ਪ੍ਰਸ਼ਾਸਨ, ਪੁਲਿਸ ਨੂੰ ਸਮਾਂ-ਬੱਧ ਤਰੀਕੇ ਨਾਲ ਐਸ.ਸੀ. ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਦਿੱਤੇ ਆਦੇਸ਼
(ਜਸਵੀਰ ਸਿੰਘ ਗਹਿਲ) ਬਰਨਾਲਾ। ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਰਾਜ ਕੁਮਾਰ ਹੰਸ ਅਤੇ ਸ੍ਰੀਮਤੀ ਪੂਨਮ ਕਾਂਗੜਾ ਅੱਜ ਜ਼ਿਲ੍ਹਾ ਬਰਨਾਲਾ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਸ਼ਿਕਾਇਤਾਂ ਸੁਣਨ ਲਈ ਬਰਨਾਲਾ ਪੁੱਜੇ। ਜਿੱਥੇ ਉਨ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਮੂਹ ਸ਼ਿਕਾਇਤਾਂ ਦਾ ਨਿਪਟਾਰਾ ਸਮਾਂ-ਬੱਧ ਤਰੀਕੇ ਨਾਲ ਕਰਨ ਦੇ ਆਦੇਸ਼ ਦਿੱਤੇ।
ਬਲਾਕ ਬਰਨਾਲਾ ਦੇ ਪਿੰਡ ਰਾਜਗੜ ਵਾਸੀ ਇੱਕ ਐੱਸ.ਸੀ. ਵਰਗ ਨਾਲ ਸਬੰਧਿਤ ਮਜਦੂਰ ’ਤੇ ਕਥਿੱਤ ਤੌਰ ’ਤੇ ਕੁੱਟਮਾਰ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਪੀੜਤ ਮਜਦੂਰ ਦੇ ਘਰ ਪਹੁੰਚੇ। ਉਸ ਤੋਂ ਬਾਅਦ ਉਨ੍ਹਾਂ ਸਥਾਨਕ ਰੈਸਟ ਹਾਉਸ ਵਿਖੇ ਮਜ਼ਦੂਰ ਦੀ ਫਰਿਆਦ ਸੁਣੀ। ਇਸ ਮੌਕੇ ਮੈਡਮ ਪੂਨਮ ਕਾਂਗੜਾ ਅਤੇ ਰਾਜ ਕੁਮਾਰ ਹੰਸ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਐੱਸ.ਸੀ. ਵਰਗ ਦੇ ਲੋਕਾਂ ’ਤੇ ਜ਼ੁੁਲਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਬਲਾਕ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਵਿਖੇ ਮਜ਼ਦੂਰ ਅਪਾਹਜ ਮਹਿਲਾ ਦੇ ਘਰ ਅੱਗੇ ਕਥਿਤ ਤੌਰ ’ਤੇ ਨਜਾਇਜ਼ ਕਬਜਾ ਕਰਨ ਅਤੇ ਉਸ ਨਾਲ ਪੰਚਾਇਤ ਵੱਲੋਂ ਕੀਤੇ ਭੇਦ-ਭਾਵ ਦੇ ਚਲਦਿਆਂ ਦੌਰਾ ਕਰਕੇ ਮੌਕਾ ਦੇਖਿਆ।
ਐਸ.ਸੀ. ਘਰਾਂ ਅੱਗੇ ਖ਼ਸਤਾ ਹਾਲਤ ਗਲੀਆਂ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਇੱਕ ਵਿਧਵਾ ਔਰਤ ਹੈ ਅਤੇ 100 ਪ੍ਰਤੀਸ਼ਤ ਅਪਾਹਜ ਹਨ। ਉਨ੍ਹਾਂ ਦੇ ਘਰ ਅੱਗੇ ਇੱਕ ਵਿਅਕਤੀ ਨੇ ਦੇਹਲੀ ਬਣਵਾ ਕਿ ਨਜਾਇਜ਼ ਕਬਜਾ ਕੀਤਾ ਹੋਇਆ ਹੈ ਜਿਸ ਕਾਰਨ ਉਨ੍ਹਾਂ ਦੀ ਟ੍ਰਾਈ ਸਾਈਕਲ ਵੀ ਨਹੀਂ ਨਿਕਲਦੀ। ਜਿਸ ’ਤੇ ਮੈਡਮ ਪੂਨਮ ਕਾਂਗੜਾ ਨੇ ਬੀ.ਡੀ.ਪੀ.ਓ. ਨੂੰ ਹਦਾਇਤ ਕਰਦਿਆਂ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੂਰ ਕਰਕੇ ਇਸ ਦੀ ਰਿਪੋਰਟ 7 ਦਸੰਬਰ ਨੂੰ ਕਮਿਸ਼ਨ ਦੇ ਦਫਤਰ ਚੰਡੀਗੜ ਵਿਖੇ ਖੁਦ ਹਾਜ਼ਰ ਹੋ ਕੇ ਪੇਸ਼ ਕਰਨ ਦੇ ਹੁਕਮ ਦਿੱਤੇ। ਉਪਰੰਤ ਉਨ੍ਹਾਂ ਬਲਾਕ ਸ਼ਹਿਣਾ ਪਿੰਡ ਦੀਪਗੜ ਦਾ ਵੀ ਦੌਰਾ ਕਰਕੇ ਸਮੱਸਿਆਵਾਂ ਸੁਣੀਆਂ। ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ’ਚ ਮੈਡਮ ਪੂਨਮ ਕਾਂਗੜਾ ਨੇ ਬੀਡੀਪੀਓ ਨੂੰ ਹਦਾਇਤ ਕੀਤੀ ਕਿ ਐਸ.ਸੀ. ਘਰਾਂ ਅੱਗੇ ਖ਼ਸਤਾ ਹਾਲਤ ਗਲੀਆਂ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।
ਇਸ ਮੌਕੇ ਐੱਸਡੀਐਮ ਬਰਨਾਲਾ ਗੋਪਾਲ ਸਿੰਘ, ਤਹਿਸੀਲਦਾਰ ਬਰਨਾਲਾ ਦਿਵਿਆ ਸਿੰਗਲਾ, ਤਹਿਸੀਲ ਭਲਾਈ ਅਫਸਰ ਸੁਨੀਤਾ ਰਾਣੀ, ਡੀ.ਪੀ.ਆਰ.ਓ.ਮੇਘਾ ਮਾਨ, ਬੀਡੀਪੀਓ ਮਹਿਲਕਲਾਂ, ਡੀਐਸਪੀ ਮਹਿਲਕਲਾਂ, ਤਹਿਸੀਲ ਭਲਾਈ ਅਫਸਰ ਬਰਨਾਲਾ, ਐਸ ਐਚ ਓ ਮਹਿਲਕਲਾਂ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ