ਹੁਸ਼ਿਆਰਪੁਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਜਪੋਸ਼ੀ ਸਮਾਰੋਹ ਅੱਜ ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਕੰਪਲੈਕਸ ‘ਚ ਸ਼ਾਮ 7 ਵਜੇ ਕੀਤਾ ਜਾ ਰਿਹਾ ਹੈ। ਇਥੇ ਮੋਦੀ ਦੇ ਨਾਲ 65 ਮੰਤਰੀ ਸਹੁੰ ਚੁੱਕਣਗੇ। ਇਸ ਸਮਾਗਮ ‘ਚ ਕਰੀਬ 8 ਹਜ਼ਾਰ ਮਹਿਮਾਨਾਂ ਦੇ ਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰੀ ਕੈਬਨਿਟ ‘ਚ 65 ਮੰਤਰੀ ਹੋ ਸਕਦੇ ਹਨ। ਇਨ੍ਹਾਂ ‘ਚ 20 ਨਵੇਂ ਚਿਹਰੇ ਸੰਭਵ ਹਨ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ‘ਚੋਂ ਹੁਸ਼ਿਆਰਪੁਰ ਅਤੇ ਬਠਿੰਡਾ ਸੀਟ ਤੋਂ ਲੋਕ ਸਭਾ ਚੋਣਾਂ ਜਿੱਤੇ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਦਾ ਕੇਂਦਰ ‘ਚ ਮੰਤਰੀ ਬਣਨਾ ਲਗਭਗ ਤੈਅ ਹੈ। ਦੱਸ ਦੇਈਏ ਕਿ ਹਰਸਿਮਰਤ ਕੌਰ ਬਾਦਲ ਪਹਿਲਾਂ ਵੀ ਕੇਂਦਰ ਕੈਬਨਿਟ ‘ਚ ਫੂਡ ਪ੍ਰੋਸੈਸਿੰਗ ਮੰਤਰੀ ਹਨ। ਸੋਮ ਪ੍ਰਕਾਸ਼ ਦੇ ਮੰਤਰੀ ਬਣਨ ਦੀ ਸੂਚਨਾ ਪਾ ਕੇ ਹੁਸ਼ਿਆਰਪੁਰ ਵਾਸੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਸਹੁੰ ਚੁੱਕ ਸਮਾਗਮ ‘ਚ ਨੇਪਾਲ, ਭੁਟਾਨ, ਮਾਰੀਸ਼ਸ ਦੇ ਪ੍ਰਧਾਨ ਮੰਤਰੀ, ਸ਼੍ਰੀਲੰਕਾ, ਬੰਗਲਾਦੇਸ਼,ਮਿਆਂਮਾਰ ਦੇ ਰਾਸ਼ਟਰਪਤੀ, ਥਾਈਲੈਂਡ, ਕਰਗੀਸਤਾਨ ਦੇ ਮੁਖੀ ਸ਼ਾਮਲ ਹੋਣਗੇ। ਉਥੇ ਹੀ ਪ੍ਰੋਗਰਾਮ ‘ਚ ਯੂ.ਪੀ.ਏ. ਮੁਖੀ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪੀ. ਐੱਮ. ਮਨਮੋਹਨ ਸਿੰਘ ਨੇ ਸੱਦੇ ਪੱਤਰ ਨੂੰ ਸਵੀਕਾਰ ਕਰ ਲਿਆ ਹੈ, ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰੋਗਰਾਮ ‘ਚ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।