ਵਿਸ਼ਵ ’ਚ ਹਰ ਸਾਲ ਕਰੋੜਾਂ ਟਨ ਖਾਧ ਪਦਾਰਥ ਬਰਬਾਦ ਕਰ ਦਿੱਤੇ ਜਾਂਦੇ ਹਨ

Food Waste Sachkahoon

ਵਿਸ਼ਵ ’ਚ ਹਰ ਸਾਲ ਕਰੋੜਾਂ ਟਨ ਖਾਧ ਪਦਾਰਥ ਬਰਬਾਦ ਕਰ ਦਿੱਤੇ ਜਾਂਦੇ ਹਨ

ਸੰਨ 2020 ਦੌਰਾਨ ਪੂਰੀ ਦੁਨੀਆਂ ਵਿੱਚ ਕਰੀਬ 98 ਕਰੋੜ ਟਨ ਖਾਧ ਪਦਾਰਥ ਬਰਬਾਦ ਕੀਤੇ ਗਏ ਸਨ, ਜਿਨ੍ਹਾਂ ਨਾਲ ਧਰਤੀ ਦੁਆਲੇ ਦੋ ਇੰਚ ਚੌੜੀ ਤੇ ਦੋ ਇੰਚ ਉੱਚੀ ਪੱਟੀ ਸੱਤ ਵਾਰ ਬਣਾਈ ਜਾ ਸਕਦੀ ਹੈ। ਇਸ ਬਰਬਾਦੀ ਵਿੱਚ ਭਾਰਤ ਵਰਗੇ ਦੇਸ਼ ਦਾ ਵੀ ਵੱਡਾ ਹਿੱਸਾ ਹੈ ਜੋ ਕਰੀਬ 7 ਕਰੋੜ ਟਨ ਬਣਦਾ ਹੈ। ਖਾਧ ਪਦਾਰਥਾਂ ਦੀ ਬਰਬਾਦੀ ਵਿੱਚ ਘਰਾਂ ਦੀ ਰਸੋਈ 61%, ਹੋਟਲ, ਢਾਬੇ ਅਤੇ ਮੈਰਿਜ ਪੈਲੇਸ 26% ਅਤੇ ਥੋਕ ਤੇ ਪ੍ਰਚੂਨ ਦੀਆਂ ਦੁਕਾਨਾਂ 13% ਹਿੱਸਾ ਪਾਉਂਦੀਆਂ ਹਨ। ਦੁਨੀਆਂ ਵਿੱਚ ਪੈਦਾ ਕੀਤੇ ਜਾਂਦੇ ਕੁੱਲ ਅਨਾਜ ਤੇ ਸਬਜ਼ੀਆਂ ਵਿੱਚੋਂ 18% ਬਰਬਾਦ ਹੋ ਜਾਂਦੇ ਹਨ ਜਿਸ ਨਾਲ 40 ਟਨ ਭਾਰ ਚੁੱਕਣ ਦੀ ਸਮਰੱਥਾ ਵਾਲੇ 2 ਕਰੋੜ 30 ਲੱਖ ਟਰੱਕ ਭਰੇ ਜਾ ਸਕਦੇ ਹਨ।

ਸੰਸਾਰ ਦੇ ਖਾਧ ਪਦਾਰਥ ਬਰਬਾਦ ਕਰਨ ਵਾਲੇ ਚੋਟੀ ਦੇ ਦਸ ਦੇਸ਼ਾਂ ਵਿੱਚੋਂ ਚੀਨ (10 ਕਰੋੜ ਟਨ) ਪਹਿਲੇ ਅਤੇ ਭਾਰਤ (7 ਕਰੋੜ ਟਨ) ਦੂਸਰੇ ਸਥਾਨ ’ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ ਅਮਰੀਕਾ (2 ਕਰੋੜ ਟਨ), ਜਪਾਨ (82 ਲੱਖ ਟਨ), ਜਰਮਨੀ (64 ਲੱਖ ਟਨ), ਫਰਾਂਸ (57 ਲੱਖ ਟਨ), ਇੰਗਲੈਂਡ (52 ਲੱਖ ਟਨ), ਰੂਸ (50 ਲੱਖ ਟਨ), ਸਪੇਨ (40 ਲੱਖ ਟਨ) ਅਤੇ ਆਸਟਰੇਲੀਆ (30 ਲੱਖ ਟਨ) ਆਉਂਦੇ ਹਨ। ਇਹ ਅੰਕੜੇ ਘੋਖਣ ਤੋਂ ਬਾਅਦ ਇਹ ਹੈਰਾਨੀਜਨਕ ਤੱਥ ਸਾਹਮਣੇ ਆਉਂਦਾ ਹੈ ਕਿ ਜਿਸ ਦੇਸ਼ ਦੀ ਜਿੰਨੀ ਵੱਧ ਅਬਾਦੀ ਹੈ, ਉਸ ਦੀ ਖਾਧ ਪਦਾਰਥਾਂ ਦੀ ਬਰਬਾਦੀ ਵੀ ਉਨੀ ਹੀ ਜ਼ਿਆਦਾ ਹੈ। ਯੂਨਾਈਟਿਡ ਨੇਸ਼ਨਜ਼ ਵੱਲੋਂ ਕੀਤੇ ਗਏ ਇੱਕ ਸਰਵੇ ਮੁਤਾਬਕ ਸੰਸਾਰ ਵਿੱਚੋਂ ਭੁੱਖਮਰੀ ਮਿਟਾਉਣ ਲਈ ਹੋਰ ਅਨਾਜ਼ ਪੈਦਾ ਕਰਨ ਦੀ ਬਜਾਏ ਜੇ ਸਿਰਫ ਖਾਧ ਪਦਾਰਥਾਂ ਦੀ ਬਰਬਾਦੀ ਨੂੰ ਹੀ ਰੋਕ ਲਿਆ ਜਾਵੇ ਤਾਂ ਸੰਸਾਰ ਦਾ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਂਵੇਗਾ।

ਯੂ.ਐਨ.ਈ.ਪੀ. (ਯੂਨਾਈਟਿਡ ਨੇਸ਼ਨਜ਼ ਐਨਵਾਇਰਮੈਂਟ ਪ੍ਰੋਗਰਾਮ) ਮੁਤਾਬਕ ਖਾਣੇ ਦੀ ਬਰਬਾਦੀ ਨਾਲ ਸਿਰਫ ਭੁੱਖਮਰੀ ਹੀ ਨਹੀਂ ਵਧਦੀ, ਸਗੋਂ ਇਸ ਦੇ ਲੰਮੇ ਵਾਤਾਵਰਣ ਸਬੰਧੀ, ਆਰਥਿਕ ਅਤੇ ਸਮਾਜਿਕ ਪ੍ਰਭਾਵ ਵੀ ਪੈਂਦੇ ਹਨ। ਸਾਡੀ ਧਰਤੀ ਹਰ ਸਾਲ ਗਰਮ ਹੁੰਦੀ ਜਾ ਰਹੀ ਹੈ। ਇਸ ਤਾਪਮਾਨ ਨੂੰ ਵਧਾਉਣ ਵਾਲੀਆਂ ਗਰੀਨ ਹਾਊਸ ਗੈਸਾਂ (ਕਾਰਬਨ ਡਾਇਆਕਸਾਈਡ, ਮੀਥੇਨ ਅਤੇ ਨਾਈਟਰਸ ਆਕਸਾਈਡ ਆਦਿ) ਦਾ 10 ਤੋਂ 12% ਉਤਪਾਦਨ ਗੰਦਗੀ ਦੇ ਢੇਰਾਂ ’ਤੇ ਪਏ ਸੜਦੇ-ਗਲਦੇ ਖਾਧ ਪਦਾਰਥਾਂ ਤੋਂ ਹੁੰਦਾ ਹੈ। ਖਾਧ ਪਦਾਰਥਾਂ ਦੀ ਬਰਬਾਦੀ ਰੋਕਣ ਨਾਲ ਗਰੀਨ ਹਾਊਸ ਗੈਸਾਂ ਦੇ ਉਤਪਾਦਨ ਵਿੱਚ ਕਮੀ ਹੋਵੇਗੀ, ਕੁਦਰਤ ਦੀ ਬਰਬਾਦੀ ਹੌਲੀ ਹੋ ਜਾਵੇਗੀ, ਭੁੱਖਮਰੀ ਖਤਮ ਹੋਵੇਗੀ ਅਤੇ ਅਰਬਾਂ ਡਾਲਰ ਦੀ ਬਚਤ ਅਲੱਗ ਤੋਂ ਹੋਵੇਗੀ।

2019 ਦੌਰਾਨ ਸੰਸਾਰ ਵਿੱਚ 269 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ ਸਨ ਤੇ ਕੋਰੋਨਾ ਦੇ ਵਾਰ-ਵਾਰ ਹੋ ਰਹੇ ਪ੍ਰਕੋਪ ਕਾਰਨ ਇਹ ਗਿਣਤੀ 2022 ਵਿੱਚ ਕਈ ਗੁਣਾ ਵਧ ਜਾਣ ਦੀ ਸੰਭਾਵਨਾ ਹੈ। ਜੇ ਸਿਰਫ ਖਾਧ ਪਦਾਰਥਾਂ ਦੀ ਬਰਬਾਦੀ ਨੂੰ ਹੀ ਰੋਕ ਲਿਆ ਜਾਵੇ ਤਾਂ ਇਨ੍ਹਾਂ ਲੋਕਾਂ ਨੂੰ ਘੱਟੋ-ਘੱਟ ਦੋ ਵਕਤ ਦਾ ਭਰ ਪੇਟ ਭੋਜਨ ਰੋਜ਼ਾਨਾ ਦਿੱਤਾ ਜਾ ਸਕਦਾ ਹੈ। ਲੰਬੇ ਸਮੇਂ ਤੱਕ ਇਹ ਹੀ ਸਮਝਿਆ ਜਾਂਦਾ ਰਿਹਾ ਸੀ ਕਿ ਖਾਧ ਪਦਾਰਥਾਂ ਦੀ ਬਰਬਾਦੀ ਸਿਰਫ ਅਮੀਰ ਦੇਸ਼ਾਂ ਦੀ ਸਮੱਸਿਆ ਹੈ। ਪਰ ਇਸ ਕੰਮ ਵਿੱਚ ਹੁਣ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਕਿਤੇ ਅੱਗੇ ਲੰਘ ਗਏ ਹਨ। ਭਾਰਤ ਵਿੱਚ ਸਭ ਤੋਂ ਜ਼ਿਆਦਾ ਬਰਬਾਦੀ ਵਿਆਹਾਂ ਦੇ ਸੀਜ਼ਨ ਦੌਰਾਨ ਹੁੰਦੀ ਹੈ। ਰੋਜ਼ਾਨਾ ਲੱਖਾਂ ਟਨ ਬਚਿਆ ਹੋਇਆ ਖਾਣਾ ਗਰੀਬਾਂ ਵਿੱਚ ਵੰਡਣ ਦੀ ਬਜਾਏ ਕੂੜੇ ਦੇ ਢੇਰਾਂ ’ਤੇ ਸੁੱਟ ਦਿੱਤਾ ਜਾਂਦਾ ਹੈ।

ਭਾਰਤ ਵਿੱਚ ਵਿਆਹਾਂ ਦੌਰਾਨ 20 ਤੋਂ 30% ਖਾਣਾ ਬਰਬਾਦ ਹੁੰਦਾ ਹੈ। ਇੱਕ ਔਸਤ ਭਾਰਤੀ ਪਰਿਵਾਰ ਆਪਣੀ ਜ਼ਿੰਦਗੀ ਭਰ ਦੀ ਕਮਾਈ ਦਾ ਪੰਜਵਾਂ ਹਿੱਸਾ ਇੱਕ ਵਿਆਹ ’ਤੇ ਖਰਚ ਕਰ ਦਿੰਦਾ ਹੈ। ਕੈਟਰਿੰਗ ਕੰਪਨੀਆਂ ਨੇ ਪਿਛਲੇ ਵੀਹ ਸਾਲਾਂ ਵਿੱਚ ਪ੍ਰਤੀ ਪਲੇਟ ਖਾਣੇ ਦਾ ਰੇਟ 50 ਤੋਂ 60 ਗੁਣਾ ਤੱਕ ਵਧਾ ਦਿੱਤਾ ਹੈ। ਭਾਰਤ ਵਿੱਚ ਔਸਤਨ ਸਾਲਾਨਾ ਇੱਕ ਕਰੋੜ ਵਿਆਹ ਹੁੰਦੇ ਹਨ ਜਿਨ੍ਹਾਂ ਦੌਰਾਨ ਅਰਬਾਂ ਰੁਪਏ ਦਾ ਖਾਣਾ ਬਰਬਾਦ ਹੁੰਦਾ ਹੈ। ਬੰਗਲੌਰ ਐਗਰੀਕਲਚਰ ਯੂਨੀਵਰਸਿਟੀ ਨੇ 2020 ਵਿੱਚ ਇਸ ਸਬੰਧੀ ਇੱਕ ਸਰਵੇ ਕਰਵਾਇਆ ਤਾਂ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ। ਸਿਰਫ ਬੰਗਲੌਰ ਸ਼ਹਿਰ ਵਿੱਚ ਹੋਏ 85000 ਵਿਆਹਾਂ ਵਿੱਚ ਹੀ 943 ਮੀਟਰਿਕ ਟਨ ਖਾਣਾ ਕੂੜੇ ਵਿੱਚ ਸੁਟਿਆ ਗਿਆ। ਇਹ ਖਾਣਾ ਢਾਈ ਕਰੋੜ ਗਰੀਬਾਂ ਨੂੰ ਇੱਕ ਸਾਲ ਲਈ ਦੋ ਵਕਤ ਦਾ ਖਾਣਾ ਦੇਣ ਲਈ ਕਾਫੀ ਸੀ। ਵਿਆਹਾਂ ਵਿੱਚ ਅੱਠ-ਦਸ ਡਿੱਸ਼ਾਂ ਨਾਲ ਵੀ ਸਰ ਸਕਦਾ ਹੈ, ਪਰ ਫੋਕੀ ਸ਼ਾਨ ਵਿਖਾਉਣ ਲਈ ਪੰਜਾਹ-ਪੰਜਾਹ ਡਿੱਸ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਖਾਣੇ ਦੀ ਰੱਜ ਕੇ ਬਰਬਾਦੀ ਕੀਤੀ ਜਾਂਦੀ ਹੈ। ਜਿਹੜਾ ਸੌ ਗ੍ਰਾਮ ਨਹੀਂ ਖਾ ਸਕਦਾ, ਉਹ ਕਿੱਲੋ ਪਾ ਲੈਂਦਾ ਹੈ। ਜਦੋਂ ਖਾਧਾ ਨਹੀਂ ਜਾਂਦਾ ਤਾਂ ਪਲੇਟ ਸਮੇਤ ਡਸਟ ਬਿਨ ਵਿੱਚ ਸੁੱਟ ਦਿੱਤਾ ਜਾਂਦਾ ਹੈ।

ਖਾਣੇ ਦੀ ਬਰਬਾਦੀ ਵਿੱਚ ਅਮੀਰ ਦੇਸ਼ ਵੀ ਪਿੱਛੇ ਨਹੀਂ ਹਨ। ਅਮਰੀਕਾ ਵਿੱਚ ਹਰ ਸਾਲ ਕਰੀਬ 40 ਅਰਬ ਡਾਲਰ ਦੇ ਖਾਧ ਪਦਾਰਥ ਬਰਬਾਦ ਕੀਤੇ ਜਾਂਦੇ ਹਨ ਜੋ ਕੁੱਲ ਉਤਪਾਦਨ ਦਾ 30% ਬਣਦਾ ਹੈ। ਇਸ ਕਾਰਨ ਵਾਤਾਵਰਨ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਸਗੋਂ ਇਸ ਨੂੰ ਪੈਦਾ ਕਰਨ ਲਈ ਵਰਤਿਆ ਗਿਆ ਖਰਬਾਂ ਲੀਟਰ ਪਾਣੀ ਵੀ ਜਾਇਆ ਹੋ ਜਾਂਦਾ ਹੈ। ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਜਿੰਨੇ ਖਾਧ ਪਦਾਰਥ ਬਰਬਾਦ ਹੁੰਦੇ ਹਨ, ਉਨ੍ਹਾਂ ਨਾਲ 30 ਕਰੋੜ ਲੋਕਾਂ ਦੀ ਭੁੱਖ ਮਿਟਾਈ ਜਾ ਸਕਦੀ ਹੈ। ਇੰਗਲੈਂਡ ਵਿੱਚ ਖਾਣੇ ਦੀ ਸਭ ਤੋਂ ਵੱਧ ਬਰਬਾਦੀ ਘਰਾਂ ਵਿੱਚ ਕੀਤੀ ਜਾਂਦੀ ਹੈ।

ਖਰੀਦੇ ਗਏ ਕੁੱਲ 217 ਲੱਖ ਟਨ ਖਾਧ ਪਦਾਰਥਾਂ ਵਿੱਚੋਂ 67 ਲੱਖ ਟਨ (32%) ਸਿਰਫ ਇਸ ਲਈ ਖਰਾਬ ਹੋ ਜਾਂਦਾ ਹੈ ਕਿਉਂਕਿ ਜਰੂਰਤ ਤੋਂ ਵੱਧ ਖਰੀਦ ਲਿਆ ਜਾਂਦਾ ਹੈ ਤੇ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਜਾਂਦਾ। ਇੰਗਲੈਂਡ ਅਤੇ ਯੂਰਪ ਵਿੱਚ ਬਰਬਾਦ ਕੀਤੇ ਜਾ ਰਹੇ ਖਾਧ ਪਦਾਰਥਾਂ ਨਾਲ 20 ਕਰੋੜ ਲੋਕਾਂ ਨੂੰ ਖਾਣਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਸਟਰੇਲੀਆ ਵਿੱਚ 75 ਅਰਬ ਅਤੇ ਏਸ਼ੀਆ ਵਿੱਚ 112 ਖਰਬ ਡਾਲਰ ਦੇ ਖਾਧ ਪਦਾਰਥ ਹਰ ਸਾਲ ਬਰਬਾਦ ਹੋ ਜਾਂਦੇ ਹਨ। ਸਭ ਤੋਂ ਹੈਰਾਨੀਜਨਕ ਸਥਿਤੀ ਅਫਰੀਕਾ ਦੀ ਹੈ ਜਿੱਥੇ ਸੋਮਾਲੀਆ, ਚਾਡ, ਸੂਡਾਨ, ਮਾਲੀ, ਨਾਈਜ਼ੀਰੀਆ, ਇਥੋਪੀਆ ਅਤੇ ਸਹਾਰਾ ਰੇਗਿਸਤਾਨ ਦੇ ਅਨੇਕਾਂ ਦੇਸ਼ਾਂ ਦੀ ਕਰੋੜਾਂ ਅਬਾਦੀ ਭੱੁਖਮਰੀ ਨਾਲ ਜੂਝ ਰਹੀ ਹੈ। ਸਿਰਫ ਕੀਨੀਆਂ ਵਿੱਚ 950 ਲੱਖ ਲੀਟਰ ਅਤੇ ਤੰਜ਼ਾਨੀਆਂ ਵਿੱਚ 595 ਲੱਖ ਲੀਟਰ ਸਾਲਾਨਾ ਦੁੱਧ ਸੰਭਾਲਣ ਦੀਆਂ ਸਹੂਲਤਾਂ ਨਾ ਹੋਣ ਕਾਰਨ ਖਰਾਬ ਹੋ ਜਾਂਦਾ ਹੈ ਜੋ ਕੁੱਲ ਉਤਪਾਦਨ ਦਾ 30% ਬਣਦਾ ਹੈ। ਇਸੇ ਤਰ੍ਹਾਂ ਅਫਰੀਕਾ ਦਾ ਅਨਾਜ ਵੀ 20% ਦੇ ਕਰੀਬ ਖਰਾਬ ਹੋ ਜਾਂਦਾ ਹੈ ਜਿਸ ਨਾਲ ਉਸ ਦੀ 22% ਅਬਾਦੀ ਨੂੰ ਖਾਣਾ ਦਿੱਤਾ ਜਾ ਸਕਦਾ ਹੈ।

ਖਾਧ ਪਦਾਰਥਾਂ ਵਿੱਚ ਸਭ ਤੋਂ ਵੱਧ ਬਰਬਾਦੀ ਕ੍ਰਮਵਾਰ ਸਬਜ਼ੀਆਂ, ਫਲਾਂ, ਦੁੱਧ ਤੇ ਅਨਾਜ਼ ਦੀ ਹੁੰਦੀ ਹੈ। ਸਬਜ਼ੀਆਂ ਤੇ ਫਲ 40 ਤੋਂ 50%, ਦੁੱਧ ਪਦਾਰਥ 36%, ਤੇਲ ਬੀਜ਼ 20% ਅਤੇ ਅਨਾਜ ਅਤੇ ਦਾਲਾਂ 30% ਦੇ ਕਰੀਬ ਬਰਬਾਦ ਹੋ ਜਾਂਦੇ ਹਨ। ਹਰ ਸਾਲ ਜਿੰਨੇ ਖਾਧ ਪਦਾਰਥ ਬਰਬਾਦ ਕੀਤਾ ਜਾ ਰਹੇ ਹਨ, ਉਹ ਅੱਧੇ ਅਫਰੀਕਾ ਮਹਾਂਦੀਪ ਦਾ ਢਿੱਡ ਭਰਨ ਲਈ ਕਾਫੀ ਹਨ। ਗਰੀਬ ਦੇਸ਼ਾਂ ਵਿੱਚ ਸਹੂਲਤਾਂ ਦੀ ਕਮੀ ਹੋਣ ਕਾਰਨ ਖਾਧ ਪਦਾਰਥਾਂ ਦੀ 40% ਬਰਬਾਦੀ ਉਤਪਾਦਨ ਅਤੇ ਪ੍ਰੋਸੈਸਿੰਗ ਸਮੇਂ ਹੁੰਦੀ ਹੈ, ਜਦੋਂ ਕਿ ਅਮੀਰ ਦੇਸ਼ਾਂ ਵਿੱਚ ਇਸ ਦੀ 40% ਬਰਬਾਦੀ ਸਟੋਰਾਂ ਅਤੇ ਵਿਕਣ ਤੋਂ ਬਾਅਦ ਘਰਾਂ ਵਿੱਚ ਹੁੰਦੀ ਹੈ। ਗਰੀਬ ਦੇਸ਼ਾਂ ਵਿੱਚ ਭੰਡਾਰਣ, ਡੱਬਾਬੰਦ ਕਰਨ ਅਤੇ ਦੁੱਧ ਸ਼ੀਤਲਕਰਨ ਵਰਗੀਆਂ ਸਹੂਲਤਾਂ ਨਾ ਹੋਣ ਕਾਰਨ ਬਰਬਾਦੀ ਹੋ ਰਹੀ ਹੈ ਤੇ ਅਮੀਰ ਦੇਸ਼ਾਂ ’ਚ ਲੋੜ ਤੋਂ ਵੱਧ ਖਾਣਾ ਖਰੀਦ ਲੈਣ ਕਾਰਨ।

ਪਾਣੀ, ਵਾਤਾਵਰਨ ਅਤੇ ਮਨੁੱਖੀ ਸਿਹਤ ਨੂੰ ਬਰਕਰਾਰ ਰੱਖਣ ਲਈ ਖਾਧ ਪਦਾਰਥਾਂ ਦੀ ਬਰਬਾਦੀ ਰੋਕਣੀ ਬਹੁਤ ਹੀ ਜ਼ਰੂਰੀ ਹੋ ਗਈ ਹੈ। ਕੁਝ ਸਾਲਾਂ ਤੋਂ ਯੂਰਪ, ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਜਗ੍ਹਾ-ਜਗ੍ਹਾ ’ਤੇ ਫੂਡ ਬੈਂਕ ਬਣ ਗਏ ਹਨ ਜਿੱਥੇ ਸਟੋਰਾਂ-ਹੋਟਲਾਂ ਵਾਲੇ ਅਤੇ ਆਮ ਲੋਕ ਆਪਣੇ ਵਾਧੂ ਖਾਧ ਪਦਾਰਥ ਪਹੁੰਚਾ ਆਉਂਦੇ ਹਨ। ਉੱਥੋਂ ਇਹ ਖਾਣਾ ਗਰੀਬ ਲੋਕਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਕੁਝ ਦੇਰ ਤੋਂ ਭਾਰਤ ਵਿੱਚ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੋਈ ਹੈ। ਉਹ ਮੈਰਿਜ ਪੈਲਿਸਾਂ ਆਦਿ ਤੋਂ ਖਾਣਾ ਇਕੱਠਾ ਕਰਕੇ ਗਰੀਬਾਂ ਤੇ ਅਨਾਥ ਆਸ਼ਰਮਾਂ ਤੱਕ ਪਹੁੰਚਾ ਦਿੰਦੇ ਹਨ। ਕੈਟਰਿੰਗ ਵਾਲੇ ਤੇ ਅਮੀਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਆਹ ਤੇ ਹੋਰ ਸਮਾਗਮਾਂ ਦਾ ਵਧਿਆ ਹੋਇਆ ਖਾਣਾ ਕਿਸੇ ਚੰਗੀ ਸਮਾਜ ਸੇਵੀ ਸੰਸਥਾ ਨੂੰ ਦੇ ਦੇਣ ਤਾਂ ਜੋ ਕਿਸੇ ਗਰੀਬ ਦੇ ਕੰਮ ਆ ਸਕੇ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ ਮੋ. 95011-00062

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here