ਵਿਧਾਇਕ ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵੱਜੋਂ ਆਹੁੱਦਾ ਸੰਭਾਲਿਆ

MLA, Kotli, Secretary, India, Congress, Committee

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਸਵ: ਬੇਅੰਤ ਸਿੰਘ ਨੇ ਦੇਸ਼ ਵਿੱਚੋਂ ਅੱਤਵਾਦ ਨੂੰ ਖਤਮ ਕਰਨ ਲਈ ਦਿੱਤੀ ਕੁਰਬਾਨੀ ਅਤੇ ਪਰਿਵਾਰ ਵੱਲੋਂ ਪਾਰਟੀ ਦੀ ਮਜਬੂਤੀ ਲਈ ਦਿੱਤੀਆਂ ਸ਼ਾਨਦਾਰ ਤੇ ਨਿਰਸਵਾਰਥ ਸੇਵਾਵਾਂ ਬਦਲੇ ਗੁਰਕੀਰਤ ਸਿੰਘ ਕੋਟਲੀ ਵਿਧਾਇਕ ਖੰਨਾ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦਾ ਸਕੱਤਰ ਨਿਯੁੱਕਤ ਕੀਤਾ ਗਿਆ ਹੈ।

ਵਿਧਾਇਕ ਕੋਟਲੀ ਨੂੰ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਆਹੁੱਦਾ ਸੰਭਾਲਣ ਦੀ ਰਸਮ ਮੈਂਬਰ ਰਾਜ ਸਭਾ ਅਤੇ ਖ਼ਜਾਨਚੀ ਆਲ ਇੰਡੀਆ ਕਾਂਗਰਸ ਪਾਰਟੀ ਮੋਤੀ ਲਾਲ ਵੋਹਰਾ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਦਫਤਰ ਵਿੱਚ ਅਦਾ ਕੀਤੀ ਗਈ। ਉਹਨਾਂ ਇਸ ਮੌਕੇ ਸ੍ਰ. ਕੋਟਲੀ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਸ੍ਰ. ਕੋਟਲੀ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੋਹਰੀ ਰੋਲ ਅਦਾ ਕਰਨਗੇ ਅਤੇ ਪਾਰਟੀ ਨੂੰ ਹੋਰ ਮਜਬੂਤੀ ਵੱਲ ਲੈ ਜਾਣਗੇ। ਇਸ ਮੌਕੇ ਉਹਨਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ (ਫਤਿਹਗੜ ਸਾਹਿਬ), ਲਖਬੀਰ ਸਿੰਘ ਲੱਖਾ (ਪਾਇਲ), ਨਵਤੇਜ ਸਿੰਘ (ਸੁਲਤਾਨਪੁਰ ਲੋਧੀ), ਗੁਰਪ੍ਰੀਤ ਸਿੰਘ (ਬੱਸੀ ਪਠਾਣਾ), ਸੁਖਪਾਲ ਸਿੰਘ ਭੁੱਲਰ (ਖੇਮਕਰਨ), ਦਲਬੀਰ ਸਿੰਘ ਗੋਲਡੀ (ਧੂਰੀ) ਅਤੇ ਚੌਧਰੀ ਦਰਸ਼ਨ ਲਾਲ (ਬਲਾਚੌਰ) ਹਾਜ਼ਰ ਸਨ। ਸਮੂਹ ਵਿਧਾਇਕਾਂ ਵੱਲੋਂ ਜਿੱਥੇ ਸ੍ਰ. ਕੋਟਲੀ ਨੂੰ ਵਧਾਈਆਂ ਦਿੱਤੀਆਂ, ਉਥੇ ਪਾਰਟੀ ਦੀ ਹੋਰ ਮਜਬੂਤੀ ਦੀ ਵੀ ਕਾਮਨਾ ਕੀਤੀ।

ਸ੍ਰ. ਕੋਟਲੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਆਹੁੱਦਾ ਸੰਭਾਲਣ ਉਪਰੰਤ ਕਿਹਾ ਕਿ ਪਾਰਟੀ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਰਾਂ ਤਨਦੇਹੀ ਨਾਲ ਨਿਭਾਵਾਗਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਹਨਾਂ ਨੂੰ ਸਿੱਧੇ ਤੌਰ ‘ਤੇ ਮਿਲ ਸਕਦਾ ਹੈ। ਸ. ਕੋਟਲੀ ਦੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦਾ ਆਹੁੱਦਾ ਸੰਭਾਲਣ ‘ਤੇ ਉਹਨਾਂ ਦੇ ਹਲਕਾ ਖੰਨਾ ਵਿੱਚ ਕਾਂਗਰਸ ਪਾਰਟੀ ਦੇ ਆਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ।