ਸਾਡੇ ਨਾਲ ਸ਼ਾਮਲ

Follow us

21.8 C
Chandigarh
Tuesday, March 10, 2026
More
    Home Breaking News Barnala News:...

    Barnala News: ਖੁਦ ਨੂੰ ਪੈਰਾਂ ’ਤੇ ਕਰਕੇ ਪੰਧੇਰ ਦੀ ਮਨਜੀਤ ਕੌਰ ਹਜ਼ਾਰਾਂ ਮਹਿਲਾਵਾਂ ਲਈ ਬਣੀ ਪ੍ਰੇਰਨਾ

    Barnala News
    Barnala News: ਖੁਦ ਨੂੰ ਪੈਰਾਂ ’ਤੇ ਕਰਕੇ ਪੰਧੇਰ ਦੀ ਮਨਜੀਤ ਕੌਰ ਹਜ਼ਾਰਾਂ ਮਹਿਲਾਵਾਂ ਲਈ ਬਣੀ ਪ੍ਰੇਰਨਾ

    Barnala News: ਸਵੈ ਸਹਾਇਤਾ ਗਰੁੱਪ ਰਾਹੀਂ ਬਦਲੀ ਆਪਣੀ ਅਤੇ ਹੋਰਨਾਂ ਔਰਤਾਂ ਦੀ ਕਿਸਮਤ

    ਬਰਨਾਲਾ (ਜਸਵੀਰ ਗਹਿਲ)। ਇੱਕ ਔਰਤ ਚਾਹੇ ਤਾਂ ਨਾ ਸਿਰਫ਼ ਆਪਣੇ ਘਰ ਨੂੰ ਜੰਨਤ ਬਣਾ ਸਕਦੀ ਹੈ ਸਗੋਂ ਸਮਾਜ ’ਚ ਵੀ ਵੱਡਾ ਬਦਲਾਅ ਆ ਸਕਦਾ ਹੈ। ਅਜਿਹੀਆਂ ਹੀ ਮਹਿਲਾਵਾਂ ਵਿੱਚੋਂ ਇੱਕ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਧੇਰ ਦੀ ਮਨਜੀਤ ਕੌਰ, ਜਿਸ ਦੀ ਬਦੌਲਤ ਅੱਜ ਜ਼ਿਲ੍ਹੇ ਦੀਆਂ ਅਨੇਕਾਂ ਮਹਿਲਾਵਾਂ ਆਪੋ-ਆਪਣੇ ਪਰਿਵਾਰ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੀਆਂ ਹਨ। ਪਤੀ ਦੀ ਆਮਦਨ ਬਹੁਤੀ ਨਾ ਹੋਣ ਕਰਕੇ ਘਰ ਦੇ ਵਿੱਤੀ ਹਾਲਾਤ ਬਹੁਤ ਸੁਖਾਵੇਂ ਨਹੀਂ ਸਨ। ਜਿਸ ਕਾਰਨ 36 ਸਾਲਾ ਮਨਜੀਤ ਕੌਰ ਕਿਸੇ ਵੇਲੇ ਆਪਣੇ ਘਰ ਬੈਠ ਕੇ ਸਿਲਾਈ ਦਾ ਕੰਮ ਕਰਦੀ ਸੀ ਪਰ ਅੱਜ ਉਹ ਸਵੈ ਸਹਾਇਤਾ ਗਰੁੱਪ ਰਾਹੀਂ ਆਰਥਿਕ ਤੌਰ ’ਤੇ ਮਜ਼ਬੂਤ ਹੋਈ ਹੈ ਅਤੇ ਖੁਦ ਅੱਗੇ ਪੜ੍ਹਾਈ ਕਰ ਰਹੀ ਹੈ, ਓਥੇ ਹੋਰਨਾਂ ਔਰਤਾਂ ਨੂੰ ਵੀ ਸਵੈ ਸਹਾਇਤਾ ਗਰੁੱਪਾਂ ਨਾਲ ਜੋੜ ਰਹੀ ਹੈ ਅਤੇ ਉਹਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰ ਰਹੀ ਹੈ।

    ਸਾਲ 2021 ਵਿੱਚ ਪਿੰਡ ’ਚ ਗੁਰੂ ਨਾਨਕ ਦੇਵ ਜੀ ਸਵੈ ਸਹਾਇਤਾ ਗਰੁੱਪ ਬਣਿਆ ਤਾਂ ਮਨਜੀਤ ਕੌਰ ਵੀ ਇਸ ਦਾ ਹਿੱਸਾ ਬਣੀ। ਇਸ ਗਰੁੱਪ ਦੁਆਰਾ ਪੱਖੀਆਂ, ਘੱਗਰੇ, ਪਰਾਂਦੇ, ਫੁਲਕਾਰੀਆਂ, ਇੰਨੂ, ਕਢਾਈ ਵਾਲੇ ਝੋਲੇ ਆਦਿ ਵਿਰਾਸਤੀ ਵਸਤਾਂ ਬਣਾ ਕੇ ਉਨ੍ਹਾਂ ਨੂੰ ਵੇਚਣ ਲਈ ਸਟਾਲਾਂ ਲਾਈਆਂ ਜਾਂਦੀਆਂ ਸਨ। ਇਸ ਮਗਰੋਂ ਇੰਨ੍ਹਾਂ ਨੇ ਮਾਤਾ ਗੁਜਰੀ ਗਰੁੱਪ ਪੰਧੇਰ ਬਣਾਇਆ, ਜਿਸ ਦੀ ਕਮਾਨ ਸਰਬਜੀਤ ਕੌਰ ਹੱਥ ਹੈ। ਇਨ੍ਹਾਂ ਦੋਵੇਂ ਗਰੁੱਪਾਂ ਵੱਲੋਂ ਵਿਰਾਸਤੀ ਸਮਾਨ ਦੇ ਨਾਲ ਨਾਲ ਸਾਲ 2025 ਤੋਂ ਵੱਖ ਵੱਖ ਤਰ੍ਹਾਂ ਦੇ ਆਚਾਰ ਅਤੇ ਸੇਵੀਆਂ, ਹੱਥ ਦੀ ਕਢਾਈ ਵਾਲੇ ਸੂਟਾਂ ਆਦਿ ਦਾ ਕੰਮ ਵੀ ਸ਼ੁਰੂ ਕੀਤਾ ਜਿਸ ਨੂੰ ਹੁਣ ਵਧੀਆ ਹੁੰਗਾਰਾ ਮਿਲ ਰਿਹਾ ਹੈ।

    Barnala News

    ਮਨਜੀਤ ਕੌਰ ਦੇ ਦੱਸਣ ਮੁਤਾਬਕ ਉਹਨਾਂ ਦੇ ਗਰੁੱਪ ਨੂੰ 30 ਹਜ਼ਾਰ ਦਾ ਰੀਵੋਲਵਿੰਗ ਫੰਡ ਵੀ ਮਿਲਿਆ ਜਿਸ ਮਗਰੋਂ ਵਿਲੇਜ ਆਰਗਨਾਈਜੇਸ਼ਨ (ਵੀਓ) ਬਣਾਉਣ ਉੱਤੇ 50 ਹਜ਼ਾਰ ਰੁਪਏ ਕਮਿਊਨਿਟੀ ਇਨਵੈਸਟਮੈਂਟ ਫੰਡ ਅਤੇ ਕੈਸ਼ ਕ੍ਰੈਡਿਟ ਲਿਮਿਟ ਦੀ ਸਹੂਲਤ ਵੀ ਮਿਲੀ, ਜਿਸ ਨਾਲ ਗਰੁੱਪ ਦੇ ਮੈਂਬਰ ਰਣਜੀਤ ਕੌਰ ਨੂੰ ਕਢਾਈ ਵਾਲੀ ਮਸ਼ੀਨ ਅਤੇ ਮੈਂਬਰ ਵੀਰਪਾਲ ਕੌਰ ਨੂੰ ਡਿਜੀਟਲ ਪੇਂਟ ਵਾਲੀ ਮਸ਼ੀਨ ਲੈ ਕੇ ਦਿੱਤੀ ਗਈ। ਜਿਸ ਨਾਲ ਇਹ ਦੋਵੇਂ ਔਰਤਾਂ ਆਪਣੇ ਘਰ ਦਾ ਗੁਜ਼ਾਰਾ ਵਧੀਆ ਤੋਰ ਰਹੀਆਂ ਹਨ ਅਤੇ ਉਨਾਂ ਵੱਲੋਂ ਲੁਧਿਆਣਾ, ਮੋਹਾਲੀ, ਸੰਗਰੂਰ, ਬਰਨਾਲਾ ਆਦਿ ਜ਼ਿਲਿਆਂ ਵਿੱਚ ਮੇਲਿਆਂ ’ਚ ਆਪਣੇ ਉਤਪਾਦਾਂ ਦੀ ਵਿਕਰੀ ਕੀਤੀ ਜਾ ਚੁੱਕੀ ਹੈ।

    Barnala News

    ਇਸ ਤੋਂ ਇਲਾਵਾ ਮੋਹਾਲੀ ਵਿਖੇ ਆਜੀਵਿਕਾ ਹੱਟ ’ਚ ਉਹਨਾਂ ਦਾ ਸਮਾਨ ਜਾਂਦਾ ਹੈ। ਮਨਜੀਤ ਕੌਰ ਨੇ ਦੱਸਿਆ ਕਿ ਗਰੁੱਪ ਮੈਂਬਰ ਤੋਂ ਇਲਾਵਾ ਉਸਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਸਾਲ 2023 ਵਿੱਚ ਈ ਬੁੱਕ ਕੀਪਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਸਾਲ 2024 ਵਿੱਚ ਐਕਟਿਵ ਵਿਮੈਨ ਵਜੋਂ ਅਤੇ ਲੱਖਪਤੀ ਦੀਦੀ ਵਜੋਂ, ਸਾਲ 2025 ਵਿੱਚ ਸਟੇਟ ਰੀਸੋਰਸ ਪਰਸਨ ਅਤੇ ਹੁਣ ਕਲੱਸਟਰ ਲੈਵਲ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਅਤੇ ਬਲਾਕ ਬਰਨਾਲਾ ਦੀਆਂ ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਬਲਾਕ ਦੀਆਂ ਸੈਂਕੜੇ ਔਰਤਾਂ ਦੀ ਅਗਵਾਈ ਕਰ ਰਹੀ ਹੈ।

    Read Also : ਡੇਰਾ ਸੱਚਾ ਸੌਦਾ ਮਹਿਲਾਵਾਂ ਲਈ ਚਲਾ ਰਿਹਾ ਹੈ 20 ਮੁਹਿੰਮਾਂ

    ਮਨਜੀਤ ਕੌਰ ਵੱਲੋਂ ਪ੍ਰੇਰਿਤ ਕੀਤੇ ਜਾਣ ਸਦਕਾ ਅੱਜ 34 ਸਾਲਾ ਬੇਅੰਤ ਕੌਰ ਵਾਸੀ ਪਿੰਡ ਧੂਰਕੋਟ ਦਸਵੀਂ, 30 ਸਾਲਾ ਰੇਖਾ ਰਾਣੀ ਵਾਸੀ ਪਿੰਡ ਸੇਖਾ ਬੀ. ਏ. ਪਹਿਲਾ ਸਾਲ, 31 ਸਾਲਾ ਕਿਰਪਾਲ ਕੌਰ ਵਾਸੀ ਸੇਖਾ ਬਾਰਵੀਂ, 36 ਸਾਲ ਦੀ ਕਿਰਪਾਲ ਕੌਰ ਦੀ ਭੈਣ ਗੁਰਮੀਤ ਕੌਰ ਨੇ ਪਿਛਲੇ ਸਾਲ ਬਾਰਵੀਂ ਕੀਤੀ ਹੈ। ਇਹ ਉਹ ਵਿਆਹੁਤਾ ਔਰਤਾਂ ਹਨ ਜਿਨਾਂ ਦੇ ਹੁਨਰ ਨੂੰ ਸਵੈ ਸਹਾਇਤਾ ਗਰੁੱਪਾਂ ਰਾਹੀਂ ਪਛਾਣ ਮਿਲੀ, ਓਥੇ ਅੱਗੇ ਪੜ੍ਹਾਈ ਕਰਨ ਦਾ ਸੁਫਨਾ ਵੀ ਪੂਰਾ ਕਰ ਰਹੀਆਂ ਹਨ।

    ਮਨਜੀਤ ਕੌਰ ਨੇ ਦੱਸਿਆ ਕਿ ਸਾਲ 2005 ਵਿਚ ਪਿਤਾ ਦੀ ਮੌਤ ਅਤੇ ਸਾਲ 2006 ਵਿੱਚ ਵਿਆਹ ਹੋ ਜਾਣ ਕਾਰਨ ਉਸਦੀ ਪੜ੍ਹਾਈ ਵਿਚਾਲੇ ਰਹਿ ਗਈ ਸੀ। ਇਸ ਕਰਕੇ ਉਹ ਹੁਣ ਬੀਏ ਕਰ ਰਹੀ ਹੈ ਜਦਕਿ ਉਸ ਦਾ ਦਾ ਪੁੱਤ ਬਾਰ੍ਹਵੀਂ ਕਰ ਰਿਹਾ ਹੈ ਅਤੇ ਧੀਂ ਗਿਆਰਵੀਂ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸਦੀ ਹੱਲਾਸ਼ੇਰੀ ਨਾਲ ਉਸਦੇ ਬਲਾਕ ਦੀਆਂ ਵੱਡੀ ਗਿਣਤੀ ਔਰਤਾਂ ਅੱਗੇ ਪੜ੍ਹਾਈ ਕਰ ਰਹੀਆਂ ਹਨ। ਉਨ੍ਹਾਂ ਆਪਣੀ ਸਫਲਤਾ ਦਾ ਸਿਹਰਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨੂੰ ਦਿੱਤਾ ਜਿਸਦੇ ਅਧੀਨ ਉਹ ਸਵੈ ਸਹਾਇਤਾ ਗਰੁੱਪਾਂ ਵਿੱਚ ਨਾਂਅ ਦੇ ਨਾਲ ਨਾਲ ਪੈਸਾ ਵੀ ਕਮਾ ਰਹੀ ਹੈ।