਾਈ ਦੇ ਬਦਲੇ ਉਨ੍ਹਾਂ ਪਾਸੋਂ ਡੇਢ ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੰਦੀਪ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਤਫਤੀਸ਼ ਦੌਰਾਨ ਪੁਲਿਸ ਵੱਲੋਂ ਹਰਸਿਮਰਨਜੀਤ ਸਿੰਘ ਉਰਫ਼ ਹੈਰੀ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਰਾਜਵੀਰ ਕੌਰ ਵਾਸੀ ਲੜਵੰਜਾਰਾ ਖੁਰਦ (ਸੰਗਰੂਰ) ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਨਾਲ ਹੀ ਗੁਰਜੰਟ ਸਿੰਘ ਦੀ ਰਿਹਾਈ ਬਦਲੇ ਫਿਰੌਤੀ ਮੰਗਣ ਵਾਲਿਆਂ ਨਾਲ ਬਿਆਨਕਰਤਾ ਨੂੰ ਪੈਸੇ ਘੱਟ ਕਰਨ ਦੀ ਗੱਲ ਚਲਾਉਣ ਲਈ ਕਿਹਾ ਗਿਆ।

ਬਰਨਾਲਾ ਪੁਲਿਸ ਨੇ ਮਹਿਲਾ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਪਿੱਛੋਂ ਬੰਧਕ ਵਿਅਕਤੀ ਨੂੰ ਛੁਡਵਾਇਆ

ਗੱਲਬਾਤ ਦੌਰਾਨ ਬਿਆਨਕਰਤਾ ਅਤੇ ਬਲੈਕਮੇਲਰਾਂ ਵਿਚਕਾਰ ਗੁਰਜੰਟ ਸਿੰਘ ਨੂੰ ਛੱਡਣ ਲਈ 50 ਹਜ਼ਾਰ ਰੁਪਏ ਵਿੱਚ ਸੌਦਾ ਤਹਿ ਹੋ ਗਿਆ। ਪੁਲਿਸ ਨੇ ਯੋਜਨਾ ਤਹਿਤ ਉਕਤਾਨ ਹਰਸਿਮਰਨਜੀਤ ਸਿੰਘ ਅਤੇ ਰਾਜਵੀਰ ਕੌਰ ਨੂੰ ਬਿਆਨਕਰਤਾ ਤੋਂ ਪੰਜਾਹ ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਦੌਰਾਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ ਗਏ, ਜਿੰਨ੍ਹਾਂ ਵਿੱਚ ਇੱਕ ਅਜਿਹਾ ਮੋਬਾਇਲ ਵੀ ਮੌਜੂਦ ਸੀ ਜਿਸ ਰਾਹੀਂ ਬਲੈਕਮੇਲਰਾਂ ਨੇ ਗੁਰਜੰਟ ਸਿੰਘ ਨੂੰ ਰਿਹਾਅ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਉਕਤਾਨ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਭੋਲਾ ਸਿੰਘ ਉਰਫ਼ ਕਾਲਾ ਵਾਸੀ ਪਿੰਡ ਦਗਾਲ (ਸੰਗਰੂਰ) ਨੂੰ ਵੀ ਸਥਾਨਕ ਸ਼ਹਿਰ ਦੇ ਖੁੱਡੀ ਰੋਡ ’ਤੇ ਬਣੇ ਪਾਰਕ ’ਚੋਂ ਗ੍ਰਿਫਤਾਰ ਕਰਕੇ ਉਸਦੇ ਪਾਸੋਂ ਇੱਕ ਮੋਬਾਇਲ ਫੋਨ ਜੋ ਸੁਖਵਿੰਦਰ ਕੌਰ ਦਾ ਹੈ, ਬਰਾਮਦ ਕਰਕੇ ਗੁਰਜੰਟ ਸਿੰਘ ਨੂੰ ਰਿਹਾਅ ਕਰਵਾਇਆ ਗਿਆ। Barnala Crime News

ਇਹ ਵੀ ਪੜ੍ਹੋ: CNG Cylinder Blast: ਟਰੱਕ ’ਚ ਸੀਐਨਜੀ ਸਿਲੰਡਰ ਫੱਟਿਆ, ਡਰਾਈਵਰ ਜ਼ਿੰਦਾ ਸੜਿਆ

ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਜੋ ਫ਼ਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਨੇ ਆਪਣੇ ਪੁੱਤਰ ਹਰਸਿਮਰਨਜੀਤ ਸਿੰਘ ਉਕਤ ਨਾਲ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜਿਸ ਵਿਚ ਸੁਖਵਿੰਦਰ ਕੌਰ ਹਮ- ਉਮਰ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈ ਕੇ ਸਥਾਨਕ ਖੁੱਡੀ ਰੋਡ ਉੱਪਰ ਕਿਰਾਏ ’ਤੇ ਲੈ ਰੱਖੇ ਇੱਕ ਮਕਾਨ ਵਿੱਚ ਬੁਲਾਉਂਦੀ ਸੀ ਅਤੇ ਉੱਥੇ ਆਪਣੇ ਪੁੱਤਰ ਨਾਲ ਮਿਲ ਕੇ ਬੁਲਾਏ ਵਿਅਕਤੀ ਨੂੰ ਬੰਧਕ ਬਣਾ ਕੇ ਉਸਦੇ ਵਾਰਸਾਂ ਤੋਂ ਮਨਚਾਹੀ ਫ਼ਿਰੌਤੀ ਮੰਗਦੀ ਸੀ। ਉਨ੍ਹਾਂ ਦੱਸਿਆ ਕਿ ਸੁਖਵਿੰਦਰ ਕੌਰ ਖਿਲਾਫ਼ ਪਹਿਲਾਂ ਕੋਈ ਮਾਮਲਾ ਦਰਜ਼ ਹੈ ਜਾਂ ਨਹੀਂ, ਕਿਸੇ ਹੋਰ ਪਾਸੋਂ ਵੀ ਫ਼ਿਰੌਤੀ ਦੀ ਮੰਗ ਕੀਤੀ ਹੈ ਜਾਂ ਲਈ ਹੈ, ਇਹ ਜਾਂਚ ਦਾ ਹਿੱਸਾ ਹੈ।