ਨਵੀਂ ਦਿੱਲੀ (ਏਜੰਸੀ)। ਮਹਾਂਰਾਸ਼ਟਰ ਸਰਕਾਰ ਨੇ ਸੋਹਰਾਬੁਦੀਨ ਸ਼ੇਖ ਮੁਕਾਬਲਾ ਕਾਂਡ ਦੇ ਟਰਾਇਲ ਜੱਜ ਬੀਐੱਚ ਲੋਆ ਦੀ ਮੌਤ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਸਮੇਤ ਹੋਰਨਾਂ ਸਾਰੇ ਦਸਤਾਵੇਜ਼ ਸੁਪਰੀਮ ਕੋਰਟ ਨੂੰ ਸੌਂਪ ਦਿੱਤੇ। ਮਹਾਂਰਾਸ਼ਟਰ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਜਸਟਿਸ ਅਰੁਣ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੀ ਦੋ ਮੈਂਬਰੀ ਬੈਂਚ ਨੂੰ ਸੀਲਬੰਦ ਲਿਫਾਫੇ ‘ਚ ਸਾਰੇ ਸਬੰਧਿਤ ਦਸਤਾਵੇਜ਼ ਸੌਂਪ ਦਿੱਤੇ। ਜਸਟਿਸ ਮਿਸ਼ਰਾ ਨੇ ਸ੍ਰੀ ਸਾਲਵੇ ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਇੱਕ ਕਾਪੀ ਪਟੀਸ਼ਨਕਰਤਾਵਾਂ ਨੂੰ ਦੇਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਤੇ ਉਨ੍ਹਾਂ (ਪਟੀਸ਼ਨਕਰਤਾਵਾਂ ਨੂੰ) ਸਭ ਕੁਝ ਪਤਾ ਹੋਣਾ ਚਾਹੀਦਾ ਹੈ।
ਸ੍ਰੀ ਸਾਲਵੇ ਨੇ ਹਾਲਾਂਕਿ ਬੈਂਚ ਨੂੰ ਕਿਹਾ ਕਿ ਕੁਝ ਗੁਪਤ ਰੱਖਣ ਦੀ ਲੋੜ ਹੈ ਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਦਸਤਾਵੇਜ਼ ਮੀਡੀਆ ਦੇ ਹੱਥ ਨਾ ਲੱਗਣ। ਅਦਾਲਤ ਨੇ ਮਾਮਲੇ ਦੀ ਸੁਣਵਾਈ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ, ਹਾਲਾਂਕਿ ਇਸ ਦੇ ਲਈ ਕੋਈ ਨਿਸ਼ਚਿਤ ਤਾਰੀਕ ਤੈਅ ਨਹੀਂ ਕੀਤੀ। ਅਦਾਲਤ ਬੀਐੱਚ ਲੋਆ ਦੀ ਮੌਤ ਦੀ ਐਸਆਈਟੀ ਜਾਂਚ ਸਬੰਧੀ ਦੋ ਪਟੀਸ਼ਨਾਂ ਦੀ ਸਾਂਝੇ ਤੌਰ ‘ਤੇ ਸੁਣਵਾਈ ਕਰ ਰਿਹਾ ਹੈ। ਇੱਕ ਪਟੀਸ਼ਨ ਮਹਾਂਰਾਸ਼ਟਰ ਨੂੰ ਪੱਤਰਕਾਰ ਬੰਧੂਰਾਜ ਸੰਭਾਜੀ ਲੋਨ ਨੇ ਅਤੇ ਦੂਜੀ ਸਮਾਜਿਕ ਕਾਰਜਕਰਤਾ ਤਹਿਸੀਨ ਪੂਨਾਵਾਲਾ ਨੇ ਦਾਖਲ ਕੀਤੀ ਹੈ। ਸੋਹਰਾਬੁਦੀਨ ਸ਼ੇਖ ਤੇ ਉਸਦੀ ਪਤਨੀ ਕੌਸਰ ਬੀ ਦੀ ਕਥਿੱਤ ਫਰਜ਼ੀ ਮੁਕਾਬਲੇ ‘ਚ ਹੋਏ ਕਤਲ ਨਾਲ ਸਬੰਧਿਤ ਮਾਮਲੇ ਨੂੰ 2012 ‘ਚ ਸੁਪਰੀਮ ਕੋਰਟ ਦੇ ਆਦੇਸ਼ ‘ਤੇ ਮਹਾਂਰਾਸ਼ਟਰ ਟਰਾਂਸਫਰ ਕਰ ਦਿੱਤਾ ਗਿਆ ਸੀ। ਸ੍ਰੀ ਲੋਆ ਨੇ ਉਸ ਮਾਮਲੇ ਦੀ ਸੁਣਵਾਈ ਕੀਤੀ ਸੀ ਉਨ੍ਹਾਂ ਦੀ ਮੌਤ ਨਵੰਬਰ 2014 ‘ਚ ਹੋ ਗਈ ਸੀ।