ਕੇਂਦਰੀ ਜੇਲ ਲੁਧਿਆਣਾ ਮੁੜ ਵਿਵਾਦਾਂ ‘ਚ, ਮਾਮਲੇ ਦਰਜ਼

Violating Jail Rules
Central Jail Ludhiana

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਮਹਾਂਨਗਰ ’ਚ ਸਥਿੱਤ ਕੇਂਦਰੀ ਜੇਲ ’ਚੋਂ ਸਿਰਫ਼ ਦੋ ਦਿਨਾਂ ਦੇ ਅੰਦਰ ਹੀ ਮੁੜ 16 ਮੋਬਾਇਲ ਬਰਾਮਦ ਹੋਏ ਹਨ। ਪੁਲਿਸ ਨੇ ਜੇਲ ਅਧਿਕਾਰੀਆਂ ਦੇ ਬਿਆਨਾਂ ’ਤੇ ਵਰਜ਼ਿਤ ਸਮੱਗਰੀ ਜੇਲ ਅੰਦਰ ਰੱਖਣ ਦੇ ਦੋਸ਼ ਹੇਠ ਹਵਾਲਾਤੀ, ਕੈਦੀਆਂ ਵਿਰੁੱਧ ਕੁੱਲ 4 ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਸਹਾਇਕ ਥਾਣੇਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਸਥਾਨਕ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਸੁਖਪਾਲ ਸਿੰਘ ਵੱਲੋਂ ਮੌਸੂਲ ਹੋਇਆ ਕਿ 28 ਅਪਰੈਲ ਨੂੰ ਚੈਕਿੰਗ ਦੌਰਾਨ ਗੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਰਾਕੇਸ ਕੁਮਾਰ ਉਰਫ਼ ਮੇਹਦੀ ਪੁੱਤਰ ਰਾਮ ਅਵਤਾਰ ਵਾਸੀਅਨ ਕੇਂਦਰੀ ਜੇਲ ਲੁਧਿਆਣਾ ਪਾਸੋਂ 2 ਮੋਬਾਇਲ ਬਰਾਮਦ ਹੋਏ ਸਨ। ਜਿਸ ਦੇ ਦੋਸ਼ ਹੇਠ ਉਕਤ ਹਵਾਲਾਤੀਆਂ ਵਿਰੁੱਧ ਥਾਣਾ ਡਵੀਜਨ ਨੰਬਰ 7 ਵਿਖੇ ਜੇਲ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।

ਦੂਸਰੇ ਮਾਮਲੇ ਸਬੰਧੀ ਸਹਾਇਕ ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਸੂਰਜ ਮੱਲ ਵੱਲੋਂ ਮੌਸੂਲ ਹੋਣ ’ਤੇ 28 ਅਪਰੈਲ ਨੂੰ ਮਨਜੀਤ ਸਿੰਘ ਉਰਫ਼ ਲੱਕੀ ਪੁੱਤਰ ਮਹਿੰਦਰਪਾਲ ਉਰਫ਼ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗਗਨਦੀਪ ਸਿੰਘ ਉਰਫ਼ ਗੋਗੀ ਪੁੱਤਰ ਗੁਰਚਰਨ ਸਿੰਘ ਵਾਸੀਆਨ ਕੇਂਦਰੀ ਜੇਲ ਲੁਧਿਆਣਾ ਵਿਰੁੱਧ ਜੇਲ ਨਿਯਮਾਂ ਦੀ ਅਣਦੇਖੀ ਕਰਕੇ ਮੋਬਾਇਲ ਰੱਖਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।

ਚੈਕਿੰਗ ਮੁਹਿੰਮ ਦੌਰਾਨ ਵੱਖ ਵੱਖ ਕੰਪਨੀਆਂ ਦੇ 3 ਮੋਬਾਇਲ ਮਿਲੇ

ਉਨਾਂ ਦੱਸਿਆ ਕਿ ਉਕਤ ਹਵਾਲਾਤੀ/ਕੈਦੀਆਂ ਪਾਸੋਂ ਚੈਕਿੰਗ ਮੁਹਿੰਮ ਦੌਰਾਨ ਵੱਖ ਵੱਖ ਕੰਪਨੀਆਂ ਦੇ 3 ਮੋਬਾਇਲ ਮਿਲੇ ਸਨ। ਤੀਜੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮੇਵਾ ਰਾਮ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਡ ਸਤਨਾਮ ਸਿੰਘ ਵੱਲੋਂ ਭੇਜੇ ਗਏ ਮੌਸੂਲ ’ਤੇ ਨਾ- ਮਾਲੂਮ ਹਵਾਲਾਤੀ/ਕੈਦੀਆਂ ਵਿਰੁੱਧ ਮਾਮਲਾ ਰਜ਼ਿਸਟਰ ਕੀਤਾ ਗਿਆ ਹੈ, ਕਿਉਂਕਿ 26 ਅਪਰੈਲ ਨੂੰ ਜੇਲ ਅੰਦਰੋਂ 7 ਮੋਬਾਇਲ ਵੱਖ ਵੱਖ ਕੰਪਨੀਆਂ ਦੇ ਲਵਾਰਿਸ ਹਾਲਤ ’ਚ ਬਰਾਮਦ ਹੋਏ ਹਨ।

ਚੌਥੇ ਮਾਮਲੇ ਸਬੰਧੀ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੀ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਕਸ਼ਮੀਰ ਲਾਲ ਮੁਤਾਬਕ 26 ਅਰਪੈਲ ਨੂੰ ਕੀਤੀ ਗਈ ਚੈਕਿੰਗ ਮੁਹਿੰਮ ਦੌਰਾਨ ਉਨਾਂ ਨੂੰ ਜੇਲ ਅੰਦਰੋਂ ਕਰਮਜੀਤ ਸਿੰਘ ਪੁੱਤਰ ਜਗਦੇਵ ਸਿੰਘ, ਸਰਬਜੀਤ ਸਿੰਘ ਪੁੱਤਰ ਗੁਰਮੀਤ ਸਿੰਘ, ਮਨੀ ਗਰਗ ਪੁੱਤਰ ਜਗਜੀਵਨ ਗਰਗ ਵਾਸੀਆਨ ਕੇਂਦਰੀ ਜੇਲ ਲੁਧਿਆਣਾ ਦੇ ਕਬਜ਼ੇ ’ਚੋਂ 4 ਮੋਬਾਇਲ ਬਰਾਮਦ ਹੋਏ ਹਨ। ਇਸ ਲਈ ਥਾਣਾ ਡਵੀਜਨ ਨੰਬਰ 7 ਵਿਖੇ ਵਰਜਿਤ ਸਮਾਨ ਜੇਲ ਅੰਦਰ ਰੱਖਣ ਦੇ ਦੋਸ਼ ਹੇਠ ਉਕਤ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ