ਲੋਕਾਂ ਵਿੱਚ ਸੋਗ ਤੇ ਗੁੱਸੇ ਦੀ ਲਹਿਰ, ਥਾਂ-ਥਾਂ ਲਾਏ ਜਾਮ
ਸੰਗਰੂਰ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਗੁਰਪ੍ਰੀਤ/ਕਰਮ/ਖੁਸ਼ਪ੍ਰੀਤ/ਕ੍ਰਿਸ਼ਨ/ਜੀਵਨ
ਸੁਨਾਮ, ਊਧਮ ਸਿੰਘ ਵਾਲਾ, 11 ਜੂਨ
ਆਖ਼ਿਰ ਛੇ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਚੱਲ ਰਹੀ ਜ਼ੋਰਦਾਰ ਖਿੱਚਾ-ਧੂਹ ‘ਚ ਜ਼ਿੰਦਗੀ ਹਾਰ ਗਈ ਤੇ ਮੌਤ ਨੇ 2 ਸਾਲਾ ਦੇ ਫਤਹਿਵੀਰ ਸਿੰਘ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਫਤਹਿਵੀਰ ਆਪਣੇ ਮਾਂ-ਪਿਓ, ਚਾਹੁਣ ਵਾਲਿਆਂ, ਰਿਸ਼ਤੇਦਾਰਾਂ ਤੇ ਲੋਕਾਂ ਤੋਂ ਸਦਾ ਲਈ ਦੂਰ ਚਲਿਆ ਗਿਆ। 6 ਜੂਨ ਤੋਂ ਪਿੰਡ ਭਗਵਾਨਪੁਰਾ ਦਾ ਛੋਟਾ ਜਿਹਾ ਬੱਚਾ ਫਤਹਿਵੀਰ ਸਿੰਘ ਆਪਣੇ ਘਰ ਦੇ ਸਾਹਮਣੇ ਬਣੇ 140 ਫੁੱਟ ਡੂੰਘੇ ਬੋਰ ਵਿੱਚ ਡਿੱਗ ਪਿਆ ਸੀ, ਜਿਸ ਨੂੰ ਬਚਾਉਣ ਲਈ ਛੇ ਦਿਨ ਜ਼ੋਰਦਾਰ ਕੋਸ਼ਿਸ਼ਾਂ ਹੋਈਆਂ ਪਰ ਆਖ਼ਿਰ 11 ਜੂਨ ਦੀ ਸਵੇਰ 5:15 ਦੇ ਕਰੀਬ ਉਸ ਨੂੰ ਰੱਸੀਆਂ ਰਾਹੀਂ ਬੋਰਵੈੱਲ ਵਿੱਚੋਂ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਫਤਹਿਵੀਰ ਸਿੰਘ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਫੁਰਤੀ ਨਾਲ ਉਸ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਪਰ ਪੀਜੀਆਈ ਦੇ ਡਾਕਟਰਾਂ ਨੇ ਫਤਹਿਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਫਤਹਿਵੀਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਚਾਰੇ ਪਾਸੇ ਸੰਨਾਟਾ ਫੈਲ ਗਿਆ ਕਿਉਂਕਿ ਪਿਛਲੇ 6 ਦਿਨਾਂ ਤੋਂ ਦੇਸ਼-ਵਿਦੇਸ਼ ਤੋਂ ਲੋਕ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਇਸ ਘਟਨਾ ਤੇ ਕੇਂਦਰਿਤ ਹੋਏ ਬੈਠੇ ਸਨ।
ਫਤਹਿਵੀਰ ਸਿੰਘ ਦੇ ਮੌਤ ਦੇ ਖ਼ਬਰ ਸੁਣਦਿਆਂ ਹੀ ਲੋਕਾਂ ਨੇ ਸੰਗਰੂਰ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਦਿਨ ਚੜ੍ਹਦੇ ਲੋਕ ਧਰਨਿਆਂ ਤੇ ਬੈਠਣ ਲੱਗੇ। ਪਤਾ ਲੱਗਿਆ ਹੈ ਕਿ ਸੁਨਾਮ-ਮਾਨਸਾ ਰੋਡ ‘ਤੇ ਲੋਕਾਂ ਨੇ ਪੱਕਾ ਧਰਨਾ ਲਾ ਦਿੱਤਾ। ਦੂਜੇ ਪਾਸੇ ਸੰਗਰੂਰ-ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਬਡਰੁੱਖਾਂ ਅਤੇ ਬਰਨਾਲਾ ਨੇੜਲੇ ਪਿੰਡ ਧਨੌਲਾ ਵਿਖੇ ਆਵਾਜਾਈ ਜਾਮ ਕਰ ਦਿੱਤੀ। ਲੋਕਾਂ ਨੇ ਸਰਕਾਰ ਤੋਂ ਫਤਹਿਵੀਰ ਦੀ ਮੌਤ ਦਾ ਜਵਾਬ ਮੰਗਣ ਲਈ ਫਤਹਿਵੀਰ ਇਨਸਾਫ਼ ਸੰਘਰਸ਼ ਕਮੇਟੀ ਦਾ ਗਠਨ ਕਰਕੇ ਸਮੁੱਚੇ ਪੰਜਾਬ ਵਿੱਚ ਬੰਦ ਦੀ ਕਾਲ ਦੇ ਦਿੱਤੀ।
ਉੱਧਰ ਦੂਜੇ ਪਾਸੇ ਸੰਗਰੂਰ ਪ੍ਰਸ਼ਾਸਨ ਆਪਣੀ ਖੱਲ ਬਚਾਉਣ ਲਈ ਮੀਡੀਆ ਨੂੰ ਗੋਲ ਮੋਲ ਗੱਲਾਂ ਦਾ ਜਵਾਬ ਦੇ ਰਿਹਾ ਹੈ। ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਫਤਹਿਵੀਰ ਸਿੰਘ ਨੂੰ ਬਚਾਉਣ ਦੀ ਹਰ ਪੱਧਰ ‘ਤੇ ਕੋਸ਼ਿਸ਼ ਕੀਤੀ ਪਰ ਉਹ ਬਚਾ ਨਹੀਂ ਸਕੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਫਤਹਿਵੀਰ ਸਿੰਘ ਨੂੰ ਪੁਰਾਣੇ ਬੋਰਵੈੱਲ ਵਿੱਚੋਂ ਕੱਢਿਆ ਗਿਆ, ਜਿਸ ਵਿੱਚ ਉਹ ਫਸਿਆ ਹੋਇਆ ਸੀ ਜਾਂ ਜਿਹੜਾ 5 ਦਿਨ ਲਾ ਕੇ ਨਵਾਂ ਪੁੱਟਿਆ ਗਿਆ ਸੀ, ਉਸ ਵਿੱਚੋਂ ਕੱਢਿਆ ਗਿਆ ? ਤਾਂ ਡੀਸੀ ਇਸ ਗੱਲ ਦਾ ਗੋਲ ਮੋਲ ਜਵਾਬ ਦੇ ਗਏ। ਇਹ ਵੀ ਪਤਾ ਲੱਗਿਆ ਕਿ ਫਤਹਿਵੀਰ ਸਿੰਘ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਸੁਨਾਮ ਭੇਜਣ ਦੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ ਕੁਝ ਹੀ ਸਮੇਂ ਬਾਅਦ ਫਤਹਿ ਨੂੰ ਉਸ ਦੇ ਜੱਦੀ ਪਿੰਡ ਭਗਵਾਨਪੁਰਾ ਵਿਖੇ ਲਿਆਂਦਾ ਜਾਵੇਗਾ ਜਿੱਥੇ ਉਸ ਦਾ ਅੰਤਮ ਸਸਕਾਰ ਕਰਿਆ ਜਾਵੇਗਾ।
ਫਤਹਿਵੀਰ ਦੇ ਦਾਦਾ ਰੋਹੀ ਸਿੰਘ ਵੱਲੋਂ ਸ਼ਾਂਤੀ ਦੀ ਅਪੀਲ
ਫਤਹਿਵੀਰ ਸਿੰਘ ਦੇ ਦਾਦਾ ਸ: ਰੋਹੀ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕੁਦਰਤ ਨੂੰ ਜੋ ਮਨਜ਼ੂਰ ਸੀ, ਉਹ ਹੋ ਗਿਆ ਪਰ ਫਤਹਿ ਦੇ ਨਾਂਅ ‘ਤੇ ਧਰਨੇ ਤੇ ਜਾਮ ਲਾ ਕੇ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਫਤਹਿਵੀਰ ਨੂੰ ਬਾਹਰ ਕੱਢਣ ਵਿੱਚ ਜਿਨ੍ਹਾਂ ਨੇ ਵੀ ਸਾਡਾ ਸਹਿਯੋਗ ਕੀਤਾ, ਉਨ੍ਹਾਂ ਦਾ ਅਸੀਂ ਸਮੁੱਚੇ ਪਰਿਵਾਰ ਵੱਲੋਂ ਧੰਨਵਾਦ ਵੀ ਕਰਦੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।