ਅਮਰਿੰਦਰ ‘ਤੇ ਭੜਕੇ ਮਾਨ, ਪਹਿਲਾਂ ਬਠਿੰਡਾ ਥਰਮਲ ਪਲਾਂਟ ਦੀ ਬਲੀ ਦਿੱਤੀ, ਹੁਣ ਪੰਜਾਬੀ ਯੂਨੀਵਰਸਿਟੀ ‘ਤੇ ਰੱਖੀ ਅੱਖ

ਵਰ੍ਹਦੇ ਮੀਂਹ ‘ਚ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਅਤੇ ਅਧਿਆਪਕਾਂ ਨਾਲ ਧਰਨੇ ‘ਤੇ ਬੈਠੇ ਭਗਵੰਤ ਮਾਨਸਰਕਾਰੀ ਸੰਸਥਾਵਾਂ ਦਾ ਭੋਗ ਪਾਉਣ ‘ਤੇ ਤੁਲੀਆਂ ਮੋਦੀ ਅਤੇ ਰਾਜੇ ਦੀਆਂ ਸਰਕਾਰਾਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ Àੁੱਪਰ ਛਾਏ ਵਿੱਤੀ ਸੰਕਟ ਤੇ ਰਾਜਨੀਤੀ ਭਾਰੂ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਅਧਿਆਪਕਾਂ, ਪ੍ਰੋਫੈਸਰਾਂ ਅਤੇ ਨਾਨ ਟੀਚਿੰਗ ਸਟਾਫ਼ ਵੱਲੋਂ ਦਿੱਤੇ ਜਾ ਰਹੇ ਧਰਨਿਆਂ ‘ਚ ਪੁੱਜ ਕੇ ਕੈਪਟਨ ਸਰਕਾਰ ਖਿਲਾਫ਼ ਰੋਸ਼ ਪ੍ਰਗਟਾਇਆ ਜਾ ਰਿਹਾ ਹੈ। ਅੱਜ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਵਰ੍ਹਦੇ ਮੀਂਹ ਅੰਦਰ ਹੀ ਮੁਲਾਜ਼ਮਾਂ ਦੇ ਧਰਨੇ ਵਿੱਚ ਸ਼ਿਰਕਤ ਕਰਕੇ ਮੋਦੀ ਅਤੇ ਕੈਪਟਨ ਸਰਕਾਰ ਖਿਲਾਫ਼ ਰੱਜ ਕੇ ਭੜਾਸ ਕੱਢੀ।

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ‘ਚ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਵਜੋਂ ਰੇਲਵੇ, ਹਾਈਵੇ, ਏਅਰਪੋਰਟ, ਐਲਆਈਸੀ ਸਮੇਤ ਸਾਰੀਆਂ ਸਰਕਾਰੀ ਸੰਪਤੀਆਂ ਅਤੇ ਸੰਸਥਾਵਾਂ ਨੂੰ ਅੰਬਾਨੀ-ਅੰਡਾਨੀ ਵਰਗੇ ਨਿੱਜੀ ਕਾਰਪੋਰੇਟ ਘਰਾਣਿਆਂ ਨੂੰ ਕੋਡੀਆਂ ਦੇ ਭਾਅ ਵੇਚਦਾ ਜਾ ਰਿਹਾ ਹੈ, ਦੂਜੇ ਪਾਸੇ ਪੰਜਾਬ ਦੀ ‘ਸ਼ਾਹੀ ਸਰਕਾਰ’ ਇਸ ਆੜ ‘ਚ ਮੋਦੀ ਸਰਕਾਰ ਨੂੰ ਵੀ ਪਿੱਛੇ ਛੱਡਣ ਲਈ ਕਾਹਲੀ ਹੈ।

ਪਹਿਲਾਂ ਬਠਿੰਡਾ ਥਰਮਲ ਪਲਾਂਟ ਦੀ ਬਲੀ ਲੈ ਲਈ ਗਈ ਹੈ ਅਤੇ ਹੁਣ ਮਾਲਵੇ ਦਾ ਮਾਣ ਅਤੇ ਮਾਂ ਬੋਲੀ ਪੰਜਾਬ ਦੀ ਸ਼ਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਲੀ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਸਰਕਾਰਾਂ ਪਹਿਲਾਂ ਸਰਕਾਰੀ ਸੰਸਥਾਵਾਂ ਨੂੰ ਸਾਜ਼ਿਸ਼ ਦੇ ਤਹਿਤ ਘਾਟੇ ਦਾ ਸੌਦਾ ਅਤੇ ਵਿੱਤੀ ਬੋਝ ਸਾਬਤ ਕਰਦਿਆਂ ਹਨ ਅਤੇ ਫਿਰ ਪ੍ਰਾਈਵੇਟ ਹੱਥਾਂ ‘ਚ ਸੌਂਪ ਦਿੰਦੀਆਂ ਹਨ।

ਮਾਨ ਨੇ ਕਿਹਾ ਕਿ ਮੌਂਟੇਕ ਸਿੰਘ ਆਹਲੂਵਾਲੀਆ ਕਮੇਟੀ ਦੀਆਂ ਸਿਫ਼ਾਰਿਸ਼ਾਂ ‘ਚ ਮੋਦੀ ਅਤੇ ਅਮਰਿੰਦਰ ਸਿੰਘ ਸਰਕਾਰ ਦੇ ਅਜਿਹੇ ਖ਼ਤਰਨਾਕ ਇਰਾਦਿਆਂ ਦੀ ਝਲਕ ਸਪਸ਼ਟ ਦਿਖਾਈ ਦੇ ਰਹੀ ਹੈ।  ਉਨ੍ਹਾਂ ਧਰਨਾਕਾਰੀ ਪ੍ਰੋਫੈਸਰਾਂ ਅਤੇ ਸਟਾਫ਼ ਨੂੰ ਭਰੋਸਾ ਦਿੱਤਾ ਕਿ ਪੰਜਾਬੀ ਯੂਨੀਵਰਸਿਟੀ ਵਰਗੇ ਸ਼ਾਨ ਮਤੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਇਕੱਲੇ ਅਧਿਆਪਕ, ਪ੍ਰੋਫੈਸਰ, ਨਾਨ-ਟੀਚਿੰਗ ਸਟਾਫ਼ ਜਾਂ ਵਿਦਿਆਰਥੀ ਹੀ ਪਸੀਨਾ ਨਹੀਂ ਵਹਾਉਣਗੇ, ਆਮ ਆਦਮੀ ਪਾਰਟੀ ਵੀ ਇਸ ਸੰਘਰਸ਼ ‘ਚ ਅੱਗੇ ਹੋ ਕੇ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਸਮੇਤ ਲੋਕ ਸਭਾ ‘ਚ ਵੀ ਪੰਜਾਬੀ ਯੂਨੀਵਰਸਿਟੀ ਸਮੇਤ ਸੂਬੇ ਦੇ ਸਰਕਾਰੀ-ਸਕੂਲਾਂ ਅਤੇ ਕਾਲਜਾਂ ਦੀ ਗਿਣ ਮਿੱਥ ਕੇ ਕੀਤੀ ਜਾ ਰਹੀ ਬਰਬਾਦੀ ਦਾ ਮੁੱਦਾ ਉਠਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.