Chandigarh News: ਪੱਤਰਕਾਰ ਹੋਏ ਹਾਈਟੈੱਕ, ਮਿਲਿਆ ਅਤਿ-ਆਧੁਨਿਕ ਸਹੂਲਤਾਂ ਵਾਲਾ ਪ੍ਰੈੱਸ ਲੌਂਜ

Chandigarh News
ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ’ਚ ਤਿਆਰ ਹੋਏ ਨਵੇਂ ਪ੍ਰੈੱਸ ਲੌਂਜ ਬਾਰੇ ਬ੍ਰੀਫ਼ ਕਰਦੇ ਹੋਏ ਪ੍ਰੈੱਸ ਗੈਲਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਚਾਵਲਾ

ਇਸ ਕਦਮ ਦਾ ਉਦੇਸ਼ ਜਾਣਕਾਰੀ ਤੱਕ ਆਸਾਨ ਪਹੁੰਚ, ਬਿਹਤਰ ਸੰਚਾਰ ਅਤੇ ਪੱਤਰਕਾਰਾਂ ਲਈ ਉਸਾਰੂ ਮਾਹੌਲ ਨੂੰ ਯਕੀਨੀ ਬਣਾਉਣਾ : ਹਰਜੋਤ ਬੈਂਸ

Chandigarh News: (ਸੱਚ ਕਹੂੰ ਬਿਊਰੋ) ਚੰਡੀਗੜ੍ਹ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਅਤਿ-ਆਧੁਨਿਕ ਪ੍ਰੈੱਸ ਲੌਂਜ ਦਾ ਉਦਘਾਟਨ ਕੀਤਾ। ਇਹ ਲੌਂਜ ਪੱਤਰਕਾਰਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੰਮਕਾਜੀ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਯਤਨਾਂ ਸਦਕਾ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਦੂਜੀ ਮੰਜ਼ਿਲ ’ਤੇ ਬਣੇ ਇਸ ਪ੍ਰੈੱਸ ਲੌਂਜ ਦਾ ਦੋ ਦਹਾਕਿਆਂ ਬਾਅਦ ਨਵੀਨੀਕਰਨ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ (ਮੀਡੀਆ) ਆਦਿਲ ਆਜ਼ਮੀ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਵਿਮਲ ਸੇਤੀਆ, ਵਧੀਕ ਡਾਇਰੈਕਟਰ (ਐਡਮਿਨ) ਸੰਦੀਪ ਸਿੰਘ ਗਾੜਾ, ਜਾਇੰਟ ਡਾਇਰੈਕਟਰ (ਪ੍ਰੈੱਸ) ਹਰਜੀਤ ਸਿੰਘ ਗਰੇਵਾਲ, ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਚਾਵਲਾ, ਉਪ ਪ੍ਰਧਾਨ ਅਮਿਤ ਪਾਂਡੇ, ਸਕੱਤਰ ਦੀਪਕ ਸ਼ਰਮਾ ਤੇ ਹੋਰ ਸੀਨੀਅਰ ਪੱਤਰਕਾਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: IPL 2025: ਕੇਕੇਆਰ ਅਤੇ ਆਰਸੀਬੀ ਦੇ ਮੈਚ ’ਚ ਪੈ ਸਕਦਾ ਹੈ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਇਹ ਪ੍ਰੈੱਸ ਲੌਂਜ, ਜਿਸਦਾ ਨਵੀਨੀਕਰਨ ਬਾਅਦ ਅੱਜ ਉਦਘਾਟਨ ਕੀਤਾ ਗਿਆ, ਅਤਿ-ਆਧੁਨਿਕ ਤਕਨਾਲੋਜੀ ਤੇ ਜ਼ਰੂਰੀ ਸਹੂਲਤਾਂ ਨਾਲ ਲੈੱਸ ਹੈ, ਜੋ ਮੀਡੀਆ ਦੀ ਮਜ਼ਬੂਤੀ ਤੇ ਪੱਤਰਕਾਰੀ ਲਈ ਸੁਤੰਤਰ, ਨਿਰਪੱਖ ਤੇ ਉਸਾਰੂ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਲੌਂਜ ’ਚ ਹਾਈ-ਸਪੀਡ ਇੰਟਰਨੈੱਟ, ਡੈਸਕਟਾਪ, ਪ੍ਰਿੰਟਰ ਤੇ ਬੈਠਣ ਲਈ ਢੁਕਵੇਂ ਪ੍ਰਬੰਧ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੱਤਰਕਾਰਾਂ ਦੀ ਭਲਾਈ ਅਤੇ ਪੱਤਰਕਾਰੀ ਦੇ ਸਮਰਥਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹਰਜੋਤ ਸਿੰਘ ਬੈਂਸ ਨੇ ਲੋਕਤੰਤਰ ’ਚ ਇੱਕ ਆਜ਼ਾਦ ਤੇ ਨਿਰਪੱਖ ਪ੍ਰੈੱਸ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਪ੍ਰੈੱਸ ਲੌਂਜ ਦੀ ਅਹਿਮੀਅਤ ਨੂੰ ਉਜਾਗਰ ਕੀਤਾ। Chandigarh News