ਮੈਰਾਥਨ ਮੀਟਿੰਗਾਂ ਤੋਂ ਬਾਅਦ ਵੀ ਖ਼ਾਲੀ ਹੱਥ ਰਹੇ ਅਧਿਆਪਕ

Marathon, Teacher, Handed, Meeting

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇਗੀ ਮੀਟਿੰਗ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਧਿਆਪਕ ਯੂਨੀਅਨਾਂ ਦੀਆਂ ਚੰਡੀਗੜ੍ਹ ਵਿਖੇ ਦੋ ਲਗਾਤਾਰ ਮੈਰਾਥਨ ਮੀਟਿੰਗਾਂ ਤੋਂ ਬਾਅਦ ਵੀ ਮੰਗਲਵਾਰ ਨੂੰ ਮਸਲੇ ਦਾ ਕੋਈ ਪੱਕਾ ਹੱਲ ਨਹੀਂ ਨਿਕਲ ਸਕਿਆ ਅਤੇ ਅਧਿਆਪਕ ਦੇਰ ਰਾਤ ਤੱਕ ਖ਼ਾਲੀ ਹੱਥ ਹੀ ਨਜ਼ਰ ਆਏ। ਅਧਿਆਪਕ ਯੂਨੀਅਨ ਨੂੰ ਵਿਸ਼ਵਾਸ ਦਿੱਤਾ ਗਿਆ ਹੈ ਕਿ ਭਲਕੇ ਬੁੱਧਵਾਰ ਸਵੇਰੇ 10 ਵਜੇ ਹੋਣ ਵਾਲੀ ਮੀਟਿੰਗ ਵਿੱਚ 5178 ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਜਦੋਂਕਿ ਐਸ.ਐਸ.ਏ. ਰਮਸਾ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਤਨਖ਼ਾਹ ਬਾਰੇ ਵਿਚਾਰ ਕੀਤਾ ਜਾਵੇਗਾ।   ਲਗਭਗ 11 ਵਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇਗੀ।

ਇਸ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਸਰਕਾਰ ਨੂੰ ਇੱਕ ਦਿਨ ਦਾ ਸਮਾਂ ਹੋਰ ਦੇ ਦਿੱਤਾ ਹੈ। ਇਸ ਲਈ ਹੁਣ ਅਧਿਆਪਕ ਅਗਲੇ ਸੰਘਰਸ਼ ਲਈ ਆਪਣਾ ਕੋਈ ਆਖ਼ਰੀ ਫੈਸਲਾ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਤੱਕ ਦਾ ਇੰਤਜ਼ਾਰ ਕਰਨਗੇ। ਹਾਲਾਂਕਿ ਦੇਰ ਰਾਤ ਤੱਕ ਹੋਈਆਂ ਮੀਟਿੰਗਾਂ ਸਬੰਧੀ ਯੂਨੀਅਨ ਦੇ ਕੁਝ ਲੀਡਰ ਸੰਤੁਸ਼ਟ ਸਨ, ਜਦੋਂ ਕਿ ਕੁਝ ਸੰਤੁਸ਼ਟ ਨਾ ਹੁੰਦੇ ਹੋਏ ਆਪਣੇ ਆਪ ਨੂੰ ਖ਼ਾਲੀ ਹੱਥ ਹੀ ਕਰਾਰ ਦੇ ਰਹੇ ਸਨ।

ਮੰਗਲਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਅਧਿਆਪਕਾਂ ਦੀ ਮੀਟਿੰਗ ਹੋਣੀ ਸੀ ਪਰ ਮੌਕੇ ‘ਤੇ ਕੈਬਨਿਟ ਸਬ ਕਮੇਟੀ, ਜਿਸ ਵਿੱਚ ਬ੍ਰਹਮ ਮਹਿੰਦਰਾ, ਓ.ਪੀ. ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਮਨਪ੍ਰੀਤ ਬਾਦਲ ਨੇ ਅਧਿਆਪਕਾਂ ਨਾਲ ਮੀਟਿੰਗ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਸਰਕਾਰ ਉਨਾਂ ਦੀਆਂ ਸਾਰੀ ਮੰਗਾਂ ਮੰਨਣ ਨੂੰ ਤਿਆਰ ਹੈ ਪਰ ਇਸ ਸਬੰਧੀ ਇੱਕ ਰਿਪੋਰਟ ਤਿਆਰ ਕਰਨੀ ਪਏਗੀ ਜਿਸ ਲਈ ਪੰਜ ਅਧਿਆਪਕ ਆਗੂਆਂ ਅਤੇ ਤਿੰਨ ਅਧਿਕਾਰੀਆਂ ਨੂੰ ਕਮੇਟੀ ਵਿੱਚ ਪਾਉਂਦੇ ਹੋਏ ਅੱਠ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਾਵੇ। ਇਸ ਤੋਂ ਇਲਾਵਾ ਕੈਬਨਿਟ ਕਮੇਟੀ ਵਲੋਂ ਕੋਈ ਭਰੋਸਾ ਨਹੀਂ ਦਿੱਤਾ ਗਿਆ।

ਪੰਜਾਬ ਭਵਨ ਵਿਖੇ ਹੋਈ ਮੀਟਿੰਗ ਤੋਂ ਬਾਅਦ ਅਧਿਆਪਕ ਯੂਨੀਅਨ ਦੀ ਸੰਤੁਸ਼ਟੀ ਨਾ ਹੋਣ ਅਤੇ ਅਗਲਾ ਸੰਘਰਸ਼ ਉਲੀਕਣ ਦੀਆਂ ਖ਼ਬਰਾਂ ਬਾਹਰ ਆਉਣ ਕਾਰਨ ਮੁੱਖ ਮੰਤਰੀ ਦਫ਼ਤਰ ਵਲੋਂ ਅਧਿਆਪਕ ਲੀਡਰਾਂ ਨੂੰ ਮੁੱਖ ਮੰਤਰੀ ਰਿਹਾਇਸ਼ ‘ਤੇ ਸੱਦ ਲਿਆ ਗਿਆ, ਜਿਥੇ ਲਗਭਗ ਢਾਈ ਘੰਟੇ ਮੀਟਿੰਗ ਚਲਣ ਤੋਂ ਬਾਅਦ ਇਨਾਂ ਨੂੰ ਇੱਕ ਦਿਨ ਲਈ ਹੋਰ ਰੁਕਣ ਲਈ ਕਿਹਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।