(ਬਲਵਿੰਦਰ ਆਜ਼ਾਦ)। ਦਿਨ, ਮਹੀਨੇ, ਸਾਲ ਵਿੱਚ ਸਮਾਈਆਂ ਰੁੱਤਾਂ ਅਤੇ ਤਿਉਹਾਰ ਮਨੁੱਖ ਲਈ ਕੁਦਰਤ ਦੀ ਬਹੁਤ ਵੱਡੀ ਦੇਣ ਹਨ ਅਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਵੀ ਮਨੁੱਖੀ ਦਿਮਾਗ਼ ਦੇ ਤਾਣੇ-ਬਾਣੇ ਦੀ ਬਹੁਤ ਵੱਡੀ ਵਿਵਸਥਾ ਹੈ। ਸਮੇਂ ਨੂੰ ਜਾਨਣ ਲਈ ਮਿਸਰ ਦੇ ਲੋਕਾਂ ਨੇ ਘੜੀ ਦੀ ਕਾਢ ਕੱਢੀ ਤੇ ਤੀਹ ਦਿਨਾਂ ਨੂੰ ਬਾਰਾਂ ਮਹੀਨਿਆਂ ਤੇ ਸਾਲ ਨੂੰ ਤਿੰਨ ਸੌ ਪੈਂਠ ਦਿਨਾਂ ਵਿੱਚ ਵੰਡਿਆ ਗਿਆ। ਇਹ ਕਾਲ ਚੱਕਰ ਚਲਦਾ ਰਿਹਾ ਅਤੇ ਘਟਨਾਵਾਂ ਘਟਦੀਆਂ ਰਹੀਆਂ ‘ਤੇ ਤਿੱਥ ਤਿਉਹਾਰਾਂ ਦਾ ਜਨਮ ਹੁੰਦਾ ਗਿਆ। ਇੰਝ ਭਾਰਤ ਵਿੱਚ ਹਰ ਦਿਨ ਕੋਈ ਨਾ ਕੋਈ ਤਿੱਥ ਤਿਓਹਾਰ ਮਨਾਇਆ ਜਾਂਦਾ ਹੈ, ਪਰ ਲੋਹੜੀ, ਹੋਲੀ ਤੇ ਦੀਵਾਲੀ ਅਜਿਹੇ ਤਿਉਹਾਰ ਹਨ ਜੋ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਰੱਖਦੇ ਹਨ। ਇਹਨਾਂ ਤਿੰਨਾਂ ਤਿਉਹਾਰਾਂ ਬਾਰੇ ਇੱਕ ਬਹੁਤ ਵੱਡਾ ਵਹਿਮ ਵੀ ਕੀਤਾ ਜਾਂਦਾ ਹੈ ਜਿਵੇਂ:-
ਹੋਲੀ, ਲੋਹੜੀ ਤੇ ਦੀਵਾਲੀ, ਮੰਗਲਵਾਰੀ ਹੋਇ।
ਚਰਖ ਚੜੇਗੀ ਪ੍ਰਿਥਵੀ, ਵਿਰਲਾ ਜੀਵੇ ਕੋਇ।
ਭਾਵ ”ਮੰਗਲਵਾਰ” ਨੂੰ ਬਹੁਤ ਸਖ਼ਤ (ਕਰੜੇ) ਵਜੋਂ ਮੰਨਿਆ ਗਿਆ ਹੈ ਅਤੇ ਇਹ ਵਹਿਮ ਕੀਤਾ ਜਾਂਦਾ ਹੈ ਕਿ ਜੇਕਰ ਤਿੰਨੋਂ ਤਿਉਹਾਰ ਮੰਗਲਵਾਰ ਨੂੰ ਆਉਂਦੇ ਹਨ ਤਾਂ ਦੁਨੀਆਂ ‘ਤੇ ਭਾਰੀ ਸੰਕਟ ਆ ਸਕਦਾ ਹੈ। ਹੁਣ ਇਸ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕਹਿਣਾ ਔਖਾ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਲੋਹੜੀ ਦੇ ਤਿਉਹਾਰ ਦੀ, ਲੋਹੜੀ ਜੋ ਜਨਵਰੀ ਦੇ ਮਹੀਨੇ ਦੇ ਪੋਹ-ਮਾਘ ਦੇ ਪਾਲਿਆਂ ਦੀ ਕੋਰੀ ਠੰਢੀ ਰਾਤ ਦੇ ਵਿਚਾਲੇ ਦੀ ਰਾਤ ਵਿੱਚ ਮਨਾਇਆ ਜਾਣ ਵਾਲਾ ਨਿੱਘਾ ਤੇ ਪਿਆਰਾ ਤਿਉਹਾਰ ਹੈ।
ਤਿਲ ਅਤੇ ਰੋੜੀ ਸ਼ਬਦ ਦਾ ਸੁਮੇਲ ਬਣੇ ਲੋਹੜੀ ਦੇ ਤਿਉਹਾਰ ਦੀ ਹੋਂਦ ਨੂੰ ਲੈ ਕੇ ਅੱਜ ਵੀ ਭਾਵੇਂ ਕੋਈ ਠੋਸ ਸਬੂਤ ਨਹੀਂ ਮਿਲਦੇ, ਪਰ ਫਿਰ ਵੀ ਇਹ ਤਿਉਹਾਰ ਇਨਸਾਨੀ ਜੀਵਨ ਵਿੱਚ ਅਹਿਮ ਸਥਾਨ ਰੱਖਦਾ ਹੈ। ਇੱਕ ਲੋਕ ਕਥਾ ਮੁਤਾਬਿਕ ਲੋਹੜੀ ਦਾ ਸਬੰਧ ਇੱਕ ਬਾਗ਼ੀ ਸੂਰਮੇ ਦੁੱਲੇ ਭੱਟੀ ਨਾਲ ਹੀ ਜੋੜਿਆ ਜਾਂਦਾ ਰਿਹਾ ਹੈ। ਇਤਿਹਾਸਕਾਰ ਸੁਰਿੰਦਰ ਕੌਛੜ ਨੇ ਕਵੀ ਜੀਵਨ ਪ੍ਰਕਾਸ਼ ਦੇ ਹਵਾਲੇ ਨਾਲ ਇੱਕ ਲੇਖ ਵਿੱਚ ਦੱਸਿਆ ਹੈ ਕਿ ਇੱਕ ਪਿੰਡ ਵਿੱਚ ਇੱਕ ਹਿੰਦੂ ਕਿਸਾਨ ਅਤੇ ਉਸ ਦੀਆਂ ਦੋ ਧੀਆਂ ਸੁੰਦਰੀ ਅਤੇ ਮੁੰਦਰੀ ਰਹਿੰਦੀਆਂ ਸਨ ਜਿਨ੍ਹਾਂ ਦਾ ਵਿਆਹ ਉਨ੍ਹਾਂ ਦੇ ਪਿਤਾ ਨੇ ਤੈਅ ਕਰ ਦਿੱਤਾ ਸੀ, ਪਰ ਪਿੰਡ ਦਾ ਇੱਕ ਮੁਸਲਮਾਨ ਨੰਬਰਦਾਰ ਉਸ ਦੀਆਂ ਧੀਆਂ ‘ਤੇ ਅੱਖ ਰੱਖੀ ਬੈਠਾ ਸੀ ਅਤੇ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਜਦੋਂ ਕਿਸਾਨ ਨੇ ਦੁੱਲੇ ਨੂੰ ਸਾਰੀ ਕਹਾਣੀ ਦੱਸੀ ਤਾਂ ਦੁੱਲੇ ਨੇ ਗੁੱਸੇ ਵਿੱਚ ਆ ਕੇ ਨੰਬਰਦਾਰ ਨੂੰ ਲਲਕਾਰਿਆ ਤੇ ਉਸ ਦੇ ਖੇਤਾਂ ਨੂੰ ਅੱਗ ਲਾ ਦਿੱਤੀ।
ਇਸੇ ਅੱਗ ਦੀ ਰੌਸ਼ਨੀ ਵਿੱਚ ਦੋਵੇਂ ਲੜਕੀਆਂ ਸੁੰਦਰੀ ਅਤੇ ਮੁੰਦਰੀ ਨੂੰ ਆਪਣੀਆਂ ਧੀਆਂ ਬਣਾ ਕੇ ਉਨ੍ਹਾਂ ਦੇ ਪਿਤਾ ਵੱਲੋਂ ਚੁਣੇ ਹੋਏ ਲੜਕਿਆਂ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ ਤੇ ਲੋਹੜੀ ਦੇ ਤਿਉਹਾਰ ਦਾ ਜਨਮ ਹੋ ਗਿਆ। ਪੰਜਾਬ ਦੇ ਲੋਕ ਨਾਇਕ ਦੁੱਲੇ ਭੱਟੀ ਦਾ ਜਨਮ 1547 ਈ: ਵਿੱਚ ਹੋਇਆ ਸੀ। ਪੰਜਾਬ ਦੇ ਇਸ ਲੋਕ ਨਾਇਕ ਦੀ ਸ਼ਹੀਦੀ ਦੇ 427 ਸਾਲਾਂ ਬਾਅਦ 30 ਮਈ 2016 ਨੂੰ ਲਾਹੌਰ ਦੇ ਗੁਲਸਨੇ-ਰਾਣੀ ਰੋਡ ਦੇ ਏ-ਬਲਾਕ ਚੌਂਕ ਦਾ ਨਾਂਅ ਹੁਣ ਸ਼ਹੀਦ ਦੁੱਲਾ ਭੱਟੀ ਰੱਖਿਆ ਗਿਆ ਹੈ ਅਤੇ ਇੱਥੇ ਸ਼ਹੀਦ ਦੁੱਲਾ ਭੱਟੀ ਦਾ ਪੱਗ ਵਾਲਾ ਬੁੱਤ ਵੀ ਸਥਾਪਿਤ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਨਿਆਂ ਪਸੰਦ ਪਰਉਪਕਾਰੀ ਯੋਗ ਦੁੱਲਾ ਭੱਟੀ ਨੂੰ ਅਕਬਰ ਦੀ ਫ਼ੌਜ ਨੇ ਧੋਖੇ ਨਾਲ ਗ੍ਰਿਫਤਾਰ ਕਰਕੇ 26 ਮਾਰਚ 1589 ਨੂੰ ਲਾਹੌਰ ਦੇ ਮਹੱਲਾ ਨੱਖਾਸ ਵਿੱਚ ਫਾਂਸੀ ਦੇ ਤਖਤੇ ‘ਤੇ ਲਟਕਾ ਦਿੱਤਾ ਸੀ। ਇਸੇ ਕਰਕੇ ਲੋਹੜੀ ਰਾਤ ਗਾਏ ਜਾਂਦੇ ਗੀਤ ਵਿੱਚ ਇਸ ਦੀ ਝਲਕ ਮਿਲਦੀ ਹੈ ਜਿਵੇ:-
ਸੁੰਦਰੀਏ ਮੁੰਦਰੀਏ ਹੈ, ਤੇਰਾ ਕੌਣ ਵਿਚਾਰਾ ਹੈ,
ਦੁੱਲਾ ਭੱਟੀ ਵਾਲਾ ਹੈ, ਦੁੱਲੇ ਦੀ ਧੀ ਵਿਆਹੀ ਹੈ,
ਸੇਰ ਸ਼ੱਕਰ ਪਾਈ ਹੈ।
ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਉਸੇ ਤਰ੍ਹਾਂ ਲੋਹੜੀ ਦਾ ਰੂਪ ਵੀ ਬਦਲਦਾ ਜਾ ਰਿਹਾ ਹੈ। ਜੇਕਰ ਪੱਚੀ ਤੀਹ ਵਰ੍ਹੇ ਪਹਿਲਾਂ ਮਨਾਈ ਜਾਣ ਵਾਲੀ ਲੋਹੜੀ ਦੇ ਰੂਪ ਵੱਲ ਨਜ਼ਰ ਮਾਰੀਏ ਤਾਂ ਜ਼ਮੀਨ ਅਸਮਾਨ ਦਾ ਫ਼ਰਕ ਨਜ਼ਰੀ ਪੈਣ ਲੱਗਦਾ ਹੈ। ਪੱਚੀ ਤੀਹ ਵਰ੍ਹੇ ਪਹਿਲਾਂ ਮਨਾਈ ਜਾਣ ਵਾਲੀ ਲੋਹੜੀ ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਲੋਹੜੀ ਤੋਂ 15-20 ਦਿਨ ਪਹਿਲਾਂ ਹੀ ਲੜਕੇ-ਲੜਕੀਆਂ ਟੋਲੀਆਂ ਬਣਾ ਕੇ ਇੱਕ-ਦੂਸਰੇ ਦੇ ਗਲੀ ਮੁਹੱਲੇ ਵਿੱਚ ਲੋਹੜੀ ਮੰਗਣ ਲਈ ਜਾਂਦੇ ਸਨ ਅਤੇ ਇੱਕ ਪਿਆਰ ਭਰਿਆ ਗੀਤ ਗਾਉਂਦੇ ਸਨ। ਜਿਸ ਦੇ ਬੋਲ ਸਨ:-
ਦੇ ਨੀ ਮਾਏ ਲੋਹੜੀ, ਤੇਰਾ ਪੁੱਤ ਚੜੂਗਾ ਘੋੜੀ।
ਘੋੜੀ ਚੜ ਕੇ ਤੀਰ ਚਲਾਇਆ, ਤੀਰ ਵੱਜਿਆ ਤਿੱਤਰ ਦੇ।
ਤਿੱਤਰ ਕਰਦਾ ਚੂੰ-ਚੂੰ, ਚਾਰ ਕੁ ਦਾਨੇ ਖਿੱਲਾ ਦੇ।
ਅਸੀਂ ਪਾਥੀ ਲੈ ਕੇ ਹਿੱਲਾਂਗੇ ਅਸੀਂ ਪਾਥੀ ਲੈ ਕੇ।
ਜਾਂ ਫਿਰ
”ਦੇ ਨੀ ਮਾਏ ਲੋਹੜੀ, ਤੇਰੀ ਜੀਵੇ ਜੋੜੀ
ਜਦੋਂ ਕਿਸੇ ਦੇ ਘਰ ਵਾਲੇ ਤੋਂ ਥੋੜ੍ਹੀ ਬਹੁਤ ਦੇਰ ਹੋ ਜਾਂਦੀ ਤਾਂ ਟੋਲੀ ਆਪਣਾ ਦੂਸਰਾ ਗੀਤ ਗਾਉਂਦੀ ਜਿਵੇਂ:-
”ਸਾਡੇ ਪੈਰਾਂ ਹੇਠ ਰੋਡ, ਮਾਈ ਸਾਨੂੰ ਛੇਤੀ ਤੋਰ”।
ਕਈ ਵਾਰ ਕੋਈ ਘਰ ਕਈ-ਕਈ ਵਾਰ ਦਰਵਾਜਾ ਖੜਕਾਉਣ ਦੇ ਬਾਵਜ਼ੂਦ ਵੀ ਦਰਵਾਜਾ ਨਹੀਂ ਸੀ ਖੋਲ੍ਹਦਾ ਤਾਂ ਟੋਲੀ ਉਸ ਘਰ ਨੂੰ ਇੱਕ ਮਿੱਠਾ ਜਿਹਾ ਤਾਨਾ ਵੀ ਦੇ ਜਾਂਦੀ ਸੀ ਜਿਵੇਂ:-
”ਕੋਠੇ ਉੱਤੇ ਹੁੱਕਾ, ਇਹ ਘਰ ਭੁੱਖਾ।”
ਇਹਨਾਂ ਟੋਲੀਆਂ ਦੇ ਮਿੱਠੇ ਤੇ ਪਿਆਰ ਬੋਲ ਚੇਤੇ ਕਰ ਅੱਜ ਵੀ ਕੰਨਾਂ ਵਿੱਚ ਮਿਸ਼ਰੀ ਘੁਲ ਜਾਂਦੀ ਹੈ। ਉਹ ਸਮਾਂ ਕੁੱਝ ਅਜਿਹਾ ਸੀ ਕਿ ਘਰ ਆਈ ਟੋਲੀ ਨੂੰ ਕੋਈ ਵੀ ਖਾਲੀ ਨਹੀਂ ਸੀ ਮੋੜਦਾ ਹੁੰਦਾ। ਇਹ ਟੋਲੀਆਂ ਘਰ ਵਿੱਚੋਂ ਮੰਗੀਆਂ ਗਈਆਂ ਪਾਥੀਆਂ ਅਤੇ ਹੋਰ ਸਮਾਨ ਇੱਕ ਘਰ ਵਿੱਚ ਜਮ੍ਹਾ ਕਰ ਲੈਂਦੇ ਸਨ ਅਤੇ ਲੋਹੜੀ ਦੀ ਰਾਤ ਵੱਡਿਆਂ ਦੀ ਰਾਇ ਨਾਲ ਸਾਰੇ ਸਮਾਨ ਨੂੰ ਇੱਕ ਸਾਂਝੀ ਥਾਂ ‘ਤੇ ਰੱਖ ਕੇ ਅੱਗ ਲਗਾ ਦਿੱਤੀ ਜਾਂਦੀ ਅਤੇ ਸਮੁੱਚੇ ਗਲੀ-ਮੁਹੱਲੇ ਵਾਲੇ ਦੇਰ ਰਾਤ ਤੱਕ ਲੋਹੜੀ ਦਾ ਅਨੰਦ ਮਾਣਦੇ। ਕਈ ਪਿੰਡਾਂ ਵਿੱਚ ਤਾਂ ਅੱਜ ਵੀ ਇਹ ਸਾਂਝ ਥੋੜ੍ਹੀ ਬਹੁਤ ਦੇਖਣ ਨੂੰ ਮਿਲ ਜਾਂਦੀ ਹੈ ਪਰ ਸ਼ਹਿਰਾਂ ਵਿੱਚ ਤਾਂ ਲੋਹੜੀ ਸਿਰਫ਼ ਰਸਮ ਬਣ ਕੇ ਰਹਿ ਗਈ ਹੈ।
ਪੁਰਾਣੇ ਸਮੇਂ ਵਿੱਚ ਲੋਹੜੀ ਤੋਂ ਪਹਿਲਾਂ ਭੱਠੀ ਉੱਪਰ ਮੱਕੀ ਦੇ ਦਾਣੇ, ਬਾਜਰਾ, ਛੋਲੇ ਤੇ ਮੂੰਗਫਲੀ ਭੁੰਨਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ। ਉਸ ਸਮੇਂ ਔਰਤਾਂ ਬਾਹਰੀ ਚੀਜ਼ਾਂ ਨੂੰ ਬਹੁਤ ਘੱਟ ਤਵੱਜੋਂ ਦਿੰਦੀਆਂ ਸਨ। ਗੁੜ ਦੀ ਗੱਚਕ, ਤਿਲ ਦੀਆਂ ਪਿੰਨੀਆਂ ਅਤੇ ਮੱਕੀ ਦੀਆਂ ਖਿੱਲਾਂ ਨੂੰ ਗੁੜ ਵਿੱਚ ਭੁੰਨ ਕੇ ਬਣਾਏ ”ਭੂਤ ਪਿੰਨੇ” ਜਦੋਂ ਯਾਦ ਆਉਂਦੇ ਹਨ ਤਾਂ ਉਸ ਮਾਂ ਦੇ ਬਹੁਤ ਯਾਦ ਆਉਂਦੇ ਹਨ ਜੋ ਆਪਣੇ ਹੱਥੀਂ ਤਿਆਰ ਕਰ ਦਿੰਦੀ ਸੀ।
ਭਾਵੇਂ ਲੋਹੜੀ ਦਾ ਤਿਉਹਾਰ ਹਰ ਘਰ ਅੰਦਰ ਮਨਾਇਆ ਜਾਂਦਾ ਹੈ, ਪ੍ਰੰਤੂ ਜਿਸ ਘਰ ਪੁੱਤਰ ਦਾ ਜਨਮ ਹੋਇਆ ਹੋਵੇ ਜਾਂ ਫ਼ਿਰ ਕਿਸੇ ਲੜਕੇ ਦਾ ਨਵੀਂ ਸ਼ਾਦੀ ਹੋਈ ਹੋਵੇ, ਉਸ ਘਰ ਲੋਹੜੀ ਦਾ ਰੰਗ ਅੱਜ ਵੀ ਵੱਖਰਾ ਹੀ ਹੁੰਦਾ ਹੈ ਅਤੇ ਪਹਿਲਾਂ ਵੀ ਵੱਖਰਾ ਹੁੰਦਾ ਸੀ। ਭਾਵੇਂ ਕਿ ਮੌਜ਼ੂਦਾ ਸਮੇਂ ਵਿੱਚ ਪੁਰਾਤਨ ਲੋਹੜੀ ਦੇ ਰੰਗ ਬਹੁਤ ਘੱਟ ਦਿਖਾਈ ਦਿੰਦੇ ਹਨ, ਪਰ ਮੌਜ਼ੂਦਾ ਸਮੇਂ ਵਿੱਚ ਲੜਕਿਆਂ ਦੀ ਤਰ੍ਹਾਂ ਲੜਕੀਆਂ ਦੀ ਮਨਾਈ ਜਾਣ ਲੱਗੀ ਲੋਹੜੀ ਨੇ ਸਦੀਆਂ ਤੋਂ ਚੱਲੀ ਆ ਰਹੀ ਲੜਕੇ-ਲੜਕੀ ਵਿਚਲੀ ਬਣੀ ਭੇਦ ਭਾਵ ਵਾਲੀ ਸੋਚ ਨੂੰ ਖ਼ਤਮ ਕਰਨ ਦੀ ਪਈ ਨਵੀਂ ਪਿਰਤ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸ਼ੁਭ ਸੰਕੇਤ ਹੈ। ਖੁਦਾ ਸਭ ਨੂੰ ਸੱਤਬੁੱਧੀ ਦੇਵੇ ਉਹ ਬੀਤੇ ਪਲ ਮੁੜ੍ਹ ਪਿਰਤ ਆਉਣ ਫਿਰ ਤੋਂ ਗਲੀਆਂ ਵਿੱਚ ਉਹ ਰਸਭਿੰਨੇ ਗੀਤ ਗਾਉਣ, ਆਪਸੀ ਭਾਈਚਾਰਕ ਸਾਂਝ ਵਧੇ ਤੇ ਸਮੁੱਚੇ ਦੇਸ਼ ਵਾਸੀ ਸਾਂਝੀਆਂ ਥਾਵਾਂ ‘ਤੇ ਲੋਹੜੀ ਦੀ ਨਿੱਘ ਤੇ ਮਿਠਾਸ ਮਾਨਣ।