181 ਲੋਕ ਸਨ ਜਹਾਜ਼ ’ਚ ਸਵਾਰ | South Korea Plane Crash
ਸਿਓਲ (ਏਜੰਸੀ)। ਐਤਵਾਰ ਨੂੰ ਬੈਂਕਾਕ ਤੋਂ ਆ ਰਹੀ ਜੇਜੂ ਏਅਰ ਦਾ ਜਹਾਜ਼ ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ। ਕੋਰੀਆ ਟਾਈਮਜ਼ ਮੁਤਾਬਕ ਹਾਦਸੇ ’ਚ 181 ਲੋਕਾਂ ’ਚੋਂ 85 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। 2 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ, ਇਸ ਤੋਂ ਇਲਾਵਾ 94 ਹੋਰ ਯਾਤਰੀਆਂ ਦੀ ਮੌਤ ਦਾ ਖਦਸ਼ਾ ਹੈ। ਸਮਾਚਾਰ ਏਜੰਸੀ ਯੋਨਹਾਪ ਮੁਤਾਬਕ ਏਅਰਪੋਰਟ ’ਤੇ ਲੈਂਡ ਕਰਦੇ ਸਮੇਂ ਜਹਾਜ਼ ਦੇ ਲੈਂਡਿੰਗ ਗੀਅਰ ’ਚ ਖਰਾਬੀ ਆ ਗਈ ਸੀ।
ਇਹ ਖਬਰ ਵੀ ਪੜ੍ਹੋ : Manmohan Singh: ਵਿਦਵਤਾ ਤੋਂ ਰਾਜਨੀਤੀ ਵੱਲ
ਇਸ ਕਾਰਨ ਜਹਾਜ਼ ਨੂੰ ਬਿਨਾਂ ਲੈਂਡਿੰਗ ਗੀਅਰ ਦੇ ਲੈਂਡ ਕਰਨਾ ਪਿਆ। ਲੈਂਡਿੰਗ ਤੋਂ ਬਾਅਦ, ਜਹਾਜ਼ ਰਨਵੇ ’ਤੇ ਫਿਸਲ ਗਿਆ, ਹਵਾਈ ਅੱਡੇ ਦੀ ਵਾੜ ਨਾਲ ਟਕਰਾ ਗਿਆ ਤੇ ਕਰੈਸ਼ ਹੋ ਗਿਆ। ਏਜੰਸੀ ਮੁਤਾਬਕ ਜਹਾਜ਼ ’ਚ ਚਾਲਕ ਦਲ ਦੇ 6 ਮੈਂਬਰ ਤੇ 175 ਯਾਤਰੀ ਸਵਾਰ ਸਨ। ਹਾਦਸਾ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ 9:07 ਵਜੇ) ਵਾਪਰਿਆ। ਰਿਪੋਰਟਾਂ ਮੁਤਾਬਕ ਹਵਾਈ ਅੱਡੇ ’ਤੇ ਸਾਰੀਆਂ ਸਥਾਨਕ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਪਹਿਲੀ ਵਾਰ ਲੈਂਡ ਨਹੀਂ ਕਰ ਸਕਿਆ ਜਹਾਜ਼
ਜੇਜੂ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਇਆ, ਉਹ ਅਮਰੀਕੀ ਕੰਪਨੀ ਬੋਇੰਗ ਦਾ 737-800 ਜਹਾਜ਼ ਸੀ। ਜਹਾਜ਼ ਨੇ ਦੋ ਵਾਰ ਹਵਾਈ ਅੱਡੇ ’ਤੇ ਉਤਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਕੋਸ਼ਿਸ਼ ’ਚ ਵੀ ਲੈਂਡਿੰਗ ਗੀਅਰ ਨਾ ਖੁੱਲ੍ਹਣ ਕਾਰਨ ਜਹਾਜ਼ ਲੈਂਡ ਨਹੀਂ ਕਰ ਸਕਿਆ। ਇਸ ਤੋਂ ਬਾਅਦ ਜਹਾਜ਼ ਨੇ ਹਵਾਈ ਅੱਡੇ ਦਾ ਚੱਕਰ ਲਾਇਆ। ਦੂਜੀ ਵਾਰ ਪਾਇਲਟ ਨੇ ਬਿਨਾਂ ਲੈਂਡਿੰਗ ਗੀਅਰ ਦੇ ਜਹਾਜ਼ ਨੂੰ ਉਤਾਰਿਆ। ਕਈ ਮੀਡੀਆ ਰਿਪੋਰਟਾਂ ਮੁਤਾਬਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਛੀ ਜਹਾਜ਼ ਦੇ ਖੰਭ ਨਾਲ ਟਕਰਾ ਗਿਆ। ਇਸ ਕਾਰਨ ਲੈਂਡਿੰਗ ਗੀਅਰ ਖਰਾਬ ਹੋ ਗਿਆ ਤੇ ਲੈਂਡਿੰਗ ਦੌਰਾਨ ਖੁੱਲ੍ਹ ਨਹੀਂ ਸਕਿਆ।