ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀ ਜਨਤਾ ਨੂੰ ਚਾਹ ਪੱਤੀ ਨਾਲ ਖੰਡ ਦੇਣ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਖੰਡ ਤੇ ਚਾਹ ਪੱਤੀ ਤਾਂ ਕੀ ਦੇਣੀ ਸੀ, ਸਗੋਂ ਦਾਲ ਵੀ ਖੋਹ ਲਈ ਹੈ। ਪਿਛਲੇ ਢਾਈ ਸਾਲ ਦੌਰਾਨ ਇੱਕ ਦਿਨ ਵੀ ਇਹੋ ਜਿਹਾ ਨਹੀਂ ਆਇਆ ਜਦੋਂ ਲੋਕਾਂ ਨੂੰ ਕਣਕ ਦੇ ਨਾਲ ਦਾਲ ਦਿੱਤੀ ਹੋਵੇ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਹਰ ਸਾਲ ਪੰਜਾਬ ਦੇ ਖਜਾਨਾ ਮੰਤਰੀ ਆਪਣੇ ਬਜਟ ਵਿੱਚ ਕਣਕ ਦਾਲ ਦੇ ਨਾਲ ਹੀ ਖੰਡ ਅਤੇ ਪੱਤੀ ਲਈ ਵੀ ਬਜਟ ਰੱਖਦੇ ਹੋਏ ਐਲਾਨ ਕਰਦੇ ਹਨ। (Manpreet Badal)
ਪਰ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ ਇਸ ਸਾਲ 2019-20 ਦੇ ਬਜਟ ਦੌਰਾਨ ਵੀ ਮਨਪ੍ਰੀਤ ਬਾਦਲ ਵੱਲੋਂ ਬਜਟ ਵਿੱਚ 440 ਕਰੋੜ ਰੁਪਏ ਰੱਖਦੇ ਹੋਏ ਸਿਰਫ਼ 40 ਕਰੋੜ ਰੁਪਏ ਜਾਰੀ ਕੀਤੇ ਪਰ ਉਸ ਤੋਂ ਬਾਅਦ ਬਜਟ ਦਾ ਪੈਸਾ ਲੈਣ ਲਈ ਨਾ ਸਿਰਫ਼ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਦਰਜਨ ਤੋਂ ਜਿਆਦਾ ਚੱਕਰ ਕਟਵਾਏ, ਸਗੋਂ ਦਰਜਨ ਭਰ ਫਾਈਲਾਂ ਵੀ ਇੱਧਰ-ਉੱਧਰ ਕਰ ਦਿੱਤੀਆਂ ਪਰ ਹੁਣ ਤੱਕ ਇਹ ਬਜਟ ਦਾ ਪੈਸਾ ਜਾਰੀ ਨਹੀਂ ਕੀਤਾ ਗਿਆ ਹੈ। 400 ਕਰੋੜ ਰੁਪਏ ਦੇਣ ਤੋਂ ਖਜਾਨਾ ਵਿਭਾਗ ਨੇ ਸਾਫ਼ ਇਨਕਾਰ ਕਰ ਦਿੱਤਾ। (Manpreet Badal)
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਵੀ ਹੁਣ ਹਾਰ ਮੰਨ ਕੇ ਬੈਠ ਗਏ ਹਨ
ਜਾਣਕਾਰੀ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਚਲਾਈ ਗਈ ਆਟਾ-ਦਾਲ ਸਕੀਮ ਨੂੰ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ‘ਚ ਵੀ ਚਲਾਉਣ ਦੇ ਨਾਲ ਹੀ ਇਹ ਐਲਾਨ ਕੀਤਾ ਸੀ ਕਿ ਉਹ ਇਸ ਵਿੱਚ ਵਾਧਾ ਕਰਕੇ ਚਾਹ ਪੱਤੀ ਅਤੇ ਖੰਡ ਵੀ ਦੇਣਗੇ। ਇਹ ਚੋਣ ਮਨੋਰਥ ਪੱਤਰ ਵੀ ਮੌਜੂਦਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਹੀ ਤਿਆਰ ਕੀਤਾ ਸੀ। ਇਸ ਵਾਅਦੇ ਤੋਂ ਬਾਅਦ ਜਦੋਂ ਸੱਤਾ ਵਿੱਚ ਕਾਂਗਰਸ ਸਰਕਾਰ ਆਈ ਤਾਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਪਹਿਲੇ ਬਜਟ ਵਿੱਚ ਹੀ ਖੰਡ ਤੇ ਚਾਹ ਪੱਤੀ ਦੇਣ ਦਾ ਐਲਾਨ ਕਰਦੇ ਹੋਏ ਬਜਟ ਰੱਖ ਦਿੱਤਾ। (Manpreet Badal)
ਜਿਸ ਤੋਂ ਬਾਅਦ ਉਹ ਸਾਲ ਸੁੱਕਾ ਹੀ ਲੰਘ ਗਿਆ। ਅਗਲੇ ਸਾਲ 2018-19 ‘ਚ ਮੁੜ ਤੋਂ ਖਜਾਨਾ ਮੰਤਰੀ ਨੇ ਆਪਣੇ ਬਜਟ ‘ਚ ਖੰਡ ਅਤੇ ਪੱਤੀ ਲਈ ਬਜਟ ਰੱਖਿਆ, ਜਿਸ ਤੋਂ ਬਾਅਦ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਖੰਡ ਤੇ ਪੱਤੀ ਦੀ ਪ੍ਰਤੀ ਪਰਿਵਾਰਕ ਵੰਡ ਦਾ ਇੱਕ ਅੰਕੜਾ ਤਿਆਰ ਕਰਦੇ ਹੋਏ ਖਜਾਨਾ ਵਿਭਾਗ ਨੂੰ ਭੇਜਦੇ ਹੋਏ ਐਲਾਨ ਕਰ ਦਿੱਤਾ ਕਿ ਜਲਦ ਹੀ ਪੰਜਾਬ ਦੇ ਨੀਲਾ ਕਾਰਡ ਧਾਰਕਾਂ ਨੂੰ ਚਾਹ ਪੱਤੀ ਵੀ ਮਿਲੇਗੀ ਪਰ ਸਾਲ 2018-19 ‘ਚ ਵੀ ਕੁਝ ਨਹੀਂ ਹੋਇਆ। (Manpreet Badal)
1 ਕਰੋੜ 41 ਲੱਖ ਲੋਕਾਂ ਤੋਂ ਖੋਹੀ ਹਰ ਮਹੀਨੇ ਅੱਧਾ ਕਿੱਲੋ ਦਾਲ
ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਂਦੇ ਸਾਰ ਹੀ ਪੰਜਾਬ ਦੇ ਨੀਲਾ ਕਾਰਡ ਧਾਰਕ 1 ਕਰੋੜ 41 ਲੱਖ ਲੋਕਾਂ ਦੇ ਮੂੰਹ ‘ਚੋਂ ਹਰ ਮਹੀਨੇ ਅੱਧਾ ਕਿੱਲੋ ਦਾਲ ਖੋਹ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਅੱਧਾ ਕਿੱਲੋ ਦਾਲ ਹਰ ਮਹੀਨੇ ਵੰਡ ਕਰਦੀ ਆਈ ਸੀ। (Manpreet Badal)
ਖਜਾਨਾ ਵਿਭਾਗ ਹੀ ਪੈਸਾ ਨਹੀਂ ਦੇ ਰਿਹਾ, ਅਸੀਂ ਤਾਂ ਵੰਡਣ ਨੂੰ ਤਿਆਰ : ਅਨਦਿੱਤਾ ਮਿੱਤਰਾ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਅਨਦਿੱਤਾ ਮਿੱਤਰਾ ਨੇ ਕਿਹਾ ਉਹ ਮੰਨਦੇ ਹਨ ਕਿ ਪਿਛਲੇ ਢਾਈ ਸਾਲ ਦੌਰਾਨ ਇੱਕ ਵੀ ਦਾਣਾ ਦਾਲ ਦਾ ਨੀਲੇ ਕਾਰਡ ਧਾਰਕਾਂ ਨੂੰ ਨਹੀਂ ਦਿੱਤਾ ਗਿਆ ਹੈ ਤੇ ਸਿਰਫ਼ ਕਣਕ ਦੀ ਹੀ ਸਪਲਾਈ ਦਿੱਤੀ ਜਾ ਰਹੀ ਹੈ ਤੇ ਖੰਡ-ਪੱਤੀ ਵੀ ਹੁਣ ਤੱਕ ਸ਼ੁਰੂ ਨਹੀਂ ਕੀਤੀ ਗਈ ਹੈ ਪਰ ਉਹ ਇਸ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਨ, ਕਿਉਂਕਿ ਬਜਟ ‘ਚ ਰੱਖੇ ਹੋਏ 400 ਕਰੋੜ ਰੁਪਏ ਹੀ ਹੁਣ ਤੱਕ ਜਾਰੀ ਨਹੀਂ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਉਹ ਹੁਣ ਵੀ ਤਿਆਰ ਹਨ ਪਰ ਪੈਸਾ ਖਜਾਨਾ ਵਿਭਾਗ ਤੋਂ ਆਉਣਾ ਚਾਹੀਦਾ ਉਨ੍ਹਾਂ ਇਹ ਵੀ ਸ਼ੰਕਾ ਜ਼ਾਹਿਰ ਕੀਤੀ ਕਿ ਇਸ ਸਾਲ ਹੁਣ ਕੋਈ ਵੀ ਪੈਸਾ ਆਉਣ ਦੀ ਉਮੀਦ ਨਹੀਂ ਹੈ, ਇਸ ਲਈ ਅਗਲੇ ਸਾਲ ‘ਤੇ ਹੀ ਹੁਣ ਆਸ ਕੀਤੀ ਜਾ ਸਕਦੀ ਹੈ। (Manpreet Badal)