ਗੁਰੂ ਨਾਨਕ ਦੇਵ ਹਸਪਤਾਲ ’ਚ ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ : ਈ ਟੀ ਓ
- ਹਸਪਤਾਲ ਵਿਚ ‘ਕੰਪੈਕਟ ਸਬ ਸਟੇਸ਼ਨ’ ਲਗਾਉਣ ਦੀ ਕੀਤੀ ਹਦਾਇਤ
(ਰਾਜਨ ਮਾਨ) ਅੰਮ੍ਰਿਤਸਰ। ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਲੀਕ ਹੋਏ ਤੇਲ ਕਾਰਨ ਲੱਗੀ ਭਿਆਨਕ ਅੱਗ ਕਾਰਨ ਕੁਝ ਲੋਕ ਜਖਮੀਂ ਹੋਏ ਹਨ ਅਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਅਤੇ ਰਿਕਾਰਡ ਰੂਮ ਦੇ ਸੜਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਹਸਪਤਾਲ ਦੇ ਅੰਦਰ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਵਿੱਚੋਂ ਤੇਲ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਗਰਮੀ ਹੋਣ ਕਾਰਨ ਪਲਾਂ ਵਿੱਚ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਖਬਰ ਫੈਲਦਿਆਂ ਹੀ ਲੋਕਾਂ ਵਿੱਚ ਭਾਜੜ ਮੱਚ ਗਈ। ਇਸ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਚੋਟਾਂ ਵੀ ਲੱਗੀਆਂ ਹਨ।
ਅੱਗ ਲੱਗਣ ਦੀ ਖਬਰ ਸੁਣਦੇ ਹੀ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਮੌਕੇ ਉਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਜਿੱਥੇ ਅੱਗ ਨਾਲ ਪ੍ਰਭਾਵਿਤ ਹੋਏ ਲੋਕਾਂ ਦਾ ਹਾਲ-ਚਾਲ ਪੁੱਛਿਆ ਤੇ ਅੱਗ ਬੁਝਾਉਣ ਵਿਚ ਲੱਗੇ ਅੱਗ ਬੁਝਾਊ ਦਸਤੇ ਦੀ ਹੌਸਲਾ ਅਫਜਾਈ ਕੀਤੀ, ਉਥੇ ਅੱਗ ਲੱਗਣ ਦੇ ਕਾਰਨਾਂ ਦੀ ਤਹਿ ਤੱਕ ਜਾਣ ਦੀ ਹਦਾਇਤ ਵੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਦੱਸਣਯੋਗ ਹੈ ਕਿ ਅੱਗ ਨੇ ਭਾਵੇਂ ਗਰਮੀ ਕਾਰਨ ਬਹੁਤ ਛੇਤੀ ਇਮਾਰਤ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਸੀ, ਪਰ ਪ੍ਰਬੰਧਕੀ ਅਮਲੇ ਵੱਲੋਂ ਵਿਖਾਈ ਗਈ ਫੁਰਤੀ ਕਾਰਨ ਸਾਰੇ ਲੋਕਾਂ ਨੂੰ ਸੁਰੱਖਿਅਤ ਇਮਾਰਤ ਵਿਚੋਂ ਕੱਢ ਲਿਆ ਗਿਆ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਘਟਨਾ ਲਈ ਜਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ
ਘਟਨਾ ਸਥਾਨ ’ਤੇ ਪੁੱਜੇ ਕੈਬਨਿਟ ਮੰਤਰੀ ਈ ਟੀ ਓ ਨੇ ਕਿਹਾ ਕਿ ਇਸ ਘਟਨਾ ਲਈ ਜਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਉਨਾਂ ਕਿਹਾ ਕਿ ਭਾਵੇਂ ਮੋਟੇ ਤੌਰ ਉਤੇ ਇਹ ਅੱਗ ਬਿਜਲੀ ਦੇ ਪੁਰਾਣੇ ਟਰਾਂਸਫਾਰਮ ਤੋਂ ਲੀਕ ਹੋਏ ਤੇਲ ਨਾਲ ਲੱਗੀ ਪ੍ਰਤੀਤ ਹੁੰਦੀ ਹੈ, ਪਰ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਜਿੱਥੇ ਹਜ਼ਾਰਾਂ ਲੋਕਾਂ ਦਾ ਰੋਜ਼ਾਨਾ ਇਲਾਜ ਕਰਦਾ ਹੈ, ਉਥੇ ਇਸ ਮੈਡੀਕਲ ਕਾਲਜ ਵਿਚ ਸਾਡੇ ਭਵਿੱਖ ਦੇ ਡਾਕਟਰ ਪੜਾਈ ਕਰ ਰਹੇ ਹਨ। ਸੋ ਕਿਸੇ ਵੀ ਹਾਲਤ ਵਿਚ ਹਸਪਤਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ। ਉਨਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅੱਗ ਬੁਝਣ ਤੋਂ ਬਾਅਦ ਹਸਪਤਾਲ ਦੀ ਬਿਜਲੀ ਸਪਲਾਈ ਆਮ ਵਾਂਗ ਚਾਲੂ ਕਰਨ ਦੀ ਹਦਾਇਤ ਵੀ ਕੀਤੀ। ਅਧਿਕਾਰੀਆਂ ਨਾਲ ਵਿਚਾਰ-ਚਰਚਾ ਤੋਂ ਬਾਅਦ ਕੈਬਨਿਟ ਮੰਤਰੀ ਨੇ ਕਿਹਾ ਕਿ ਹਸਪਤਾਲ ਦੀ ਬਿਜਲੀ ਲੋੜ ਪੂਰੀ ਕਰਨ ਲਈ ਛੇਤੀ ਹੀ ਇਥੇ ‘ਕੰਪੈਕਸ ਸਬ ਸਟੇਸ਼ਨ’ ਲਗਾਇਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ