ਜੇਲ੍ਹ ਮੰਤਰੀ ਨੇ ਕੀਤੀ ਜੇਲ੍ਹ ਅੰਦਰ ਬੰਦ ਡੇਰਾ ਸ਼ਰਧਾਲੂਆਂ ਨਾਲ ਮੁਲਾਕਾਤ
ਮੁਲਜ਼ਮਾਂ ਦੇ ਮੁਲਾਕਾਤੀਆਂ ਤੋਂ ਹੋ ਰਹੀ ਹੈ ਪੁੱਛਗਿੱਛ : ਆਈਜੀ
ਤਰੁਣ ਕੁਮਾਰ ਸ਼ਰਮਾ, ਨਾਭਾ
ਅੱਜ ਸ਼ਾਮ ਕਰੀਬ ਚਾਰ ਵੱਜ ਕੇ ਵੀਹ ਮਿੰਟ ‘ਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗ੍ਰਹਿ ਸਕੱਤਰ ਹੁਸਨ ਨਾਲ ਤੇ ਆਈਜੀ ਏ ਐੱਸ ਰਾਏ ਸਮੇਤ ਨਾਭਾ ਜੇਲ੍ਹ ਦਾ ਦੌਰਾ ਕੀਤਾ। ਜੇਲ੍ਹ ਦਾ ਦੌਰਾ ਕਰਨ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸ੍ਰ. ਰੰਧਾਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਕੱਲ੍ਹ ਏਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ ਜਾਂਚ ਕਰਨ ਨਾਭਾ ਪੁੱਜਣਗੇ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਦਿਨ ਦੋ ਸਕਿਊਰਟੀ ਮੁਲਾਜ਼ਮ ਵੀ ਮ੍ਰਿਤਕ ਦੇ ਨਾਲ ਗਏ ਸੀ ਜਿਨ੍ਹਾਂ ਨੂੰ ਦੋਸ਼ੀਆਨਾਂ ਨੇ ਹੈਕ ਕਰ ਲਿਆ ਸੀ। ਬੇਅਦਬੀ ਦੇ ਮਾਮਲੇ ਖਾਰਜ ਕਰਨ ਦੀ ਪੀੜਤ ਪਰਿਵਾਰ ਦੀ ਮੰਗ ‘ਤੇ ਉਨ੍ਹਾਂ ਕਿਹਾ ਕਿ ਮੈਂ ਸਿੱਟ ਨਹੀਂ ਬਣਾਈ ਸੀ ਤੇ ਇਸ ਨੂੰ ਖਤਮ ਕਰਨਾ ਵੀ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਇਸ ਸਬੰਧੀ ਫੈਸਲਾ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਹੀ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਮੈਂ ਜੇਲ੍ਹ ਅੰਦਰ ਬੰਦ ਹੋਰ ਡੇਰਾ ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾਂ ਬੀਤੇ ਦਿਨੀਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੇਰਹਿਮੀ ਨਾਲ ਕਤਲ ਕੀਤੇ ਡੇਰਾ ਸ਼ਰਧਾਲੂ ਮਹਿੰਦਰਪਾਲ ਉਰਫ ਬਿੱਟੂ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਆਮਦ ਤੋਂ ਬਾਦ ਬੀਤੀ ਰਾਤ ਲਗਭਗ ਪੌਣੇ ਤਿੰਨ ਵਜੇ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਗਵਾਈ ਵਿੱਚ ਡਾਕਟਰਾਂ ਦੇ ਪੈਨਲ ਵੱਲੋਂ ਪੋਸਟ ਮਾਰਟਮ ਸ਼ੁਰੂ ਕੀਤਾ ਗਿਆ ਜੋ ਕਿ ਲਗਭਗ ਇੱਕ ਘੰਟਾ ਜਾਰੀ ਰਿਹਾ। ਇਸ ਮੌਕੇ ਸਹਾਇਕ ਡਿਪਟੀ ਸਿਵਲ ਸਰਜਨ ਡਾ. ਸ਼ੈਲੀ, ਨਾਭਾ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਜੇ ਸਿੰਗਲਾ, ਡਾ. ਕਿਰਨ ਆਦਿ ਦੀ ਅਗਵਾਈ ‘ਚ ਨਾਭਾ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਲਵਕੇਸ਼ ਕੁਮਾਰ, ਡਾ. ਪ੍ਰਦੀਪ ਕੁਮਾਰ ਤੇ ਡਾ. ਅਸ਼ੀਸ਼ ਗਰਗ ਦੇ ਪੈਨਲ ਨੇ ਪੋਸਟਮਾਰਟਮ ਕੀਤਾ ਤੇ ਸੀਲ ਬੰਦ ਰਿਪੋਰਟ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਸੌਂਪ ਦਿੱਤੀ।
ਪੋਸਟ ਮਾਰਟਮ ਤੋਂ ਬਾਦ ਮਹਿੰਦਰਪਾਲ ਉਰਫ ਬਿੱਟੂ ਦੀ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰਕੇ ਤੜਕਸਾਰ ਸਵੇਰੇ 4 ਕੁ ਵਜੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕੋਟਕਪੂਰਾ ਵੱਲ ਰਵਾਨਾ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਮ੍ਰਿਤਕ ਮਹਿੰਦਰਪਾਲ ਉਰਫ ਬਿੱਟੂ ਦੇ ਸਰੀਰ ‘ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ ਜੋ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਕਤਲ ਕਰਨ ਦੀ ਘਟੀਆ ਮਾਨਸਿਕਤਾ ਨੂੰ ਦਰਸਾਉਂਦੇ ਹਨ। ਦੂਜੇ ਪਾਸੇ ਬੀਤੀ ਰਾਤ ਤੋਂ ਹੀ ਪਟਿਆਲਾ ਜੋਨ ਦੇ ਆਈਜੀ ਏ ਐੱਸ ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏਡੀਜੀਪੀ ਜੇਲ੍ਹਾਂ ਰੋਹਿਤ ਚੌਧਰੀ ਆਦਿ ਵੱਖ-ਵੱਖ ਉੱਚ ਅਧਿਕਾਰੀਆਂ ਨੇ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਅੱਜ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਡੀਐੱਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਦੀ ਟੀਮ ਵੱਲੋਂ ਜੇਲ੍ਹ ਦਾ ਦੌਰਾ ਕੀਤਾ ਗਿਆ ਤੇ ਸਵੇਰ ਤੋਂ ਹੁਣ ਤੱਕ ਮਾਮਲੇ ਸਬੰਧੀ ਘੰਟਿਆਂ ਬੱਧੀ ਜਾਂਚ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।