ਪੁਲਿਸ ਵੱਲੋਂ ਸਚਦੇਵਾ ਟਰੇਡਰਸ ਖਿਲਾਫ਼ ਮਾਮਲਾ ਦਰਜ
DAP Embezzlement Case: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਦੇ ਇੱਕ ਗੋਦਾਮ ’ਚ ਡੀਏਪੀ ਖਾਦ ਦੀ ਅਣ-ਅਧਿਕਾਰਤ ਤੌਰ ’ਤੇ ਹੋਈ ਸੋਟਰਜ਼ ਦੇ ਮਾਮਲੇ ਵਿੱਚ ਬੀਤੇ ਦਿਨ ਫਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਮੁਅੱਤਲ ਕਰ ਦੇਣ ਕਾਰਵਾਈ ਦੇ ਨਾਲ ਵਧੀਕ ਮੁੱਖ ਸਕੱਤਰ, ਪੰਜਾਬ ਅਨੁਰਾਗ ਵਰਮਾ ਵੱਲੋਂ ਮਾਮਲੇ ਸਬੰਧੀ ਕੇਸ ਦਰਜ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਵਿੱਚ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਸਚਦੇਵਾ ਟਰੇਡਰਸ, ਫਿਰੋਜ਼ਪੁਰ ਸ਼ਹਿਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਮਾਰਕਫੈੱਡ ਫਿਰੋਜ਼ਪੁਰ ਦੇ ਡੀਐੱਮ ਕਮਲਦੀਪ ਸਿੰਘ ਅਤੇ ਐੱਫਐੱਸਓ ਵਿਕਾਸ ਕੁਮਾਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Straw Dump Fire: ਗੱਠਾਂ ਬਣਾ ਕੇ 150 ਏਕੜ ਦੀ ਇਕੱਠੀ ਕੀਤੀ ਪਰਾਲੀ ਲਾਟਾਂ ’ਚ ਤਬਦੀਲ
ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਦੁਆਰਾ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਨਾਇਬ ਤਹਿਸੀਲਦਾਰ ਫਿਰੋਜ਼ਪੁਰ, ਹੋਰ ਖੇਤੀਬਾੜੀ ਅਧਿਕਾਰੀ ਅਤੇ ਪੁਲਿਸ ਸਮੇਤ ਇਨਫਾਰਮਰ ਸਾਹਿਤ ਦੱਸੇ ਹੋਏ ਸਚਦੇਵਾ ਟਰੇਡਰਸ ਦੇ ਤਿੰਨ ਗੋਦਾਮਾਂ ਦੀ ਚੈਕਿੰਗ ਕੀਤੀ ਗਈ ਜੋ ਕਿ ਇੱਕ ਬਾਰਡਰ ਰੋਡ, ਦੂਜਾ ਮੱਛੀ ਮਾਰਕਿਟ ਕੁੰਢੇ ਰੋਡ ਅਤੇ ਤੀਜਾ ਰੱਖੜੀ ਰੋਡ ’ਤੇ ਸਥਿਤ ਹਨ। ਉਹਨਾਂ ਦੱਸਿਆ ਕਿ ਪਹਿਲਾ ਗੋਦਾਮ ਜੋ ਬਾਰਡਰ ਰੋਡ ’ਤੇ ਸਥਿਤ ਹੈ, ਵਿੱਚੋਂ ਖਾਦਾਂ ਦੇ ਹੋਰ ਸਟਾਕ ਤੋਂ ਇਲਾਵਾ ਡੀਏਪੀ ਦੇ 3236 ਬੈਗ ਮਿਲੇ ਤਾਂ ਮੌਕੇ ’ਤੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਪਰ ਉਹਨਾਂ ਵਿੱਚੋਂ ਸੋਮਨਾਥ ਸੇਲਜਮੈਨ ਹਾਜ਼ਰ ਹੋਏ ਜਦ ਸੱਚਦੇਵਾ ਟਰੇਡਰਸ ਦੇ ਮਾਲਕ ਨਵਕੇਸ਼ ਸਚਦੇਵਾ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਇਸ ਖਾਦ ਦੀ ਸਪਲਾਈ ਵੱਖ-ਵੱਖ ਸੁਸਾਇਟੀ ਅਤੇ ਪ੍ਰਾਈਵੇਟ ਡੀਲਰਾਂ ਨੂੰ ਕੀਤੀ ਜਾਣੀ ਸੀ, ਜੋ ਕਿ ਇਲਾਕੇ ਵਿੱਚ ਧਰਨਾ ਹੋਣ ਕਰਕੇ ਅਤੇ ਟਰਾਂਸਪੋਰਟ ਉਪਲੱਬਧ ਨਾ ਹੋਣ ਕਰਕੇ ਨਹੀਂ ਕੀਤੀ ਜਾ ਸਕੀ।
ਇਸ ਤੋਂ ਇਲਾਵਾ ਮੌਕੇ ’ਤੇ ਮਾਰਕਫੈੱਡ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਇਸ ਸਪਲਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਮਾਰਕਫੈੱਡ ਵੱਲੋਂ ਇਸ ਸਬੰਧੀ ਨਿਮਨ ਹਸਤਾਖਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਚਦੇਵਾ ਟਰੇਡਰਸ ਵੱਲੋਂ ਦਿੱਤਾ ਗਿਆ ਜਵਾਬ ਤਸਲੀਬੱਖਸ਼ ਨਹੀਂ ਹੈ ਅਤੇ ਤੱਥਾਂ ਨੂੰ ਛਪਾਉਣ ਦੀ ਕੋਸ਼ਿਸ ਕੀਤੀ ਗਈ ਹੈ ਇਸ ਤੋਂ ਜਾਪਦਾ ਹੈ ਕਿ ਡੀਲਰਾਂ ਵੱਲੋਂ ਇਹ ਖਾਦ ਬਲੈਕ ਮਾਰਕਿਟ ਵਿੱਚ ਵੇਚੀ ਜਾਣੀ ਸੀ ਜੋ ਕਿ ਕਾਨੂੰਨੀ ਤੌਰ ’ਤੇ ਅਪਰਾਧਿਕ ਮਾਮਲਾ ਹੈ।
ਫਰਮ ਵੱਲੋਂ ਉਕਤ ਖਾਦ ਸਬੰਧੀ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ
ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਬਾਅਦ ਵਿੱਚ ਜਦ ਪੂਰੀ ਟੀਮ ਵੱਲੋਂ ਦੂਜੇ ਦੋ ਗੋਦਾਮਾਂ ਵਿੱਚ ਚੈਕਿੰਗ ਕੀਤੀ ਤਾਂ ਡੀਏਪੀ ਦੇ 200 ਗੱਟੇ ਹੋਰ ਮਿਲੇ। ਇਸ ਤੋਂ ਬਾਅਦ ਜਦ ਸਚਦੇਵਾ ਟਰੇਡਰਸ ਦੇ ਮਾਲਕਾਂ ਨੂੰ ਇਸ ਸਬੰਧੀ ਰਿਕਾਰਡ ਦਿਖਾਉਣ ਲਈ ਕਿਹਾ ਗਿਆ ਪਰ ਫਰਮ ਵੱਲੋਂ ਉਕਤ ਖਾਦ ਸਬੰਧੀ ਕੋਈ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ, ਜਦੋਂਕਿ ਜਦੋਂ ਖਾਦ ਪਹੁੰਚਦੀ ਹੈ ਤਾਂ ਉਹ 8 ਘੰਟਿਆਂ ਵਿੱਚ ਅੱਗੇ ਸਪਲਾਈ ਕਰਨੀ ਹੁੰਦੀ ਹੈ ਪਰ ਉਕਤ ਟਰੇਡਰਸ ਅਤੇ ਮਾਰਕਫੈੱਡ ਫਿਰੋਜ਼ਪੁਰ ਵੱਲੋਂ ਬਿਨ੍ਹਾਂ ਕਿਸੇ ਅਥਾਰਟੀ ਦੇ ਧਿਆਨ ਵਿੱਚ ਲਿਆ ਕੇ ਗੋਦਾਮ ਵਿੱਚ ਖਾਦ ਨੂੰ ਸਟੋਰ ਕਰ ਲਿਆ, ਜੋ ਕਾਨੂੰਨੀ ਤੌਰ ’ਤੇ ਗਲਤ ਹੈ, ਜਿਸ ਤਹਿਤ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਉਕਤ ਮਾਮਲੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। DAP Embezzlement Case