ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰਨ ਵਾਲੇ ਨੂੰ 2 ਕਰੋੜ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ। ਪੰਜਾਬ ਦੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਗੋਲਡੀ ਬਰਾੜ ਨੂੰ ਗਿ੍ਰਫਤਾਰ ਕਰਨ ਵਾਲੇ ਨੂੰ ਪਿਤਾ ਬਲਕੌਰ ਸਿੰਘ ਨੇ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਹ ਅੰਮ੍ਰਿਤਸਰ ਦੇ ਵੇਰਕਾ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਜਿੱਥੇ ਉਨ੍ਹਾਂ ਸਟੇਜ ਤੋਂ ਇਹ ਐਲਾਨ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਸਟੇਜ ਤੋਂ ਆਪਣਾ ਦੁੱਖ ਸਾਂਝਾ ਕਰਨ ਲਈ ਲੋਕਾਂ ਦਾ ਧੰਨਵਾਦ ਵੀ ਕੀਤਾ।
ਅੰਮ੍ਰਿਤਸਰ ਦੇ ਵੇਰਕਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਪੁੱਜੇ ਬਲਕੌਰ ਸਿੰਘ ਨੇ ਸਟੇਜ ਤੋਂ ਦੱਸਿਆ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਤੋਂ 2 ਕਰੋੜ ਰੁਪਏ ਦਾ ਟੈਕਸ ਵਸੂਲਦੀ ਰਹੀ ਹੈ। ਮਰਨ ਤੋਂ ਬਾਅਦ ਵੀ 2 ਕਰੋੜ ਰੁਪਏ ਦਾ ਟੈਕਸ ਸਰਕਾਰ ਕੋਲ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੇ ਕਾਤਲ ਗੋਲਡੀ ਬਰਾੜ ਨੂੰ ਫੜਨ ਵਾਲੇ ਨੂੰ 2 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਜਾਵੇ। ਜੇਕਰ ਆਮ ਆਦਮੀ ਪਾਰਟੀ ਕੋਲ ਪੈਸੇ ਨਹੀਂ ਹਨ ਤਾਂ ਉਹ ਇਹ ਪੈਸੇ ਦੇਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੀ ਜ਼ਮੀਨ ਵੇਚਣੀ ਪਵੇ।
ਆਸਟਰੇਲੀਆ ਦੀ ਸਰਕਾਰ ਦੁਆਰਾ ਦਿੱਤੀ ਉਦਾਹਰਣ
ਪਿਛਲੇ ਦਿਨੀਂ ਇੰਟਰਪੋਲ ਅਤੇ ਦਿੱਲੀ ਪੁਲਿਸ ਦੀ ਮਦਦ ਨਾਲ ਫੜੇ ਗਏ ਕਾਤਲ ਰਾਜਵਿੰਦਰ ਸਿੰਘ ਦੀ ਗਿ੍ਰਫ਼ਤਾਰੀ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ 2018 ਵਿੱਚ ਇੱਕ ਪੰਜਾਬੀ ਨੇ ਆਸਟ੍ਰੇਲੀਆ ਵਿੱਚ ਇੱਕ ਕੁੜੀ ਦਾ ਕਤਲ ਕਰਕੇ ਪੰਜਾਬ ਵਿੱਚ ਲੁਕ ਗਿਆ ਸੀ, ਪਰ ਆਸਟ੍ਰੇਲੀਅਨ ਸਰਕਾਰ ਨੇ 10 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਸੀ। ਦੋਸ਼ੀ ਨੂੰ ਕੁਝ ਦਿਨ ਪਹਿਲਾਂ ਹੀ ਫੜਿਆ ਗਿਆ ਸੀ। ਇਸੇ ਤਰ੍ਹਾਂ ਗੋਲਡੀ ਬਰਾੜ ਨੂੰ ਫੜਨ ਲਈ ਵੀ ਇਨਾਮ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ