ਮਾਲੀਲਾਲ ਨੇ 16 ਲੜਕੀਆਂ ਨੂੰ ਕਰਵਾਇਆ ਮੁਕਤ

Maalilal, Liberated, 16 Girls

ਨੌਕਰੀ ਦਾ ਲਾਲਚ ਦੇ ਕੇ ਨੇਪਾਲ ਤੋਂ ਲਿਆਂਦਾ ਗਿਆ ਸੀ ਭਾਰਤ

ਨਵੀਂ ਦਿੱਲੀ, (ਏਜੰਸੀ)। ਦਿੱਲੀ ਮਹਿਲਾ ਕਮਿਸ਼ਨ ਨੇ ਮੁਨਿਰਕਾ ਇਲਾਕੇ ‘ਚ ਬੁੱਧਵਾਰ ਸਵੇਰੇ ਨੇਪਾਲ ਦੀਆਂ 16 ਲੜਕੀਆਂ ਨੂੰ ਮੁਕਤ ਕਰਵਾਇਆ।ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਲਾਲ ਖੁਦ ਇਹਨਾਂ ਸਾਰੀਆਂ ਨੂੰ ਮੁਕਤ ਕਰਵਾਉਣ ਦੌਰਾਨ ਮੰਗਲਵਾਰ ਦੇਰ ਰਾਤ ਕਰੀਬ ਡੇਢ ਵਜੇ ਘਟਨਾ ਸਥਾਨ ‘ਤੇ ਮੌਜ਼ੂਦ ਸੀ। ਇਹਨਾ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਮਨੁੱਖੀ ਤਸਕਰੀ ਲਈ ਨੇਪਾਲ ਤੋਂ ਲਿਆਂਦਾ ਗਿਆ ਸੀ ਅਤੇ ਮੁਨਿਰਕਾ ਇਲਾਕੇ ‘ਚ ਇੱਕ ਛੋਟੇ ਜਿਹੇ ਕਮਰੇ ‘ਚ ਬੰਦ ਕਰਕੇ ਰੱਖਿਆ ਗਿਆ ਸੀ।ਸਾਰੀਆਂ ਲੜਕੀਆਂ ਦੇ ਪਾਸਪੋਰਟ ਦਲਾਲਾਂ ਨੇ ਖੋਹ ਲਏ ਸਨ।

ਸੱਤ ਲੜਕੀਆਂ ਨੂੰ ਕੁਵੈਤ ਅਤੇ ਇਰਾਕ ਭੇਜਿਆ ਜਾ ਚੁੱਕਾ

ਜਿੱਥੋਂ ਲੜਕੀਆਂ ਨੂੰ ਮੁਕਤ ਕਰਵਾਇਆ ਗਿਆ ਉਥੋਂ ਕੁਝ ਹੀ ਦੂਰੀ ‘ਤੇ ਪੁਲਿਸ ਸਟੇਸ਼ਨ ਹੈ। ਪੁੱਛ ਗਿੱਛ ‘ਚ ਪਤਾ ਲੱਗਿਆ ਹੈ ਕਿ ਇਹਨਾਂ ਲੜਕੀਆਂ ਨੂੰ ਇੱਥੋਂ ਕੁਵੈਤ ਅਤੇ ਇਰਾਕ ਭੇਜਣ ਦੀ ਤਿਆਰੀ ਸੀ। ਪੰਦਰਾਂ ਦਿਨ ਪਹਿਲਾਂ ਸੱਤ ਲੜਕੀਆਂ ਨੂੰ ਕੁਵੈਤ ਅਤੇ ਇਰਾਕ ਭੇਜਿਆ ਜਾ ਚੁੱਕਾ ਹੈ। ਸ੍ਰੀਮਤੀ ਮਾਲੀਲਾਲ ਨੇ ਕਿਹਾ ਕਿ ਦਿੱਲੀ ਮਹਿਲਾ ਕਮਿਸ਼ਨ ਨੂੰ ਸੂਚਨਾ ਮਿਲੀ ਸੀ ਕਿ ਮੁਨਿਰਕਾ ਦੇ ਇੱਕ ਘਰ ‘ਚ ਕੁਝ ਲੜਕੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ। ਸ਼ਿਕਾਇਤ ਦੇ ਆਧਾਰ ‘ਤੇ ਉਹ ਪੁਲਿਸ ਨਾਲ ਉਥੇ ਪਹੁੰਚੀ ਅਤੇ ਸਾਰੀਆਂ ਲੜਕੀਆਂ ਨੂੰ ਮੁਕਤ ਕਰਵਾਇਆ।