ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ 28 ਜੁਲਾਈ ਤੋਂ ਸ਼ੁਰੂ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਇਸ ਵਾਰ ਹਰਿਆਣਾ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ। ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਵਿੱਚ ਪੂਰੇ ਦੇਸ਼ ਵਿੱਚੋਂ ਕੁੱਲ 213 ਖਿਡਾਰੀ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚੋਂ 43 ਖਿਡਾਰੀ ਇਕੱਲੇ ਹਰਿਆਣਾ ਨਾਲ ਸਬੰਧਿਤ ਹਨ। ਇਨ੍ਹਾਂ ਹਰਿਆਣਵੀ ਖਿਡਾਰੀਆਂ ਵਿੱਚੋਂ ਬਹੁਤੇ ਖਿਡਾਰੀ ਤਗਮਿਆਂ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਰਾਸ਼ਟਰ ਮੰਡਲ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ। ਸਾਲ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਦੇਸ਼ ਦੇ ਖਿਡਾਰੀਆਂ ਨੇ 66 ਤਗਮੇ ਜਿੱਤੇ ਸਨ। ਜਿਨ੍ਹਾਂ ਵਿੱਚੋਂ ਹਰਿਆਣਾ ਦੇ ਖਿਡਾਰੀਆਂ ਨੇ 9 ਸੋਨੇ ਦੇ ਤਗਮਿਆਂ ਸਮੇਤ ਕੁੱਲ 22 ਤਗਮੇ ਭਾਰਤ ਦੀ ਝੋਲੀ ਪਾਏ ਸਨ।
ਉਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਤੀਸਰੇ ਸਥਾਨ ’ਤੇ ਰਿਹਾ ਸੀ। ਇਸ ਤੋਂ ਪਹਿਲਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਨੇ ਕੁੱਲ 64 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਕੁੱਲ 19 ਤਗਮੇ ਜਿੱਤੇ ਸਨ। ਇਨ੍ਹਾਂ ਖੇਡਾਂ ਵਿੱਚ ਭਾਰਤ ਪੰਜਵੇਂ ਸਥਾਨ ’ਤੇ ਰਿਹਾ ਸੀ। ਸਾਲ 2010 ਦੌਰਾਨ ਨਵੀਂ ਦਿੱਲੀ ਵਿਖੇ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਤਗਮੇ ਜਿੱਤੇ ਸਨ। ਉਸ ਸਮੇਂ ਭਾਰਤ ਦੇ ਖਿਡਾਰੀਆਂ ਨੇ 101 ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚੋਂ 27 ਤਗਮੇ ਹਰਿਆਣਾ ਦੇ ਖਿਡਾਰੀਆਂ ਦੇ ਹਿੱਸੇ ਆਏ ਸਨ। ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਵਿੱਚ ਮੇਜ਼ਬਾਨ ਭਾਰਤ ਦੂਸਰੇ ਸਥਾਨ ’ਤੇ ਰਿਹਾ ਸੀ।
ਇੰਗਲੈਂਡ ਦੇ ਬਰਮਿੰਘਮ ਵਿੱਚ ਹੋ ਰਹੀਆਂ ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਰਿਆਣਾ ਦੇ 43 ਖਿਡਾਰੀ ਭਾਗ ਲੈ ਰਹੇ ਹਨ, ਜਿਨ੍ਹਾਂ ਵਿੱਚ 11 ਪਹਿਲਵਾਨ, 11 ਹਾਕੀ ਖਿਡਾਰੀ, 6 ਮੁੱਕੇਬਾਜ਼ ਅਤੇ 5 ਅਥਲੀਟਾਂ ਸਮੇਤ ਹੋਰ ਖਿਡਾਰੀ ਸ਼ਾਮਲ ਸਨ।
ਹਰਿਆਣਾ ਦੇ ਖਿਡਾਰੀਆਂ ਵਿੱਚ ਰੈਸਲਰ ਰਵੀ ਦਹੀਆ, ਬਜਰੰਗ ਪੂਨੀਆ, ਦੀਪਕ ਪੂਨੀਆ, ਵਿਨੇਸ਼ ਫੋਗਾਟ, ਸੀਮਾ ਆਂਤਲ, ਸੁਮਿਤ ਕੁੰਡੂ, ਮੁੱਕੇਬਾਜ਼ ਅਮਿਤ ਪੰਘਾਲ ਸਮੇਤ ਕਈ ਖਿਡਾਰੀ ਤਗਮੇ ਜਿੱਤਣ ਦੇ ਦਾਅਵੇਦਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਨੀਰਜ ਚੋਪੜਾ ਦੇ ਸੱਟ ਲੱਗਣ ਕਾਰਨ ਉਹ ਆਪਣੀ ਖੇਡ ਦਾ ਜਲਵਾ ਨਹੀਂ ਵਿਖਾ ਸਕਣਗੇ ਜਦੋਂਕਿ ਨੀਰਜ ਚੋਪੜਾ ਆਪਣੇ ਵਰਤਮਾਨ ਪ੍ਰਦਰਸ਼ਨ ਦੇ ਆਧਾਰ ’ਤੇ ਸੋਨੇ ਦਾ ਤਗਮਾ ਜਿੱਤਣ ਦੇ ਵੱਡੇ ਦਾਅਵੇਦਾਰ ਸਨ। ਨਿਸ਼ਾਨੇਬਾਜ਼ੀ ਨੂੰ ਇਸ ਵਾਰ ਰਾਸ਼ਟਰ ਮੰਡਲ ਖੇਡਾਂ ਵਿੱਚੋਂ ਬਾਹਰ ਕਰਨ ਕਾਰਨ ਹਰਿਆਣਾ ਦੇ ਖਿਡਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਪਿਛਲੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਰਿਆਣਾ ਦੇ ਹੀ ਪੰਜ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਵਿੱਚ 3 ਸੋਨੇ ਦੇ, ਇੱਕ ਚਾਂਦੀ ਦਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਸੀ।
ਪਿਛਲੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਚਾਂਦੀ ਦਾ ਤਗਮੇ ਜਿੱਤਣ ਵਾਲੇ ਮੁੱਕੇਬਾਜ਼ ਅਮਿਤ ਪੰਘਾਲ, ਸੀਮਾ ਆਂਤਲ ਅਤੇ ਕਾਂਸੀ ਦਾ ਤਗਮਾ ਜੇਤੂ ਸ਼ਾਕਸੀ ਮਲਿਕ ਇਸ ਵਾਰ ਫਿਰ ਦੇਸ਼ ਲਈ ਤਗਮੇ ਜਿੱਤਣ ਲਈ ਪੂਰੀ ਤਿਆਰੀ ਨਾਲ ਮੈਦਾਨ ਵਿੱਚ ਉੱਤਰੇ ਹੋਏ ਹਨ।
ਕੁਸ਼ਤੀ ਮੁਕਾਬਲਿਆਂ ਵਿੱਚ ਹਰਿਆਣਾ ਦੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਦਾ ਹਮੇਸ਼ਾ ਹੀ ਦਬਦਬਾ ਰਿਹਾ ਹੈ। ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਵਿੱਚ ਹਰਿਆਣਾ ਦੇ 11 ਪਹਿਲਵਾਨ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਗਏ ਹਨ, ਜਿਨ੍ਹਾਂ ਵਿੱਚ ਟੋਕੀਓ ਉਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਰਵੀ ਦਹੀਆ ਅਤੇ ਕਾਂਸੀ ਤਗਮੇ ਦੇ ਜੇਤੂ ਬਜਰੰਗ ਪੂਨੀਆ ਸਮੇਤ ਦੀਪਕ ਪੂਨੀਆ, ਨਵੀਨ ਕੁਮਾਰ, ਦੀਪਕ ਨਹਿਰਾ, ਮੋਹਿਤ ਕੁਮਾਰ ਅਤੇ ਮਹਿਲਾ ਪਹਿਲਵਾਨਾਂ ਵਿੱਚੋਂ ਵਿਨੇਸ਼ ਫੋਗਾਟ, ਸ਼ਾਕਸੀ ਮਲਿਕ, ਅੰਸ਼ੂ ਮਲਿਕ, ਪੂਜਾ ਗਹਿਲਾਵਤ ਅਤੇ ਪੂਜਾ ਸਿਹਾਗ ਸ਼ਾਮਲ ਹਨ। ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਵਿੱਚ ਪੁਰਸ਼ ਅਤੇ ਮਹਿਲਾ ਹਾਕੀ ਤੋਂ ਵੀ ਭਾਰਤ ਨੂੰ ਵੱਡੀਆਂ ਉਮੀਦਾਂ ਹਨ। ਮਹਿਲਾ ਹਾਕੀ ਟੀਮ ਵਿੱਚ ਹਰਿਆਣਾ ਦੀਆਂ 9 ਖਿਡਾਰਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਨੇਹਾ ਗੋਇਲ, ਸਵਿਤਾ ਪੂਨੀਆ, ਮੋਨਿਕਾ ਮਲਿਕ, ਸ਼ਰਮੀਲਾ, ਉਦਿਤਾ, ਨਿਸ਼ਾ, ਜੋਤੀ, ਨਵਜੋਤ ਕੌਰ ਅਤੇ ਨਵਨੀਤ ਕੌਰ ਦੇ ਨਾਂਅ ਸ਼ਾਮਲ ਹਨ।
ਕੁਸ਼ਤੀ ਅਤੇ ਹਾਕੀ ਤੋਂ ਇਲਾਵਾ ਇਸ ਵਾਰ ਰਾਸ਼ਟਰ ਮੰਡਲ ਖੇਡਾਂ ਵਿੱਚ ਮੁੱਕੇਬਾਜ਼ੀ ਦੇ ਮਹਿਲਾ ਵਰਗ ਵਿੱਚ ਨੀਤੂ ਅਤੇ ਜੈਸਮੀਨ, ਪੁਰਸ਼ ਵਰਗ ਵਿੱਚ ਅਮਿਤ ਪੰਘਾਲ, ਸੁਮਿਤ ਕੁੰਡੂ, ਸੰਜੀਤ ਕੁਮਾਰ ਅਤੇ ਸਾਗਰ, ਅਥਲੈਟਿਕਸ ਵਿੱਚ ਸੰਦੀਪ ਕੁਮਾਰ, ਅਮਿਤ, ਸੀਮਾ ਆਂਤਲ, ਸ਼ਿਲਪਾ ਰਾਣੀ, ਮਨਪ੍ਰੀਤ ਕੌਰ ਹਿੱਸਾ ਲੈ ਰਹੇ ਹਨ। ਕਿ੍ਰਕਟ ਵਿੱਚ ਸ਼ੈਫ਼ਾਲੀ ਵਰਮਾ, ਸਾਈਕਲਿੰਗ ਵਿੱਚ ਮਯੂਰੀ ਧਨਰਾਜ ਅਤੇ ਮੀਨਾਕਸ਼ੀ, ਜੂਡੋ ਵਿੱਚ ਸੂਚਿਕਾ ਤਰਿਆਲ ਅਤੇ ਜਿਮਨਾਸਟਿਕ ਵਿੱਚ ਯੋਗੇਸ਼ਵਰ ਸਿੰਘ ਆਪਣੀ ਖੇਡ ਦਾ ਜਲਵਾ ਵਿਖਾਉਣਗੇ। ਰਾਸ਼ਟਰ ਮੰਡਲ ਖੇਡਾਂ ਦੇ ਇਤਿਹਾਸ ’ਤੇ ਨਿਗ੍ਹਾ ਮਾਰਦਿਆਂ ਦੇਸ਼ ਵਾਸੀਆਂ ਨੂੰ ਇਸ ਵਾਰ ਵੀ ਹਰਿਆਣਾ ਦੇ ਖਿਡਾਰੀਆਂ ਤੋਂ ਵੱਡੀਆਂ ਉਮੀਦਾਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ