ਬਾਦਲਾਂ ਦੇ ਗੜ੍ਹ ਬਠਿੰਡਾ ‘ਚ ਲੋਕ ਇਨਸਾਫ ਪਾਰਟੀ ਨੇ ਪੈਰ ਧਰਿਆ

ਰਾਮਪੁਰਾ ਹਲਕੇ ‘ਚ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ

ਬਠਿਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਲੋਕ ਇਨਸਾਫ ਪਾਰਟੀ ਨੇ ਬਾਦਲਾਂ ਦੀ ਸਿਆਸੀ ਰਾਜਧਾਨੀ ਬਠਿੰਡਾ ਜ਼ਿਲ੍ਹੇ ‘ਚ ਆਪਣਾ ਪਸਾਰਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਅੱਜ ਰਾਮਪੁਰਾ ਫੂਲ ਹਲਕੇ ਨਾਲ ਸਬੰਧਿਤ ਅਧਿਆਪਕ ਆਗੂ ਤੇ ਸਮਾਜਿਕ ਕਾਰਕੁੰਨ ਜਤਿੰਦਰ ਭੱਲਾ ਨੂੰ ਜ਼ਿਲ੍ਹੇ ਦੇ ਨਾਲ ਲੱਗਦੇ ਹਲਕਿਆਂ ਦੀ ਕਮਾਂਡ ਸੰਭਾਲ ਦਿੱਤੀ ਹੈ।

ਈਟੀਟੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਜਤਿੰਦਰ ਭੱਲਾ ਵੱਲੋਂ 16 ਵਰ੍ਹੇ ਪਹਿਲਾਂ ਸੇਵਾਮੁਕਤੀ ਲੈ ਕੇ ਲੋਕ ਇਨਸਾਫ ਪਾਰਟੀ ਨਾਲ ਜੁੜਨ ਸਬੰਧੀ ਸਿਆਸੀ ਹਲਕੇ ਦੰਗ ਰਹਿ ਗਏ ਹਨ। ਇਤਿਹਾਸਕ ਪਿੰਡ ਕੋਠਾ ਗੁਰੂ ਨਾਲ ਸਬੰਧਿਤ ਜਤਿੰਦਰ ਭੱਲਾ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਿੱਖਿਆ ਮੰਤਰੀ ਬਣੇ ਸਿਕੰਦਰ ਸਿੰਘ ਮਲੂਕਾ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀ। ਜਤਿੰਦਰ ਭੱਲਾ ਦਾ ਦਰਜਨਾਂ ਕਾਂਗਰਸੀ ਪਰਿਵਾਰਾਂ ‘ਚ ਵੀ ਚੰਗਾ ਅਸਰ ਰਸੂਖ ਦੱਸਿਆ ਜਾਂਦਾ ਹੈ। ਅੱਜ ਸੇਵਾਮੁਕਤੀ ਸਮਾਗਮ ਮੌਕੇ ਕਰੀਬ 8 ਤੋਂ ਨੌ ਹਜ਼ਾਰ ਲੋਕਾਂ ਦੇ ਇਕੱਠ ਨੇ ਭੱਲਾ ਦੇ ਜੱਦੀ ਪਿੰਡ ਕੋਠਾ ਗੁਰੂ ਵਿਖੇ ਕਰਵਾਏ ਸਮਾਗਮ ‘ਚ ਸ਼ਮੂਲੀਅਤ ਕਰਕੇ ਇਸ ਫੈਸਲੇ ‘ਤੇ ਮੋਹਰ ਲਾਈ ਹੈ।

ਹਾਲਾਂਕਿ ਸਿੱਖਿਆ ਵਿਭਾਗ ਛੱਡਣ ਤੋਂ ਬਾਅਦ ਇੱਕ ਵਾਰ ਭੱਲਾ ਦੀ ਸਰਗਰਮੀਆਂ ਪੂਰੀ ਤਰ੍ਹਾਂ ਘਟ ਗਈਆਂ ਸਨ, ਪਰ ਤਾਜ਼ਾ ਫੈਸਲੇ ਕਾਰਨ ਰਾਮਪੁਰਾ ਹਲਕੇ ‘ਚ ਸਿਆਸੀ ਸਮੀਕਰਨ ਬਦਲਣ ਦੇ ਚਰਚੇ ਛਿੜ ਗਏ ਹਨ। ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭੱਲਾ ਨੂੰ ਸਿਰਫ ਰਾਮਪੁਰਾ ਹੀ ਨਹੀਂ ਸਗੋਂ ਨਾਲ ਲੱਗਦੇ ਹਲਕਿਆਂ ‘ਚ ਪਾਰਟੀ ਕਾਡਰ ਸਥਾਪਿਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ।

ਉਮੀਦ ਫਾਊਂਡੇਸ਼ਨ ਦੇ ਪ੍ਰਧਾਨ ਵਜੋਂ ਭੱਲਾ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਜਦੋਂ ਤੱਕ ਇਮਾਨਦਾਰ ਤੇ ਚੰਗੇ ਵਿਚਾਰਾਂ ਵਾਲੇ ਲੋਕ ਸਿਆਸਤ ‘ਚ ਅੱਗੇ ਨਹੀਂ ਆਉਂਦੇ ਉਦੋਂ ਤੱਕ ਪੰਜਾਬ ‘ਚ ਤਬਦੀਲੀ ਨਹੀਂ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਲੋਕ ਇਨਸਾਫ ਪਾਰਟੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੇਕ ਤੇ ਚੰਗੇ ਖਿਆਲਾਂ ਵਾਲੇ ਲੋਕਾਂ ਦੇ ਬਲਬੂਤੇ ਲੜੇਗੀ ਤੇ ਇਸ ਲਈ ਹਮਖਿਆਲ ਚਿਹਰਿਆਂ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਅੰਦਰ ਪੰਜਾਬ ਦੇ ਸਮੂਹ 117 ਵਿਧਾਨ ਸਭਾ ਹਲਕਿਆਂ ‘ਚ ਪਾਰਟੀ ਦਾ ਜੱਥੇਬੰਦਕ ਢਾਂਚਾ ਖੜ੍ਹਾ ਕਰ ਲਿਆ ਜਾਏਗਾ।

ਸ੍ਰੀ ਬੈਂਸ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਅਤੇ ਕਿਸਾਨਾਂ ਵੱਲੋਂ ਪੈਦਾ ਵਸਤਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਦੋਸ਼ ਲਾਏ ਕਿ ਖੇਤੀ ਵਿਭਿੰਨਤਾ ਦੇ ਨਾਂਅ ਹੇਠ ਸਰਕਾਰਾਂ ਅਰਬਾਂ ਰੁਪਏ ਲੁਟਾ ਰਹੀਆਂ ਹਨ, ਪਰ ਕਿਸਾਨ ਦੀ ਸਹਾਇਤਾ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਜਾਂ ਸਬਜ਼ੀਆਂ ਆਦਿ ਸੜਕਾਂ ‘ਤੇ ਸੁੱਟਣ ਦੀ ਬਜਾਇ ਧਾਰਮਿਕ ਸਥਾਨਾਂ ‘ਚ ਭੇਜਣ ਤਾਂ ਜੋ ਉਨ੍ਹਾਂ ਦੀ ਬਰਬਾਦੀ ਨਾ ਹੋ ਸਕੇ। ਲੰਗਰ ਤੋਂ ਜੀਐੱਸਟੀ ਹਟਾਉਣ ਦੇ ਮੁੱਦੇ ‘ਤੇ ਸ੍ਰੀ ਬੈਂਸ ਨੇ ਕਿਹਾ ਕਿ ਪਹਿਲਾਂ ਟੈਕਸ ਲੈਣ ਤੇ ਫਿਰ ਵਾਪਸ ਕਰਨ ਦਾ ਫੈਸਲਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਬਾਦਲਾਂ ਨੇ ਆਪਣੇ ਸਿਰ ਸਿਹਰਾ ਲੈਣ ਲਈ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਇਸ ਮੁੱਦੇ ‘ਤੇ ਵਜ਼ਾਰਤ ‘ਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ।

ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਜਤਿੰਦਰ ਭੱਲਾ ਨੇ ਵਿਧਾਇਕ ਬੈਂਸ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਵੱਧ-ਚੜ੍ਹਕੇ ਸਮਾਜਿਕ ਕੰਮਾਂ ‘ਚ ਭਾਗ ਲੈਂਦਿਆਂ ਪਾਰਟੀ ਨੂੰ ਅੱਗੇ ਲਿਜਾਣ ਲਈ ਸਿਰ ਤੋੜ ਯਤਨ ਕਰਨਗੇ। ਇਸ ਮੌਕੇ ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਸੁਰਿੰਦਰ ਗਰੇਵਾਲ, ਜਗਮੋਹਨ ਸਿੰਘ ਸਮਾਧ ਭਾਈ ਜ਼ਿਲ੍ਹਾ ਪ੍ਰਧਾਨ ਮੋਗਾ, ਸੀਨੀਅਰ ਆਗੂ ਜਸਬੀਰ ਸਿੰਘ ਅਕਲੀਆ ਤੇ ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਸਮੇਤ ਦਰਜਨਾਂ ਆਗੂ ਹਾਜਰ ਸਨ।