Moga News: ਮੋਗਾ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਲਈ ਆਈ ਵੱਡੀ ਅਪਡੇਟ, ਜਾਣੋ

Moga News

ਵਰਤਮਾਨ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀ ਘਬਰਾਉਣ ਨਾ ਪਰ ਸੁਚੇਤ ਰਹਿਣ : ਡਿਪਟੀ ਕਮਿਸ਼ਨਰ | Moga News

Moga News: (ਵਿੱਕੀ ਕੁਮਾਰ) ਮੋਗਾ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਹੱਦ ਤੇ ਬਣੇ ਵਰਤਮਾਨ ਹਲਾਤਾਂ ਦੇ ਮੱਦੇਨਜ਼ਰ ਅਪੀਲ ਕੀਤੀ ਹੈ ਕਿ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਹਰ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਹਰੇਕ ਨਾਗਰਿਕ ਨੂੰ ਸੁਚੇਤ ਅਤੇ ਜਿੰਮੇਵਾਰੀ ਵਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜੇਕਰ ਜ਼ਿਲ੍ਹਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਮੋਗਾ ਹਰ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਕਿਹਾ, ਮੋਗਾ ਜ਼ਿਲ੍ਹਾ ਵਿੱਚ ਪੂਰਨ ਸ਼ਾਂਤੀ, ਬੇਲੋੜੀ ਸਟੋਰੇਜ ਤੋਂ ਗੁਰੇਜ ਕੀਤਾ ਜਾਵੇ

ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਹਾਲ ਵਿੱਚ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਨ ਮੌਕੇ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਲੋਕ ਪੈਟਰੋਲ ਡੀਜ਼ਲ ਦੀ ਨਜਾਇਜ਼ ਸਟੋਰੇਜ਼ ਕਰ ਰਹੇ ਹਨ ਜਿਸਦੀ ਲੋੜ ਨਹੀਂ ਹੈ। ਉਹਨਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿਸੇ ਵੀ ਤਰ੍ਹਾਂ ਦੀ ਗਲਤ ਖਬਰ ਜਿਸ ਨਾਲ ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣੇ ਗਰੁੱਪਾਂ ਵਿੱਚ ਨਾ ਸ਼ੇਅਰ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਕੋਈ ਖਤਰੇ ਦਾ ਸੰਕੇਤ ਮਿਲਦਾ ਹੈ ਤਾਂ ਬਲੈਕਆਊਟ ਕੀਤਾ ਜਾਵੇਗਾ। ਇਸ ਲਈ ਹਰੇਕ ਨਾਗਰਿਕ ਨੂੰ ਇਸ ਸਬੰਧੀ ਕੁਝ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਬਿਨ੍ਹਾਂ ਬਲੈਕਆਊਟ ਤੋਂ ਵੀ ਰਾਤ ਸਮੇਂ ਕੋਈ ਬੇਲੋੜੀ ਲਾਈਟ ਨਾ ਹੀ ਜਗਾਈ ਜਾਵੇ ਤਾਂ ਬਿਹਤਰ ਹੈ। ਡਿਪਟੀ ਕਮਿਸ਼ਨਰ ਨੇ ਬਲੈਕਆਉਟ ਪ੍ਰੋਟੋਕਾਲ ਦਿਸ਼ਾ-ਨਿਰਦੇਸ਼ ਸਾਂਝੇ ਕਰਦਿਆਂ ਕਿਹਾ ਕਿ ਸਾਇਰਨ ਦਾ ਮਤਲਬ ਅਸਲ ਖਤਰਾ ਹੈ ਅਤੇ ਰਾਤ ਸਮੇਂ ਬਿਜਲੀ ਜਾਣ ਨੂੰ ਵੀ ਖਤਰੇ ਦਾ ਸੰਕੇਤ ਮੰਨਿਆ ਜਾਵੇ।

ਇਸ ਲਈ ਜਦੋਂ ਖਤਰੇ ਦਾ ਸੰਕੇਤ ਮਿਲੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰੋ। ਇਸ ਵਿੱਚ ਮੁੱਖ ਲਾਈਟਾਂ, ਇਨਵਰਟਰ ਲਾਈਟਾਂ ਅਤੇ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ ਜੋ ਬਾਹਰੋਂ ਦਿਖ ਸਕਦੀ ਹੋਵੇ। ਖਿੜਕੀਆਂ ’ਤੇ ਪਰਦੇ ਲਗਾ ਕੇ ਰੱਖੋ ਅਤੇ ਅੰਦਰ ਤੋਂ ਵੀ ਕੋਈ ਰੌਸ਼ਨੀ ਬਾਹਰ ਨਾ ਆਵੇ। ਆਪਣੇ ਫੋਨ ਪਹਿਲਾਂ ਤੋਂ ਹੀ ਚਾਰਜ ਰੱਖੋ। ਉਹਨਾਂ ਅੱਗੇ ਦੱਸਿਆ ਕਿ ਕੋਈ ਵੀ ਲਾਈਟ ਨਾ ਚਾਲੂ ਕਰੋ, ਛੋਟੀ ਤੋਂ ਛੋਟੀ ਰੋਸ਼ਨੀ ਜਾਂ ਸਕਰੀਨ ਦੀ ਚਮਕ ਵੀ ਲੁਕਾ ਦਿਓ। ਸਾਇਰਨ ਤੋਂ ਬਾਅਦ ਕੋਈ ਵੀ ਗੱਡੀ ਜਾਂ ਪੈਦਲ ਹਲਚਲ ਨਾ ਹੋਵੇ। ਜਿੱਥੇ ਹੋ, ਉਥੇ ਹੀ ਰੁੱਕ ਜਾਓ। ਉਹਨਾਂ ਕਿਹਾ ਕਿ ਕੇਵਲ ਸਰਕਾਰੀ ਹਦਾਇਤਾਂ ਉੱਤੇ ਭਰੋਸਾ ਕਰੋ। Moga News

ਇਹ ਵੀ ਪੜ੍ਹੋ: Punjab Kisan News: ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਕਿਸਾਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਕੀਤੇ ਮੁਲਤਵੀ

ਉਹਨਾਂ ਅੱਗੇ ਦੱਸਿਆ ਕਿ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਲੋਕਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਕੰਟਰੋਲਰ, ਖੁਰਾਕ ਅਤੇ ਸਿਵਲ ਸਪਲਾਈਜ਼, ਮੋਗਾ ਨੂੰ ਜ਼ਰੂਰੀ ਵਸਤੂਆਂ, ਪੈਟਰੋਲ, ਡੀਜ਼ਲ ਆਦਿ ਲਈ ਮੋਬਾਇਲ ਨੰ. 98551-12333, ਜ਼ਿਲ੍ਹਾ ਮੰਡੀ ਅਫਸਰ, ਮੋਗਾ ਨੂੰ ਸਬਜੀਆਂ ਅਤੇ ਫਲਾਂ ਸਮੇਤ ਮੰਡੀ ਨਾਲ ਸਬੰਧਤ ਮੁੱਦਿਆਂ ਲਈ ਮੋਬਾਇਲ 95016-49900, ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਮੋਗਾ ਨੂੰ ਪਸ਼ੂਆਂ ਦੇ ਇਲਾਜ ਲਈ ਕੋਈ ਸਮੱਸਿਆ ਲਈ ਅਤੇ ਪਸ਼ੂਆ ਦੇ ਚਾਰੇ ਲਈ ਮੋਬਾਇਲ ਨੰ. 94173-16068, ਸਹਾਇਕ ਕਮਿਸ਼ਨਰ, ਰਾਜ ਕਰ, ਮੋਗਾ ਨਾਲ ਮੋਨੀਟਰਿੰਗ ਅਤੇ ਸਹਿਯੋਗ ਲਈ ਮੋਬਾਇਲ ਨੰ. 9872910033 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। Moga News