ਲੋਕ ਸਭਾ ਚੋਣਾਂ: ਪਾਰਟੀ ਪ੍ਰਧਾਨ ਰਾਜਾ ਵੜਿੰਗ ਨੂੰ ਬਣਾਇਆ ਕਾਂਗਰਸ ਨੇ ਲੁਧਿਆਣਾ ਤੋਂ ਉਮੀਦਵਾਰ

Lok Sabha Elections

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰਨ ’ਚ ਮੁੱਖ ਸਿਆਸੀ ਧਿਰਾਂ ’ਚ ਫਾਡੀ ਕਾਂਗਰਸ ਪਾਰਟੀ ਨੇ ਸ਼ਹਿਰ ਅੰਦਰ ਚੱਲ ਰਹੀਆਂ ਚਰਚਾਵਾਂ ’ਤੇ ਸੌਮਵਾਰ ਨੂੰ ਵਿਰਾਮ ਲਗਾ ਦਿੱਤਾ। ਕਾਂਗਰਸ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਜਿੰਨ੍ਹਾਂ ਦਾ ਨਾਂਅ ਮੰਗਲਵਾਰ ਸ਼ਾਮ ਨੂੰ ਹੀ ਚਰਚਾਵਾਂ ’ਚ ਆਇਆ ਸੀ। (Lok Sabha Elections)

Lok Sabha Elections

ਸੂਬੇ ਅੰਦਰਲੀਆਂ ਰਹਿੰਦੀਆਂ ਚਾਰ ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਵਾਲੀ ਅਖੀਰਲੀ ਸੂਚੀ ਵਿੱਚ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਂਅ ਦਾ ਐਲਾਨ ਹੁੰਦਿਆਂ ਹੀ ਸਥਾਨਕ ਹਲਕੇ ਅੰਦਰ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਰਾਜਾ ਵੜਿੰਗ ਕੱਦਵਾਰ ਨੇਤਾ ਹਨ।  ਜਿਹੜੇ ਗਿੱਦਬਾਹਾ ਤੋਂ ਲਗਾਤਾਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰਾਂ ਨੂੰ ਹਰਾ ਕੇ ਵਿਧਾਇਕ ਬਣੇ ਪਰ ਬਠਿੰਡਾ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੋਂ ਮਾਤ ਖਾ ਗਏ। ਜਿਸ ਤੋਂ ਬਾਅਦ ਕਾਂਗਰਸ ਦੀ ਕੌਮੀ ਲੀਡਰਸ਼ਿੱਪ ਨੇ ਰਾਜਾ ਵੜਿੰਗ ਨੂੂੰ 2022 ਨੂੰ ਉਸ ਸਮੇਂ ਪਾਰਟੀ ਦਾ ਪ੍ਰਧਾਨ ਥਾਪਿਆ, ਜਿਸ ਸਮੇਂ ਕਾਂਗਰਸ ਬੇਹੱਦ ਮਾੜੇ ਦੌਰ ’ਚੋਂ ਗੁਜਰ ਰਹੀ ਸੀ।

Also Read : ਪੰਜਾਬ ’ਚ ਛੁੱਟੀ ਦਾ ਐਲਾਨ, ਇਸ ਦਿਨ ਨਹੀਂ ਹੋਣਾ ਕੋਈ ਵੀ ਕੰਮ

ਵੜਿੰਗ ਨੇ ਪ੍ਰਧਾਨ ਬਣਦਿਆਂ ਹੀ ਸੂਬੇ ਦਾ ਦੌਰਾ ਕਰਕੇ ਰੁੱਸਿਆਂ ਨੂੰ ਮਨਾ ਕੇ ਤੋਰਿਆ ਤੇ ਕਾਂਗਰਸ ਨੂੰ ਮੁੜ ਸਰਗਰਮ ਕੀਤਾ। ਇਸ ਤੋਂ ਪਹਿਲਾਂ ਇੰਡੀਅਨ ਯੂਥ ਕਾਂਗਰਸ ਦੇ ਯੂਥ ਡਿਵੀਜਨ ਪ੍ਰਧਾਨ ਰਹਿ ਚੁੱਕੇ 47 ਸਾਲਾ ਰਾਜਾ ਵੜਿੰਗ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਟਰਾਂਸਪੋਰਟ ਮੰਤਰੀ ਵੀ ਰਹਿ ਚੁੱਕੇ ਹਨ। ਜਿੰਨਾਂ ਨੇ ਟਰਾਂਸਪੋਰਟ ਮੰਤਰੀ ਹੁੰਦਿਆਂ ਜਿੱਥੇ ਸੁਖਬੀਰ ਸਿੰਘ ਬਾਦਲ ਸਣੇ ਹੋਰ ਵੱਖ ਵੱਖ ਕੰਪਨੀਆਂ ਦੀਆਂ ਨਿਯਮਾਂ ਨੂੰ ਅੱਖੋਂ- ਪਰੋਖੇ ਕਰਕੇ ਚੱਲ ਰਹੀਆਂ ਬੱਸਾਂ ਨੂੰ ਕਾਨੂੂੰਨੀ ਸਿਕੰਜੇ ’ਚ ਲਿਆਂਦਾ। ਉੱਥੇ ਹੀ ਪੰਜਾਬ ਰੋਡਵੇਜ ਟਰਾਂਸਪੋਰਟ ਕੰਪਨੀ (ਪੀਆਰਟੀਸੀ) ਵੀ ਮੁੜ ਲੀਹੇ ਚਾੜ੍ਹਿਆ। ਰਾਜਾ ਵੜਿੰਗ ਆਪਣੇ ਲੱਛੇਦਾਰ ਤੇ ਹਮਲਾਵਰ ਭਾਸ਼ਣਾਂ ਕਰਕੇ ਅਕਸਰ ਹੀ ਚਰਚਾ ’ਚ ਰਹਿੰਦੇ ਹਨ।