ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਛੋਟੀ ਪਾਲ ਬੇੜੀ ਆਈਐੱਨਐੱਸਵੀ ਤਾਰਿਨੀ ‘ਚ ਸਮੁੰਦਰ ਦੇ ਰਸਤੇ ਧਰਤੀ ਦਾ ਚੱਕਰ ਲਾਉਣ ਵਾਲੀਆਂ ਸਮੁੰਦਰੀ ਫੌਜ ਦੀਆਂ ਛੇ ਜਾਂਬਾਜ਼ ਮਹਿਲਾ ਅਧਿਕਾਰੀਆਂ ਨੂੰ ਵੀਰਵਾਰ ਨੂੰ ਨਾਰੀ ਸ਼ਕਤੀ ਪੁਰਸਕਾਰ ਦਿੱਤਾ। ਸ੍ਰੀਮਤੀ ਗਾਂਧੀ ਨੇ ਇੱਥੇ ਆਪਣੇ ਦਫ਼ਤਰ ‘ਚ ਹੋਏ ਇੱਕ ਸਮਾਰੋਹ ‘ਚ ਇਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਬਹਾਦਰੀ ਭਰੇ ਕਾਰਨਾਮੇ ਨਾਲ ਪੂਰੇ ਦੇਸ਼ ਨੂੰ ਪ੍ਰੇਰਨਾ ਮਿਲੀ ਹੈ। (INSV Tarini)
ਕੇਂਦਰੀ ਮੰਤਰੀ ਨੇ ਅਭਿਆਨ ਨੂੰ ਸਫਲਤਾ ਪੂਰਵਕ ਪੂਰਾ ਕਰਨ ਲਈ ਇਨ੍ਹਾਂ ਸਾਰਿਆਂ ਨੂੰ ਵਧਾਈ ਵੀ ਦਿੱਤੀ। ਸਮੁੰਦਰੀ ਫੌਜ ਦੀਆਂ ਛੇ ਜਾਂਬਾਜ਼ ਮਹਿਲਾ ਅਧਿਕਾਰੀਆਂ ਨੇ ‘ਨਾਵਿਕਾ ਸਾਗਰ ਚੱਕਰ’ ਅਭਿਆਨ ਤਹਿਤ ਪੂਰੀ ਧਰਤੀ ਦਾ ਚੱਕਰ ਲਾਇਆ ਹੈ। ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਾਉਣ ਵਾਲੀ ਇਹ ਭਾਰਤ ਦੀ ਪਹਿਲੀ ਮਹਿਲਾ ਅਭਿਆਨ ਟੀਮ ਹੈ। ਸਮਾਰੋਹ ‘ਚ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਵਾਲੇ ਇਸ ਅਭਿਆਨ ਟੀਮ ਦੀਆਂ ਮੈਂਬਰਾਂ ਨੇ ਆਪਣੀ ਯਾਤਰਾ ਬਾਰੇ ਇੱਕ ਪੇਸ਼ਕਾਰੀ ਦਿੱਤੀ ਤੇ ਆਪਣੇ ਮਿਸ਼ਨ, ਉਸ ਦੀ ਤਿਆਰੀ, ਟ੍ਰੇਨਿੰਗ ਤੇ ਤਜਰਬਿਆਂ ਬਾਰੇ ਵਿਸਥਾਰ ਨਾਲ ਦੱਸਿਆ। (INSV Tarini)
ਅਭਿਆਨ ਟੀਮ ਦੀਆਂ ਹੋਰ ਮੈਂਬਰਾਂ ‘ਚ ਲੈ. ਕਮਾਂਡਰ ਪ੍ਰਤਿਭਾ ਜਾਮਵਾਲ, ਪੀ ਸਵਾਤੀ ਤੇ ਲੈਫਟੀਨੈਂਟ ਐਸ ਵਿਜਿਆ ਦੇਵੀ, ਬੀ ਐਸ਼ਵਰਿਆ ਤੇ ਪਾਇਲ ਗੁਪਤਾ ਸ਼ਾਮਲ ਹਨ। ਇਸ ਤੋਂ ਪਹਿਲਾਂ ਇਹ ਮਹਿਲਾ ਅਧਿਕਾਰੀ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੀਆਂ ਸਨ। ਇਹ ਅਭਿਆਨ ਟੀਮ ਅੱਠ ਮਹੀਨੇ ਬਾਅਦ 21 ਮਈ ਨੂੰ ਗੋਆ ਪਰਤੀ ਸੀ, ਜਿੱਥੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਸਮੁੰਦਰੀ ਫੌਜ ਮੁਖੀ ਐਡਮਿਰਲ ਲਾਂਬਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। (INSV Tarini)