ਸਿੱਧੂ ਖ਼ਿਲਾਫ਼ ਹੋਏ ਮਨਪ੍ਰੀਤ, ਕਿਹਾ ਗੱਲਬਾਤ ਤੱਕ ਹੀ ਸੀਮਤ ਐ ਲਾਂਘਾ

Manpreet Badal

ਚੰਡੀਗੜ੍ਹ , (ਸੱਚ ਕਹੂੰ ਨਿਊਜ਼)। ਹਮੇਸ਼ਾ ਹੀ ਆਪਣੇ ਤੱਕ ਸੀਮਤ ਰਹਿਣ ਵਾਲੇ ਮਨਪ੍ਰੀਤ ਬਾਦਲ ਨੇ ਇਸ ਵਾਰ ਨਵਜੋਤ ਸਿੱਧੂ ‘ਤੇ ਹਮਲਾ ਬੋਲ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਨਵਜੋਤ ਸਿੱਧੂ ਦਾ ਨਾਂਅ ਨਾ ਲਏ ਬਗੈਰ ਇਸ਼ਾਰੇ ਵਿੱਚ ਕਿਹਾ ਕਿ ਪਾਕਿਸਤਾਨ ਪਹਿਲਾਂ ਵੀ ਕਈ ਵਾਰ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕਰ ਚੁੱਕਾ ਹੈ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਪਾਕਿਸਤਾਨ ਦੀ ਕਰਨੀ ਅਤੇ ਕਥਨੀ ਵਿੱਚ ਫਰਕ ਹੈ, ਕਿਉਂਕਿ ਹਮੇਸ਼ਾ ਹੀ ਪਾਕਿਸਤਾਨ ਜਾਣ ਵਾਲੇ ਲੋਕਾਂ ਨੂੰ ਇਸ ਮੁੱਦੇ ‘ਤੇ ਗੱਲਬਾਤ ਕਰਕੇ ਖੋਲ੍ਹਣ ਦੀ ਗੱਲ ਕਰ ਲੈਂਦੇ ਹਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ਼ ਨਾਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੀਟਿੰਗ ਹੋਈ ਸੀ ਤਾਂ ਪਰਵੇਜ਼ ਮੁਸ਼ੱਰਫ਼ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਕਰਤਾਰਪੁਰ ਲਾਂਘੇ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2005 ਵਿੱਚ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਪਾਕਿਸਤਾਨ ਪੰਜਾਬ ਵਿੱਚ ਗਏ ਸਨ ਤਾਂ ਉਸ ਸਮੇਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਸੀ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਹੋਈ ਹੋਵੇ। ਇਸ ਤਰ੍ਹਾਂ ਦੀਆਂ ਗੱਲਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਪਰ ਕਦੇ ਵੀ ਇਸ ਮਾਮਲੇ ਵਿੱਚ ਗੱਲਬਾਤ ਤੋਂ ਅੱਗੇ ਨਹੀਂ ਵਧਿਆ ਗਿਆ ਹੈ। ਉਨ੍ਹਾਂ ਦਾ ਇਸ਼ਾਰੇ ਇਸ਼ਾਰੇ ਵਿੱਚ ਕਹਿਣਾ ਸੀ ਕਿ ਨਵਜੋਤ ਸਿੱਧੂ ਇਸ ਬਾਰੇ ਜ਼ਿਆਦਾ ਖੁਸ਼ ਨਾ ਹੋਣ, ਕਿਉਂਕਿ ਇਹ ਗੱਲਬਾਤ ਪਹਿਲੀਵਾਰ ਨਹੀਂ ਹੋਈ ਹੈ।