ਬਚਾਅ ਅਭਿਆਨ ਦੇ ਮੁਖੀ ਨੇ ਦਿੱਤੀ ਜਾਣਕਾਰੀ
ਚਿਆਂਗ ਰਾਈ, (ਏਜੰਸੀ)। ਥਾਈਲੈਂਡ ਦੇ ਉਤਰੀ ਪ੍ਰਾਂਤ ਚਿਆਂਗ ਰਾਈ ਦੀ ਗੁਫਾ ‘ਚ ਪਿਛਲੇ ਦੋ ਹਫਤੇ ਤੋਂ ਫਸੇ 12 ਬੱਚਿਆਂ ਅਤੇ ਉਹਨਾਂ ਦੇ ਕੋਚ ਨੂੰ ਕੱਢਣ ਲਈ ਬਚਾਅ ਦਲ ਕੋਲ ਭਾਰੀ ਬਾਰਸ਼ ਆਉਣ ਤੋਂ ਪਹਿਲਾਂ ‘ਸੀਮਤ ਸਮਾਂ’ ਬਚਿਆ ਹੈ। ਬਚਾਅ ਅਭਿਆਨ ਦੇ ਮੁਖੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਅਭਿਆਨ ਦੇ ਮੁਖੀ ਚਿਆਂਗ ਰਾਈ ਦੇ ਗਵਰਨਰ ਨਾਰੋਂਗਸਕ ਅੋਸਾਤਾਨਾਕੋਰਨ ਨੇ ਅੱਧੀ ਰਾਤ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋਂ ਮਹੱਤਵਪੂਰਨ ਬਿੰਦੂ ਇਹ ਹੈ ਕਿ ਬਾਰਸ਼ ਪਤਾ ਨਹੀਂ ਕਦੋਂ ਫਿਰ ਤੋਂ ਸ਼ੁਰੂ ਹੋ ਜਾਵੇ। ਇਸ ਲਈ ਸਾਡੇ ਕੋਲ ਸੀਮਤ ਸਮਾਂ ਹੈ। (Chiang Rai News)
ਗੋਤਾਖੋਰ ਦੀ ਮੌਤ ਤੋਂ ਬਾਅਦ ਚਿਤਾਵਨੀ ਜਾਰੀ | Chiang Rai News
ਉਹਨਾ ਕਿਹਾ ਕਿ ਉਹ ਖਤਰੇ ਨੂੰ ਘੱਟ ਕਰਨਾ ਚਾਹੁੰਦੇ ਹਨ। ਗੁਫਾ ਅੰਦਰ ਆਕਸੀਜਨ ਦਾ ਡਿਗਦਾ ਪੱਧਰ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਸ਼ੁੱਕਰਵਾਰ ਨੂੰ ਬਚਾਅ ਅਭਿਆਨ ਦੌਰਾਨ ਥਾਈਲੈਂਡ ਦੇ ਗੋਤਾਖੋਰ ਦੀ ਮੌਤ ਤੋਂ ਬਾਅਦ ਅਭਿਆਨ ਦਲ ਦੇ ਮੁਖੀ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ। ਬਚਾਅ ਅਭਿਆਨ ‘ਚ ਥਾਈਲੈਂਡ ਦੀ ਜਲ ਸੈਨਾ, ਫੌਜ, ਪੁਲਿਸ ਅਤੇ ਸਵੈ ਸੇਵਕ ਦਿਨ ਰਾਤ ਬਾਰਸ਼ ਦੇ ਬਾਅਫ ਗੁਫਾ ‘ਚ ਭਰਿਆ ਪਾਣੀ ਕੱਢਣ ‘ਚ ਜੁਟੇ ਹੋਏ ਹਨ। ਗੁਫਾ ‘ਚ ਫਸੇ ਫੁੱਟਬਾਲ ਟੀਮ ਦੇ ਮੈਂਬਰ ਬੱਚਿਆਂ ਦੀ ਉਮਰ 11 ਤੋਂ 16 ਸਾਲ ਦੇ ਵਿਚਕਾਰ ਹੈ। ਇਹ ਸਾਰੇ ਤੈਰਨਾ ਨਹੀਂ ਜਾਣਦੇ, ਇਸ ਲਈ ਇਹਨਾਂ ਨੂੰ ਗੁਫਾ ਦੇ ਤੰਗ, ਡੂੰਘੇ ਅਤੇ ਕਿੱਚੜ ਭਰੇ ਰਸਤੇ ‘ਚ ਤੈਰਨਾ ਸਿਖਾਇਆ ਜਾ ਰਿਹਾ ਹੈ।
ਬਚਾਅ ਦਲ ਕੋਲ ਗੁਫਾ ‘ਚ ਫਸੇ ਬੱਚਿਆਂ ਨੂੰ ਸੁਰੱਖਿਅਤ ਕਢਣ ਲਈ ਸੀਮਤ ਬਦਲ ਹਨ ਜਾਂ ਤਾਂ ਬਚਾਅ ਦਲ ਬੱਚਿਆਂ ਨੂੰ ਆਕਸੀਜਨ ਦੀ ਸਪਲਾਈ ਜਾਰੀ ਰੱਖਦੇ ਹੋਏ ਚਾਰ ਮਹੀਨੇ ਤੱਕ ਮਾਨਸੂਨ ਖ਼ਤਮ ਹੋਣ ਦਾ ਇੰਤਜਾਰ ਕਰੇ ਜਾਂ ਫਿਰ ਪਹਾੜ ਨੂੰ ਸੈਂਕੜੇ ਮੀਟਰ ਕੱਟ ਕੇ ਉਸ ‘ਚ ਸੁਰਾਗ ਬਣਾ ਕੇ ਬੱਚਿਆਂ ਨੂੰ ਬਾਹਰ ਕੱਢਣ ਦਾ ਯਤਨ ਕਰੇ। ਜਿਕਰਯੋਗ ਹੈ ਕਿ ਬੱਚੇ 23 ਜੂਨ ਨੂੰ ਫੁੱਟਬਾਲ ਦਾ ਮੈਚ ਖੇਡਣ ਤੋਂ ਬਾਅਦ ਗੁਫਾ ਦੇਖਣ ਗਏ ਸਨ ਅਤੇ ਬਾਰਸ਼ ਦੇ ਬਾਅਦ ਗੁਫਾ ‘ਚ ਪਾਣੀ ਭਰਨ ਅਤੇ ਪ੍ਰਵੇਸ਼ ਦੁਆਰ ਬੰਦ ਹੋਣ ਤੋਂ ਬਾਅਦ ਬੱਚੇ ਗੁਫਾ ‘ਚ ਫਸ ਗਏ।