ਸਕੂਲਾਂ ’ਚ ਲਾਜ਼ਮੀ ਤੌਰ ’ਤੇ ਲਾਗੂ ਹੋਵੇ ‘ਲਾਈਫ਼ ਸਕਿੱਲ ਐਜੂਕੇਸ਼ਨ’ : ਪੰਜਾਬੀ ਯੂਨੀਵਰਸਿਟੀ ਦੀ ਖੋਜ ਦਾ ਸੁਝਾਅ

Life Skills Education
ਪਟਿਆਲਾ : ਖੋਜਾਰਥੀ ਮਨਮੀਤ ਕੌਰ ਅਤੇ ਨਿਗਰਾਨ ਨੈਨਾ ਸ਼ਰਮਾ।

ਅੱਲੜ੍ਹ ਅਵਸਥਾ ਵਿੱਚ ਬੱਚਿਆਂ ਦੇ ਜੋਖ਼ਮ ਸੰਭਾਵਿਤ ਸੁਭਾਅ ਵਿੱਚ ਸੋਧ ਲਈ ਅਜਿਹੀ ਸਿੱਖਿਆ ਲਾਹੇਵੰਦ

(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੇ ਆਪਸੀ ਸੰਬੰਧ ਠੀਕ ਨਾ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਹਾਲਾਤ ਸੁਖਾਵੇਂ ਨਹੀਂ, ਉਨ੍ਹਾਂ ਪਰਿਵਾਰਾਂ ਦੇ ਅੱਲੜ੍ਹ ਅਵਸਥਾ ਵਿੱਚ ਵਿਚਰ ਰਹੇ ਬੱਚੇ ਜੋਖ਼ਮ ਸੰਭਾਵਿਤ ਹਿੰਸਕ ਕਿਸਮ ਦੇ ਸੁਭਾਅ ਦਾ ਸ਼ਿਕਾਰ ਹੋ ਜਾਂਦੇ ਹਨ। (Life Skills Education) ਪੰਜਾਬੀ ਯੂਨੀਵਰਸਿਟੀ ਦੇ ਦੂਰਵਰਤੀ ਸਿੱਖਿਆ ਵਿਭਾਗ ਦੇ ਮਨੋਵਿਗਿਆਨ ਵਿਭਾਗ ਦੀ ਖੋਜਾਰਥੀ ਮਨਮੀਤ ਕੌਰ ਵੱਲੋਂ ਡਾ. ਨੈਨਾ ਸ਼ਰਮਾ ਦੀ ਅਗਵਾਈ ਵਿੱਚ ਕੀਤੇ ਗਏ ਖੋਜ ਕਾਰਜ ਦੌਰਾਨ ਅਜਿਹੇ ਨਤੀਜੇ ਸਾਹਮਣੇ ਆਏ ਹਨ।

500 ਵਿਦਿਆਰਥੀਆਂ ਉੱਤੇ ਕੀਤਾ ਗਿਆ ਤਜ਼ਰਬਾ

ਖੋਜਾਰਥੀ ਮਨਮੀਤ ਕੌਰ ਨੇ ਦੱਸਿਆ ਕਿ ਇਸ ਖੋਜ ਕਾਰਜ ਅਧੀਨ ਪਟਿਆਲਾ ਦੇ ਵੱਖ-ਵੱਖ ਖੇਤਰਾਂ ਵਿੱਚੋਂ 15 ਤੋਂ 18 ਸਾਲ ਦੀ ਉਮਰ ਦੇ ਕੁੱਲ 946 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ। ਗਿਆਰ੍ਹਵੀਂ ਅਤੇ ਬਾਹਰਵੀਂ ਜਮਾਤ ਦੇ ਇਨ੍ਹਾਂ ਵਿਦਿਆਰਥੀਆਂ ਵਿੱਚ 444 ਲੜਕੇ ਅਤੇ 502 ਲੜਕੀਆਂ ਸ਼ਾਮਿਲ ਸਨ। ਮਨੋਵਿਗਿਆਨਕ ਨਜ਼ਰੀਏ ਨਾਲ ਬਣਾਏ ਤਕਨੀਕੀ ਕਿਸਮ ਦੇ ਸਵਾਲਾਂ ਰਾਹੀਂ ਇਨ੍ਹਾਂ ਸਾਰੇ ਵਿਦਿਆਰਥੀਆਂ ਦੀ ਮਨੋ ਅਵਸਥਾ ਅਤੇ ਵਰਤੋਂ ਵਿਹਾਰ ਸੰਬੰਧੀ ਅੰਕੜੇ ਜੁਟਾਏ ਗਏ ਜਿਨ੍ਹਾਂ ਦਾ ਇਸ ਖੋਜ ਰਾਹੀਂ ਵਿਸ਼ਲੇਸ਼ਣ ਕੀਤਾ ਗਿਆ।

ਇਹ ਵੀ ਪੜ੍ਹੋ : ਕਬਾੜ ਦੀ ਦੁਕਾਨ ਨੂੰ ਲੱਗੀ ਅੱਗ

ਇਸ ਵਿਸ਼ਲੇਸ਼ਣ ਦੇ ਅਧਾਰ ਉੱਤੇ ਬਹੁਤ ਸਾਰੇ ਨਤੀਜੇ ਸਾਹਮਣੇ ਆਏ। ਇਨ੍ਹਾਂ ਵਿੱਚੋਂ 500 ਵਿਦਿਆਰਥੀਆਂ ਦੀ ਮਨੋ ਅਵਸਥਾ ਬਾਰੇ ਇਹ ਤੱਥ ਉੱਭਰ ਕੇ ਸਾਹਮਣੇ ਆਏ ਕਿ ਉਹ ਜੋਖ਼ਮ ਲੈਣ ਵਾਲੇ ਹਿੰਸਕ ਕਿਸਮ ਦੇ ਸੁਭਾਅ (ਹੈਲਥ ਰਿਸਕ ਟੇਕਿੰਗ ਬਿਹੇਵੀਅਰ) ਦਾ ਸ਼ਿਕਾਰ ਹਨ। ਡਾ. ਨੈਨਾ ਸ਼ਰਮਾ ਨੇ ਦੱਸਿਆ ਕਿ ਖੋਜ ਨਤੀਜਿਆਂ ਅਨੁਸਾਰ ਇਸ ਸਥਿਤੀ ਦਾ ਸਭ ਤੋਂ ਵੱਡਾ ਕਾਰਨ ਇਹ ਉੱਭਰ ਕੇ ਸਾਹਮਣੇ ਆਇਆ ਕਿ ਪਰਿਵਾਰਾਂ ਵਿਚਲੀ ਟੁੱਟ-ਭੱਜ,ਲੜਾਈ ਕਲੇਸ਼ ਵਾਲੇ ਹਾਲਾਤ, ਤਣਾਅ ਆਦਿ ਕਿਸ਼ੋਰ ਉਮਰ ਦੇ ਬੱਚਿਆਂ ਉੱਪਰ ਸਿੱਧੇ ਤੌਰ ਉੱਤੇ ਅਸਰਅੰਦਾਜ਼ ਹੁੰਦੇ ਹਨ।

Life Skills Education
ਪਟਿਆਲਾ : ਖੋਜਾਰਥੀ ਮਨਮੀਤ ਕੌਰ ਅਤੇ ਨਿਗਰਾਨ ਨੈਨਾ ਸ਼ਰਮਾ।

’ਲਾਈਫ਼ ਸਕਿੱਲ ਐਜੂਕੇਸ਼ਨ’ ਦਾ ਪ੍ਰਬੰਧ ਹੋਣਾ ਬਹੁਤ ਲਾਜ਼ਮੀ ਹੈ (Life Skills Education)

ਅਜਿਹੀ ਮਨੋਅਵਸਥਾ ਵਿੱਚ ਉਹ ਵੱਖ-ਵੱਖ ਕਿਸਮ ਦੇ ਹਿੰਸਾ ਸੰਭਾਵਿਤ ਵਰਤਾਉ, ਜਿਵੇਂ ਕਿ ਵਾਹਨ ਤੇਜ਼ ਚਲਾਉਣਾ, ਡਰੱਗਜ਼ ਦੀ ਵਰਤੋਂ ਕਰਨਾ, ਸਾਥੀਆਂ ਨਾਲ ਚਿੜਚਿੜਾ ਜਾਂ ਲੜਾਈ ਵਾਲਾ ਵਰਤਾਉ ਰੱਖਣਾ, ਸਵੇਰ ਦਾ ਖਾਣਾ ਨਾ ਖਾਣਾ, ਸਿਹਤ ਬਾਰੇ ਖਿਆਲ ਨਾ ਰੱਖਣਾ, ਹੈਲਮਟ ਨਾ ਪਾਉਣ ਦਾ ਜੋਖ਼ਮ ਲੈਣਾ ਆਦਿ ਅਣਗਹਿਲੀਆਂ ਭਰੇ ਵਿਹਾਰ ਦੀ ਗਿ੍ਰਫ਼ਤ ਵਿੱਚ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇੱਕ ਚੰਗਾ ਪੱਖ ਇਹ ਸਾਹਮਣੇ ਆਇਆ ਕਿ ਇਨ੍ਹਾਂ 500 ਬੱਚਿਆਂ ਨੂੰ ਜਦੋਂ ਅਗਲੇ ਪੜਾਅ ਦੌਰਾਨ ’ਲਾਈਫ਼ ਸਕਿੱਲ ਐਜੂਕੇਸ਼ਨ’ ਦਿੱਤੀ ਗਈ ਤਾਂ ਇਨ੍ਹਾਂ ਦੇ ਅਜਿਹੇ ਵਿਹਾਰ ਵਿੱਚ ਬਹੁਤ ਸਾਰਾ ਨਿਖਾਰ ਵੇਖਣ ਨੂੰ ਮਿਲਿਆ।

ਅਜਿਹੇ ਨਤੀਜਿਆਂ ਦੇ ਅਧਾਰ ਉੱਤੇ ਇਹ ਖੋਜ ਸਿਫ਼ਾਰਿਸ਼ ਕਰਦੀ ਹੈ ਕਿ ਸਕੂਲ ਵਿੱਚ ’ਲਾਈਫ਼ ਸਕਿੱਲ ਐਜੂਕੇਸ਼ਨ’ ਦਾ ਪ੍ਰਬੰਧ ਹੋਣਾ ਬਹੁਤ ਲਾਜ਼ਮੀ ਹੈ ਤਾਂ ਕਿ ਮਾਨਸਿਕ ਸਿਹਤ ਨਾਲ ਜੁੜੀਆਂ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਉਹ ਭਵਿੱਖ ਵਿੱਚ ਮਾਨਸਿਕ ਤੌਰ ਉੱਤੇ ਸਿਹਤਮੰਦ ਇਨਸਾਨ ਵਜੋਂ ਸਮਾਜ ਵਿੱਚ ਵਿਚਰ ਸਕਣ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਇਸਖੋਜ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਮਾਨਸਿਕ ਸਿਹਤ ਦਾ ਮਸਲਾ ਸਮਾਜ ਵਿੱਚ ਮਹੱਤਵ ਗ੍ਰਹਿਣ ਕਰ ਰਿਹਾ ਹੈ ਅਤੇ ਸੰਸਾਰ ਭਰ ਦੇ ਮਾਹਿਰ ਇਸ ਦਿਸ਼ਾ ਵਿੱਚ ਪਹਿਲਤਾ ਦੇ ਅਧਾਰ ਉੱਤੇ ਕੰਮ ਕਰ ਰਹੇ ਹਨ ਤਾਂ ਅਜਿਹੀਆਂ ਖੋਜਾਂ ਵੱਡਾ ਮਹੱਤਵ ਰਖਦੀਆਂ ਹਨ।