ਛੇ ਦਿਨ ਪਹਿਲਾਂ ਪਹੁੰਚਿਆ ਮੌਨਸੂਨ, ਜੁਲਾਈ ’ਚ ਮਚਾ ਸਕਦੈ ਤਬਾਹੀ

Monsoon Update
Monsoon

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਮੰਗਲਵਾਰ ਨੂੰ ਚੇਤਾਵਨੀ ਜਾਰੀ ਕਰਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅਗਲੇ ਕਈ ਦਿਨ ਭਾਰੀ ਮੀਂਹ ਦਾ ਦਿੱਤਾ ਸੰਕੇਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਭਾਰਤੀ ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਦੇਸ਼ ਦੇ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ’ਚ ਆਮ ਤਾਰੀਕ ਤੋਂ ਛੇ ਦਿਨ ਪਹਿਲਾਂ ਅੱਗੇ ਵਧ ਗਿਆ ਹੈ। ਜਿਸ ਨਾਲ ਦੇਸ਼ ਭਰ ’ਚ ਬੀਤੇ ਜੂਨ ਮਹੀਨੇ ਦੇ ਮੁਕਾਬਲੇ ਜੁਲਾਈ ’ਚ ਕਿਤੇ ਵਧ ਮੀਂਹ ਪਵੇਗਾ। ਜਿਸ ਨਾਲ ਕਈ ਇਲਾਕਿਆਂ ਵਿੱਚ ਹੜ੍ਹ ਤੇ ਬੱਦਲ ਫਟਣ ਵਰਗੀ ਸਥਿਤੀ ਬਣਨ ਦੇ ਵੀ ਅਸਾਰ ਹਨ। Monsoon Update

ਇਹ ਵੀ ਪੜ੍ਹੋ: ਹਾਥਰਸ ‘ਚ ਸਤਿਸੰਗ ਦੌਰਾਨ ਮਚੀ ਭਗਦੜ ‘ਚ 50 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖਮੀ

ਦੋ ਦਿਨ ਸੰਘਣੀ ਬੱਦਲਵਾਈ ਰਹਿਣ ਤੋਂ ਬਾਅਦ ਸੌਮਵਾਰ ਨੂੰ ਸਵੇਰੇ ਪਈ ਬਾਰਿਸ਼ ਤੋਂ ਬਾਅਦ ਹੁੰਮਸ ਵਧ ਗਈ ਹੈ। ਮੰਗਲਵਾਰ ਵੀ ਹਲਕੀ ਬੱਦਲਵਾਲੀ ਰਹੀ। ਜਿਸ ਕਾਰਨ ਹੁੰਮਸ ਵਧਣ ਨਾਲ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ। ਬੇਸ਼ੱਕ ’ਚ ਬੀਤੇ ਵੀਰਵਾਰ ਤੇ ਸੌਮਵਾਰ ਨੂੰ ਵਰ੍ਹੇ ਮੌਨਸੂਨ ਦੇ ਪਹਿਲੇ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਆਈ ਹੈ ਪਰ ਹੁੰਮਸ ਨੇ ਲੋਕਾਂ ਦਾ ਜਿਉਣਾ ਦੁੱਬਰ ਕੀਤਾ ਹੋਇਆ ਹੈ। ਇਸ ਪ੍ਰੇਸ਼ਾਨੀ ਵਿੱਚ ਸ਼ਹਿਰ ਦੀਆਂ ਕਈ ਸੜਕਾਂ/ਕਿਨਾਰਿਆਂ ਤੋਂ ਇਲਾਵਾ ਨੀਵੇਂ ਇਲਾਕਿਆਂ ਵਿੱਚ ਖੜ੍ਹਾ ਮੀਂਹ ਦਾ ਪਾਣੀ ਵਾਧਾ ਕਰ ਰਿਹਾ ਹੈ। ਵਿਭਾਗ ਵੱਲੋਂ ਚੇਤਾਵਨੀ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਦੇ ਮੰਗਲਵਾਰ ਨੂੰ ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਪੂਰੇ ਭਾਰਤ ਨੂੰ ਕਵਰ ਕਰਨ ਦੀ ਆਮ ਤਾਰੀਕ ਤੋਂ ਛੇ ਦਿਨ ਪਹਿਲਾਂ ਭਾਵ 8 ਜੁਲਾਈ ਦੇ ਮੁਕਾਬਲੇ 2 ਜੁਲਾਈ ਨੂੰ ਪੂਰੇ ਭਾਰਤ ਨੂੰ ਕਵਰ ਕਰ ਲਿਆ ਹੈ। ਜਿਸ ਨਾਲ ਅਗਲੇ ਤਿੰਨ ਮਹੀਨਿਆਂ ਵਿੱਚ ਚੰਗੀ ਮੀਂਹ ਹੋਣ ਦੀ ਸੰਭਾਵਨਾ ਹੈ।

ਅੱਗੇ ਦਾ ਮੌਸਮ | Monsoon Update

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਫ਼ਤਿਹਗੜ੍ਹ, ਨਵਾਂ ਸ਼ਹਿਰ ਤੇ ਐਸ.ਏ.ਐਸ. ਨਗਰ ’ਚ ਬੁੱਧਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਅਤੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਭਾਰੀ ਮੀਂਹ ਪਵੇਗਾ। ਇਸੇ ਤਰ੍ਹਾਂ ਜਲੰਧਰ ਤੇ ਅੰਮ੍ਰਿਤਸਰ ’ਚ ਬੁੱਧਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਅਤੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਭਾਰੀ ਮੀਂਹ ਪਵੇਗਾ। ਇਸ ਤੋਂ ਇਲਾਵਾ ਪਠਾਨਕੋਟ ’ਚ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਭਾਰੀ ਮੀਂਹ ਅਤੇ ਹੁਸ਼ਿਆਰਪੁਰ, ਕਪੂਰਥਲਾ ਤੇ ਰੂਪਨਗਰ ’ਚ ਬੁੱਧਵਾਰ ਤੇ ਵੀਰਵਾਰ ਨੂੰ ਭਾਰੀ ਮੀਂਹ ਪੈਣ ਦਾ ਸੰਕੇਤ ਦਿੱਤਾ ਗਿਆ ਹੈ। ਇਸ ਤੋਂ ਬਿਨ੍ਹਾਂ ਹਰਿਆਣਾ ਦੇ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਕੁਰੂਸ਼ੇਤਰ, ਕੈਂਥਲ, ਸੋਨੀਪਤ, ਪਾਨੀਪਤ ਤੇ ਸਰਸਾ ’ਚ ਬੁੱਧਵਾਰ ਨੂੰ ਭਾਰੀ ਮੀਂਹ ਅਤੇ ਯਮੁਨਾਨਗਰ ਤੇ ਕਰਨਾਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ।