ਵਿਧਾਇਕਾ ਨਰਿੰਦਰ ਕੌਰ ਭਰਾਜ ਭਲਕੇ ਵਿਆਹ ਦੇ ਬੰਧਨ ‘ਚ ਬਝਣਗੇ

MLA Narinder Kaur Bharaj marriage | ਵਿਆਹ ਸਮਾਗਮ ‘ਚ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਸ਼ਾਮਿਲ

ਚੰਡੀਗੜ੍ਹ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਹੋਰ ਵਿਧਾਇਕ ਵਿਆਹ ਕਰਵਾਉਣ ਜਾ ਰਿਹਾ ਹੈ। ਸੰਗਰੂਰ ਤੋਂ ਵਿਧਾਇਕ ਚੁਣੀ ਗਈ ਨਰਿੰਦਰ ਕੌਰ ਭਾਰਜ (MLA Narinder Kaur Bharaj marriage) ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਨ੍ਹਾਂ ਦੇ ਵਿਆਹ ਦੀ ਰਸਮ ਪਟਿਆਲਾ ਨੇੜੇ ਹੋਵੇਗੀ। ਨਰਿੰਦਰ ਭਰਾਜ ਦਾ ਵਿਆਹ ਮਨਦੀਪ ਲੱਖੇਵਾਲ ਨਾਲ ਹੋਣ ਜਾ ਰਿਹਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਨਰਿੰਦਰ ਕੌਰ ਦੇ ਵਿਆਹ ਦੀ ਰਸਮ ਬੜੀ ਸਾਦਗੀ ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੇ ਵਿਆਹ ਸਮਾਗਮ ’ਚ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ।

ਜੁਲਾਈ ’ਚ ਹੋਇਆ ਸੀ ਭਗਵੰਤ ਮਾਨ ਦਾ ਵਿਆਹ

ਇਸ ਤੋਂ ਪਹਿਲਾਂ ਇਸ ਸਾਲ ਜੁਲਾਈ ਵਿੱਚ ਭਗਵੰਤ ਮਾਨ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਨ੍ਹਾਂ ਦਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਵਿਆਹ ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਆਯੋਜਿਤ ਸਮਾਰੋਹ ਦੌਰਾਨ ਹੋਇਆ। ਇਸ ਵਿਆਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਵਿਆਹ ’ਚ ‘ਆਪ’ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਵੀ ਮੌਜੂਦ ਸਨ।

ਵਿਜੇਇੰਦਰ ਸਿੰਗਲਾ ਨੂੰ ਹਰਾ ਕੇ ਜਿੱਤੀ ਸੀ ਚੋਣ

ਕੱਲ੍ਹ ਵਿਆਹ ਕਰਵਾਉਣ ਜਾ ਰਹੀ 27 ਸਾਲਾ ਨਰਿੰਦਰ ਕੌਰ ਨੇ ਪੰਜਾਬ ਦੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਹੈ। ਇਸ ਸਾਲ ਮਾਰਚ ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਵਿਜੇਇੰਦਰ ਸਿੰਗਲਾ ਨੂੰ 36 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਉਹ ਸੰਗਰੂਰ ਤੋਂ ਪਹਿਲੀ ਮਹਿਲਾ ਵਿਧਾਇਕ ਹੈ। ਉਸ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਸੀ। ਚੋਣਾਂ ਸਮੇਂ ਉਸ ਕੋਲ ‘ਆਪ’ ਦੇ ਯੂਥ ਵਿੰਗ ਦੀ ਸੂਬਾ ਇਕਾਈ ਦੇ ਬੁਲਾਰੇ ਅਤੇ ਜ਼ਿਲ੍ਹਾ ਯੂਥ ਵਿੰਗ ਦੇ ਮੁਖੀ ਦੀ ਜ਼ਿੰਮੇਵਾਰੀ ਵੀ ਸੀ।

ਭਗਵੰਤ ਮਾਨ ਦੇ ਹਨ ਕਰੀਬੀ

ਨਰਿੰਦਰ ਕੌਰ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ 2014 ਵਿੱਚ ਲੋਕ ਸਭਾ ਚੋਣਾਂ ਦੌਰਾਨ ‘ਆਪ’ ਉਮੀਦਵਾਰ ਅਤੇ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਪੋਲਿੰਗ ਏਜੰਟ ਬੂਥ ਬਣਾਇਆ ਸੀ। ਇਸ ਤੋਂ ਬਾਅਦ ਭਗਵੰਤ ਮਾਨ ਖੁਦ ਉਨ੍ਹਾਂ ਨੂੰ ਮਿਲਣ ਉਨ੍ਹਾਂ ਦੇ ਪਿੰਡ ਪੁੱਜੇ ਸਨ।ਇਸ ਤੋਂ ਬਾਅਦ ਨਰਿੰਦਰ ਕੌਰ ਭਾਰਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਸਦੇ ਪਿਤਾ ਗੁਰਮੇਲ ਸਿੰਘ ਇੱਕ ਕਿਸਾਨ ਹਨ। ਨਰਿੰਦਰ ਨੇ ਸੰਗਰੂਰ ਦੇ ਭਰਾ ਗੁਰਦਾਸ ਕਾਲਜ ਆਫ਼ ਲਾਅ ਤੋਂ 2021 ਵਿੱਚ ਐਲਐਲਬੀ ਦੀ ਡਿਗਰੀ ਲਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ