Sirhind City News: ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ 5.68 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਤੇ ਸੀਵਰੇਜ਼ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

Sirhind City News
Sirhind City News: ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ 5.68 ਕਰੋੜ ਦੀ ਲਾਗਤ ਵਾਲੇ ਜਲ ਸਪਲਾਈ ਤੇ ਸੀਵਰੇਜ਼ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਲੋਕਾਂ ਨੂੰ ਮਿਲੀ ਵੱਡੀ ਰਾਹਤ, ਪ੍ਰੋਜੈਕਟ ਅਗਲੇ 8 ਮਹੀਨਿਆਂ ਅੰਦਰ ਹੋਵੇਗਾ ਮੁਕੰਮਲ

Sirhind City News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫ਼ਤਹਿਗੜ੍ਹ ਸਾਹਿਬ ਤੇ ਸਰਹਿੰਦ ਸ਼ਹਿਰ ਦੇ ਨਿਵਾਸੀਆਂ ਨੂੰ ਅੱਜ ਇੱਕ ਵੱਡਾ ਤੋਹਫ਼ਾ ਦਿੰਦਿਆਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ ਦੀ ਮੌਜੂਦਗੀ ਵਿੱਚ ਪੁਰਾਣਾ ਸਰਹਿੰਦ ਵਿਖੇ ਸਥਿਤ ਨੈਣਾਂ ਦੇਵੀ ਮੰਦਰ ਨਜ਼ਦੀਕ 5.68 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਤੇ ਸੀਵਰੇਜ਼ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਇਹ ਪ੍ਰੋਜੈਕਟ ਅਗਲੇ ਕਰੀਬ 8 ਮਹੀਨਿਆਂ ਅੰਦਰ ਮੁਕੰਮਲ ਹੋਵੇਗਾ ਅਤੇ ਇਸ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲਣ ਦੇ ਨਾਲ ਨਾਲ ਸੀਵਰੇਜ਼ ਦੀ ਸਮੱਸਿਆ ਤੋਂ ਸਥਾਈ ਤੌਰ ’ਤੇ ਛੁਟਕਾਰਾ ਮਿਲ ਜਾਵੇਗਾ ਤੇ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ। ਵਿਧਾਇਕ ਐਡਵੋਕੇਟ ਰਾਏ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਲੋਕਾਂ ਨਾਲ ਕੀਤੇ ਗਏ ਹਰ ਵਾਅਦੇ ਨੂੰ ਤਰਜ਼ੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Patiala News: ਵਿਜੇ ਕੁਮਾਰ ਕੂਕਾ ਮੁੜ ਬਣੇ ਬੀਜੇਪੀ ਪਟਿਆਲਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ

ਅੱਜ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦੱਸਿਆ ਕਿ ਬ੍ਰਾਹਮਣਮਾਜਰਾ ਤੇ ਤਲਾਣੀਆ ਨਜ਼ਦੀਕ ਵੀ ਇੱਕ ਇੱਕ ਟਿਊਬਵੈਲ ਲਗਾਇਆ ਜਾ ਰਿਹਾ ਹੈ ਤਾਂ ਜੋ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਦੋ ਟਿਊਬਵੈਲਾਂ ਤੋਂ ਇਲਾਵਾ ਪਾਣੀ ਦੀ ਟੈਂਕੀ ਅਤੇ ਪਾਣੀ ਤੇ ਸੀਵਰੇਜ ਪਾਈਪਲਾਈਨਾਂ ਨੂੰ ਪਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸਰਹਿੰਦ ਸ਼ਹਿਰ ਦੇ ਜਿਹੜੇ ਵਾਰਡਾਂ ਵਿੱਚ ਪਾਣੀ ਦੇ ਦੂਸ਼ਿਤ ਹੋਣ ਕਾਰਨ ਪੀਲੀਆ ਫੈਲਿਆ ਸੀ। ਉਨ੍ਹਾਂ ਵਿੱਚੋਂ ਪੁਰਾਣੀ ਪਾਈਪਲਾਈਨ ਨੂੰ ਬਦਲਵਾ ਕੇ ਨਵੀਂ ਪਾਈਪਲਾਈਨ ਪਾਉਣ ਦਾ ਕੰਮ ਵੀ ਕਰਵਾਇਆ ਜਾਵੇਗਾ।

ਇਸ ਮੌਕੇ ਪੰਜਾਬ ਜਲ ਸਪਲਾਈ ਤੇ ਸੀਵਰੇਜ਼ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਇਸ ਪ੍ਰੋਜੈਕਟ ਲਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਵਧਦੀ ਆਬਾਦੀ ਨੂੰ ਦੇਖਦਿਆਂ ਜਿਵੇਂ ਹੀ ਨਗਰ ਕੌਂਸਲ ਦਾ ਘੇਰਾ ਵਧੇਗਾ ਉਥੇ ਲੋਕਾਂ ਦੀ ਲੋੜ ਅਨੁਸਾਰ ਸੀਵਰੇਜ਼ ਅਤੇ ਪਾਣੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਉਦਮ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ਼ ਵਿੱਚ ਫਸੇ ਰੇਤ ਦੀ ਨਿਰਧਾਰਤ ਸਮਾਂ ਸੀਮਾ ਅੰਦਰ ਸਫਾਈ ਕਰਨ ਦੀਆਂ ਹਦਾਇਤਾਂ ਵੀ ਅਧਿਕਾਰੀਆਂ ਨੂੰ ਜਾਰੀ ਕੀਤੀਆਂ ਗਈਆਂ ਹਨ। Sirhind City News